ਸੰਗਰੂਰ, 13 ਫਰਵਰੀ (ਦਮਨਜੀਤ ਸਿੰਘ) - ਸੰਗਰੂਰ ਤੋਂ ਆਮ ਆਦਮੀ ਪਾਰਟੀ ਦੀ ਮੌਜੂਦਾ ਵਿਧਾਇਕਾ ਨਰਿੰਦਰ ਕੌਰ ਭਰਾਜ ਵਲੋਂ ਬੀਤੀ ਕੱਲ੍ਹ ਭਾਰਤੀ ਜਨਤਾ ਪਾਰਟੀ ਉੱਤੇ ਲਗਾਏ ਗੰਭੀਰ ਇਲਜ਼ਾਮਾਂ ਦਾ ਅੱਜ ਭਾਜਪਾ ਦੀ ਸਥਾਨਕ ਲੀਡਰਸ਼ਿਪ ਵਲੋਂ ਜਵਾਬ ਦੇਣ ਦੇ ਨਾਲ-ਨਾਲ ਵਿਧਾਇਕਾ ਭਰਾਜ ਨੂੰ ਇੱਕ ਹਫ਼ਤੇ ਦਾ ਅਲਟੀਮੈਂਟਮ ਵੀ ਦੇ ਦਿੱਤਾ ਗਿਆ | ਸਥਾਨਕ ਭਾਜਪਾ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੀਨੀਅਰ ਭਾਜਪਾ ਆਗੂ ਅਮਨਦੀਪ ਸਿੰਘ ਪੂਨੀਆ, ਰਣਦੀਪ ਸਿੰਘ ਦਿਓਲ, ਸਰਜੀਵਨ ਜਿੰਦਲ ਅਤੇ ਹੋਰਨਾਂ ਨੇ ਕਿਹਾ ਕਿ ਵਿਧਾਇਕਾ ਭਰਾਜ ਵਲੋਂ ਦਾਅਵਾ ਕੀਤਾ ਗਿਆ ਹੈ ਕਿ ਗੁਆਂਢੀ ਸੂਬੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਉਨ੍ਹਾਂ ਨੂੰ ਸੰਗਰੂਰ ਦੇ ਹੀ ਇੱਕ ਭਾਜਪਾ ਆਗੂ ਰਾਹੀਂ ਪੇਸ਼ਕਸ਼ ਭੇਜੀ ਹੈ ਕਿ ਜੇਕਰ ਉਹ (ਵਿਧਾਇਕ ਭਰਾਜ) ਭਾਜਪਾ ਵਿਚ ਸ਼ਾਮਲ ਹੋ ਜਾਂਦੇ ਹਨ ਤਾਂ ਪਾਰਟੀ ਉਨ੍ਹਾਂ ਨੂੰ ਆਗਾਮੀ ਵਿਧਾਨ ਸਭਾ ਚੋਣਾਂ ਵਿਚ ਸੰਗਰੂਰ ਤੋਂ ਟਿਕਟ ਦੇਣ ਦੇ ਨਾਲ-ਨਾਲ ਉਨ੍ਹਾਂ ਦੀਆਂ ਹੋਰ ਮੰਗਾਂ ਵੀ ਪੂਰੀਆਂ ਕਰੇਗੀ ਅਤੇ ਇਸ ਸਭ ਲਈ ਮੁੱਖ ਮੰਤਰੀ ਸੈਣੀ ਨਾਲ ਬੰਦ ਕਮਰਾ ਮੀਟਿੰਗ ਵਿਚ ਫ਼ੈਸਲਾ ਲਿਆ ਜਾਵੇਗਾ | ਭਾਜਪਾ ਆਗੂਆਂ ਨੇ ਕਿਹਾ ਕਿ ਵਿਧਾਇਕਾ ਭਰਾਜ ਵਲੋਂ ਇਹ ਸਾਰਾ ਡਰਾਮਾ ਆਪਣੀ ਹੀ ਆਮ ਆਦਮੀ ਪਾਰਟੀ ਵਿਚ ਹਮਦਰਦੀ ਹਾਸਲ ਕਰਨ ਲਈ ਕੀਤਾ ਗਿਆ ਹੈ ਕਿਉਂਕਿ ਸੰਗਰੂਰ ਅੰਦਰ ਵਿਧਾਇਕਾ ਦਾ ਸਿਆਸੀ ਗਰਾਫ਼ ਬੁਰੀ ਤਰ੍ਹਾਂ ਨਾਲ ਡਿੱਗ ਚੁੱਕਾ ਹੈ ਅਤੇ ਵਿਧਾਇਕਾ ਨੂੰ ਇਹ ਖ਼ਤਰਾ ਹੈ ਕਿ ਉਨ੍ਹਾਂ ਦੀ ਪਾਰਟੀ 2027 ਵਿਚ ਉਨ੍ਹਾਂ ਦੀ ਟਿਕਟ ਕੱਟ ਸਕਦੀ ਹੈ | ਇਸ ਲਈ ਉਨ੍ਹਾਂ ਨੇ ਭਾਜਪਾ ਦਾ ਨਾਂਅ ਵਰਤ ਕੇ ਆਪ ਵਿਚ ਆਪਣੀ ਦਿੱਖ ਉੱਚੀ ਚੁੱਕਣ ਦੀ ਕੋਸ਼ਿਸ਼ ਕੀਤੀ ਗਈ ਹੈ | ਭਾਜਪਾ ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੱਲੋਂ ਇਹ ਸਪਸ਼ਟ ਕਰ ਦਿੱਤਾ ਗਿਆ ਹੈ ਕਿ ਨਾ ਤਾਂ ਉਹ ਭਰਾਜ ਨੂੰ ਜਾਣਦੇ ਹਨ ਅਤੇ ਨਾ ਹੀ ਉਸ ਦੇ ਹਲਕੇ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਹੈ | ਭਾਜਪਾ ਆਗੂਆਂ ਨੇ ਵਿਧਾਇਕਾ ਭਰਾਜ ਨੂੰ ਇੱਥੋਂ ਤਕ ਕਹਿ ਦਿੱਤਾ ਕਿ ਕਿਰਪਾ ਕਰ ਕੇ ਭਰਾਜ ਆਪਣੀ ਪਾਰਟੀ ਵਿਚ ਹਮਦਰਦੀ ਖੱਟਣ ਲਈ ਭਾਜਪਾ ਦੀ ਲੀਡਰਸ਼ਿਪ ਨੂੰ ਬਦਨਾਮ ਨਾ ਕਰੇ ਕਿਉਂਕਿ ਭਰਾਜ ਵਰਗੀ ਨਿਕੰਮੀ ਲੀਡਰ ਦੀ ਭਾਜਪਾ ਨੂੰ ਕੋਈ ਲੋੜ ਨਹੀਂ ਹੈ | ਭਾਜਪਾ ਆਗੂਆਂ ਨੇ ਵਿਧਾਇਕਾ ਭਰਾਜ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜਾ ਤਾਂ ਉਹ ਇੱਕ ਹਫ਼ਤੇ ਦੇ ਅੰਦਰ ਅੰਦਰ ਉਸ ਸਥਾਨਕ ਭਾਜਪਾ ਆਗੂ ਦਾ ਨਾਂਅ ਜਨਤਕ ਕਰੇ ਜਾਂ ਫਿਰ ਅਦਾਲਤ ਵਿਚ ਜਾਣ ਲਈ ਤਿਆਰ ਰਹੇ | ਉਨ੍ਹਾਂ ਕਿਹਾ ਕਿ ਜੇਕਰ ਉਕਤ ਆਗੂ ਦਾ ਨਾਂਅ ਇੱਕ ਹਫ਼ਤੇ ਦੇ ਅੰਦਰ ਅੰਦਰ ਜਨਤਕ ਨਾ ਕੀਤਾ ਗਿਆ ਤਾਂ ਭਾਜਪਾ ਭਰਾਜ ਦੇ ਘਰ ਅੱਗੇ ਧਰਨਾ ਪ੍ਰਦਰਸ਼ਨ ਵੀ ਕਰੇਗੀ ਅਤੇ ਇਸ ਮਾਮਲੇ ਨੂੰ ਮਾਣਯੋਗ ਅਦਾਲਤ ਵਿਚ ਵੀ ਲਿਜਾਇਆ ਜਾਵੇਗਾ | ਇਸ ਮੌਕੇ ਸਚੀਨ ਭਾਰਦਵਾਜ, ਪ੍ਰਦੀਪ ਗਰਗ ਅਤੇ ਗੁੱਗੂ ਤੂਰ ਆਦਿ ਭਾਜਪਾ ਆਗੂ ਵੀ ਮੌਜੂਦ ਸਨ |