ਸੰਦੌੜ, 13 ਫਰਵਰੀ (ਗੁਰਪ੍ਰੀਤ ਸਿੰਘ ਚੀਮਾ) - ਅਕਾਲ ਓਲਡ ਸਾਈਕਲ ਸੰਸਥਾ ਪਿੰਡ ਮਾਣਕੀ ਵਲੋਂ ਨਸ਼ਿਆਂ ਦੇ ਖ਼ਾਤਮੇ ਲਈ ਸਾਈਕਲ ਜਾਗਰੂਕਤਾ ਰੈਲੀ ਦਾ ਆਯੋਜਨ ਕੀਤਾ ਗਿਆ | ਮੁੱਖ ਪ੍ਰਬੰਧਕ ਬਲਜੀਤ ਸਿੰਘ ਨੇ ਦੱਸਿਆ ਕਿ ਨੌਜਵਾਨਾਂ ਨੂੰ ਖੇਡਾਂ ਖ਼ਾਸਕਰ ਸਾਈਕਲ ਵੱਲ ਪ੍ਰੇਰਿਤ ਕਰਨ ਤੇ ਨਸ਼ਿਆਂ ਤੋਂ ਦੂਰ ਰੱਖਣ ਲਈ ਇਸ ਰੈਲੀ ਦਾ ਆਯੋਜਨ ਕੀਤਾ ਗਿਆ | ਇਹ ਰੈਲੀ ਪਿੰਡ ਮਾਣਕੀ ਤੋਂ ਸਵੇਰੇ ਸ਼ੁਰੂ ਹੋਈ ਉਸ ਤੋਂ ਬਾਅਦ ਪਿੰਡ ਪੰਜਗਰਾਈਆਂ, ਪਿੰਡ ਕੁਠਾਲਾ, ਪਿੰਡ ਸ਼ੇਰਗੜ੍ਹ ਚੀਮਾ, ਖ਼ੁਰਦ, ਸੰਦੌੜ, ਕਸਬਾ ਭਰਾਲ ਹੁੰਦੀ ਹੋਈ ਵਾਪਸ ਕਰੀਬ 25 ਕਿੱਲੋਮੀਟਰ ਦਾ ਸਫ਼ਰ ਤਹਿ ਕਰਦੀ ਹੋਈ ਪਿੰਡ ਮਾਣਕੀ ਵਿਖੇ ਆਕੇ ਸਮਾਪਤ ਹੋਈ | ਲੋਕਾਂ ਵੱਲੋਂ ਥਾਂ-ਥਾਂ ਰੈਲੀ ਦਾ ਭਰਵਾਂ ਸਵਾਗਤ ਕੀਤਾ ਗਿਆ | ਰੈਲੀ ਦੀ ਸਮਾਪਤੀ ਤੇ ਸਨਮਾਨ ਸਮਾਰੋਹ ਕੀਤਾ ਗਿਆ | ਰੈਲੀ ਵਿਚ ਭਾਗ ਲੈਣ ਵਾਲੇ ਸਾਈਕਲ ਸਵਾਰਾਂ ਨੂੰ ਮੈਡਲ ਤੇ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਖੇਡ ਜਗਤ ਅਤੇ ਸਾਈਕਲ ਜਗਤ ਦੀਆਂ ਸ਼ਖ਼ਸੀਅਤਾਂ ਪਿੰਕਾ ਜਰਗ, ਘੁੱਦਾ ਸਿੰਘ, ਰਮਨ ਅਬਲੂ, ਸਿਕੰਦਰ ਗਿੱਲ ਸਮੇਤ ਹੋਰ ਹਸਤੀਆਂ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਪੰਚ ਸੁਖਦੇਵ ਸਿੰਘ ਮਾਣਕੀ, ਨੰਬਰਦਾਰ ਭਗਵਾਨ ਸਿੰਘ, ਮਨਜੀਤ ਸੈਦੋਕੇ, ਰਾਜਿੰਦਰ ਘਣੀਆਂ, ਰਾਜੇਸ਼ ਰਿਖੀ, ਚਮਕੌਰ ਸਿੰਘ, ਮੁਹੰਮਦ ਰਾਸ਼ਿਦ, ਗੈਰੀ ਤੂਰ, ਕੰਵਲ ਸਿੰਘ ਸ਼ੇਰਗੜ੍ਹ, ਨਿਰਮਲ ਸਿੰਘ, ਸ਼ਿਵਰਾਜ ਸਿੰਘ ਸਮੇਤ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ |