11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਰੇਲਵੇ ਵਲੋਂ ਡਰਾਇੰਗ ਪਾਸ ਕਰਨ ਦੇ ਸਿਰਫ਼ ਦੋ ਦਿਨਾਂ ਅੰਦਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਟੈਂਡਰ ਪ੍ਰਕਾਸ਼ਿਤ ਕਰਵਾਇਆ - ਚੇਅਰਮੈਨ ਦਲਵੀਰ ਸਿੰਘ ਢਿੱਲੋਂ

ਅਜੀਤ ਡੈਸਕ 01-02-2026
ਧੂਰੀ, 31 ਜਨਵਰੀ (ਧਾਂਦਰਾ, ਭੁੱਲਰ) - ਧੂਰੀ ਹਲਕਾ ਵਾਸੀਆਂ ਲਈ ਅੱਜ ਦਾ ਦਿਨ ਇਤਿਹਾਸਕ ਹੋ ਨਿੱਬੜਿਆ ਜਦੋਂ ਦਹਾਕਿਆਂ ਤੋਂ ਲਟਕ ਰਹੀ ਧੂਰੀ ਰੇਲਵੇ ਓਵਰ ਬਰਿੱਜ ਦੀ ਮੰਗ ਨੂੰ ਪੂਰਾ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੇ ਰੇਲਵੇ ਵਲੋਂ ਓਵਰ ਬਰਿੱਜ ਦੀ ਡਰਾਇੰਗ ਮਨਜ਼ੂਰ ਹੋਣ ਦੇ ਕੇਵਲ ਦੋ ਦਿਨਾਂ ਅੰਦਰ ਹੀ ਟੈਂਡਰ ਪ੍ਰਕਾਸ਼ਿਤ ਕਰਵਾ ਕੇ ਇਹ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਸਰਕਾਰ ਲੋਕ ਹਿਤ ਦੇ ਪ੍ਰੋਜੈਕਟਾਂ ਨੂੰ ਲੈ ਕੇ ਪੂਰੀ ਤਰ੍ਹਾਂ ਤਿਆਰ ਅਤੇ ਵਚਨਬੱਧ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਨਿਗਮ ਦੇ ਚੇਅਰਮੈਨ ਸ. ਦਲਵੀਰ ਸਿੰਘ ਢਿੱਲੋਂ ਨੇ ਕਿਹਾ ਕਿ ਭਾਵੇਂ ਵਿਰੋਧੀ ਧਿਰ ਵਲੋਂ ਇਸ ਪ੍ਰੋਜੈਕਟ ਵਿਚ ਰੁਕਾਵਟਾਂ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਦੂਰਅੰਦੇਸ਼ੀ, ਮਜ਼ਬੂਤ ਇਰਾਦੇ ਅਤੇ ਅਣਥੱਕ ਯਤਨਾਂ ਸਦਕਾ ਅੱਜ ਧੂਰੀ ਵਾਸੀਆਂ ਦਾ ਸੁਪਨਾ ਸਾਕਾਰ ਹੋਣ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਰੇਲਵੇ ਓਵਰ ਬਰਿੱਜ ਲਈ ਸਾਰੀ ਤਿਆਰੀ ਪਹਿਲਾਂ ਹੀ ਮੁਕੰਮਲ ਕਰ ਲਈ ਗਈ ਸੀ, ਜਿਸ ਕਾਰਨ ਟੈਂਡਰ ਪ੍ਰਕਿਰਿਆ ਨੂੰ ਦਿਨਾਂ ਦੀ ਥਾਂ ਘੰਟਿਆਂ ਵਿਚ ਅਗਲੇ ਪੜਾਅ 'ਤੇ ਲਿਆਂਦਾ ਗਿਆ | ਉਨ੍ਹਾਂ ਕਿਹਾ ਕਿ ਪੰਜਾਬ ਇਨਫ਼ਰਾਸਟਰਕਚਰ ਡਿਵੈਲਪਮੈਂਟ ਬੋਰਡ ਵਲੋਂ ਇਸ ਮਹੱਤਵਪੂਰਨ ਪ੍ਰੋਜੈਕਟ ਲਈ 54.76 ਕਰੋੜ ਰੁਪਏ ਦੀ ਰਕਮ ਪਹਿਲਾਂ ਹੀ ਰਿਜ਼ਰਵ ਰੱਖੀ ਗਈ ਹੈ, ਜੋ ਸਰਕਾਰ ਦੀ ਗੰਭੀਰਤਾ ਅਤੇ ਸਮੇਂ-ਸਿਰ ਕੰਮ ਮੁਕੰਮਲ ਕਰਨ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ | ਉਨ੍ਹਾਂ ਦੱਸਿਆ ਕਿ ਜੰਗਲਾਤ ਵਿਭਾਗ, ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਅਤੇ ਜਲ ਸਰੋਤ ਵਿਭਾਗ ਸਮੇਤ ਸਾਰੇ ਸਬੰਧਿਤ ਵਿਭਾਗਾਂ ਤੋਂ ਲੋੜੀਂਦੀਆਂ ਮਨਜ਼ੂਰੀਆਂ ਪ੍ਰਾਪਤ ਕੀਤੀਆਂ ਜਾ ਚੁੱਕੀਆਂ ਹਨ | ਇਸ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਵਿਚ ਜਮ੍ਹਾ ਕਰਵਾਈ ਜਾਣ ਵਾਲੀ ਰਕਮ ਅਤੇ ਜ਼ਮੀਨ ਤਬਦੀਲੀ ਦੀ ਪ੍ਰਕਿਰਿਆ ਵੀ ਪੂਰੀ ਕੀਤੀ ਜਾ ਚੁੱਕੀ ਹੈ | ਉਨ੍ਹਾਂ ਕਿਹਾ ਕਿ ਟੈਂਡਰ ਭਰਨ ਦੀ ਆਖ਼ਰੀ ਮਿਤੀ 17 ਫਰਵਰੀ ਹੈ ਅਤੇ ਫਰਵਰੀ ਮਹੀਨੇ ਦੌਰਾਨ ਹੀ ਟੈਂਡਰ ਪ੍ਰਕਿਰਿਆ ਪੂਰੀ ਕਰ ਲਈ ਜਾਵੇਗੀ | ਉਨ੍ਹਾਂ ਜਾਣਕਾਰੀ ਦਿੱਤੀ ਕਿ ਇਹ ਰੇਲਵੇ ਓਵਰ ਬਰਿੱਜ ਬਾਗੜੀਆਂ ਚੌਂਕ ਨੇੜੇ ਮਹਾਂਵੀਰ ਮੰਦਰ ਕੋਲੋਂ ਸ਼ੁਰੂ ਹੋ ਕੇ ਧੂਰੀ ਬਾਈਪਾਸ 'ਤੇ ਜਾ ਕੇ ਉੱਤਰੇਗਾ | ਇਹ ਪੁਲ ਸ਼ੇਰੋ ਡਿਸਟ੍ਰੀਬਿਊਟਰ ਡਰੇਨ ਤੋਂ ਲੰਘੇਗਾ ਅਤੇ ਰਾਜਪੁਰਾ-ਬਠਿੰਡਾ ਅਤੇ ਧੂਰੀ-ਲੁਧਿਆਣਾ ਰੇਲਵੇ ਲਾਈਨਾਂ ਨੂੰ ਕਵਰ ਕਰੇਗਾ | ਇਸ ਨਾਲ ਧੂਰੀ ਬਾਈਪਾਸ 'ਤੇ ਟਰੈਫ਼ਿਕ ਦੀ ਸਮੱਸਿਆ ਨੂੰ ਵੀ ਵੱਡੀ ਰਾਹਤ ਮਿਲੇਗੀ | ਉਨ੍ਹਾਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਇਸ ਪੁਲ ਦੇ ਬਣਨ ਨਾਲ ਧੂਰੀ ਵਾਸੀਆਂ ਨੂੰ ਵੱਡੀ ਰਾਹਤ ਮਿਲੇਗੀ | ਰੇਲਵੇ ਫਾਟਕਾਂ 'ਤੇ ਲੱਗਣ ਵਾਲੇ ਲੰਬੇ ਜਾਮ ਤੋਂ ਸਥਾਈ ਛੁਟਕਾਰਾ ਮਿਲੇਗਾ ਅਤੇ ਵਪਾਰਕ, ਉਦਯੋਗਿਕ ਤੇ ਸਮਾਜਿਕ ਵਿਕਾਸ ਨੂੰ ਨਵਾਂ ਉਤਸ਼ਾਹ ਪ੍ਰਾਪਤ ਹੋਵੇਗਾ | ਉਨ੍ਹਾਂ ਦੁਹਰਾਇਆ ਕਿ ਪੰਜਾਬ ਸਰਕਾਰ ਧੂਰੀ ਦੇ ਸਰਬਪੱਖੀ ਵਿਕਾਸ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਲੋਕ ਹਿਤਾਂ ਨਾਲ ਕਿਸੇ ਵੀ ਕੀਮਤ 'ਤੇ ਸਮਝੌਤਾ ਨਹੀਂ ਕੀਤਾ ਜਾਵੇਗਾ |

ਪਿਛਲੀ ਖ਼ਬਰ ਕੈਨੇਡਾ ਭੱਜੇ ਦੋ ਦੋਸ਼ੀਆਂ ਨੂੰ ਅਦਾਲਤ ਨੇ ਕੀਤਾ ਭਗੌੜਾ ਕਰਾਰ ਅਗਲੀ ਖ਼ਬਰ ਐਸ.ਪੀ. ਛਿੱਬਰ ਦੀ ਅਗਵਾਈ ਹੇਠ ਪੁਲਿਸ ਨੇ ਬੱਸ ਸਟੈਂਡਾਂ ਦੀ ਬਰੀਕੀ ਨਾਲ ਲਈ ਤਲਾਸ਼ੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।