29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-02-2026

ਵੱਡੇ ਘੱਲੂਘਾਰੇ ਦੇ ਮਹਾਨ ਸ਼ਹੀਦਾਂ ਦੀ ਯਾਦ 'ਚ 21 ਪਿੰਡਾਂ 'ਚ ਵਿਸ਼ਾਲ ਨਗਰ ਕੀਰਤਨ ਸਜਾਇਆ

ਨਗਰ ਕੀਰਤਨ ਮਹਿਲ ਕਲਾਂ ਪਹੁੰਚਣ 'ਤੇ ਪੰਜ ਪਿਆਰੇ ਸਾਹਿਬਾਨ ਦਾ ਸਨਮਾਨ ਕਰਨ ਸਮੇਂ ਵੱਖ-ਵੱਖ ਆਗੂ | ਅਜੀਤ ਤਸਵੀਰ <br/> 16-02-2026
ਮਹਿਲ ਕਲਾਂ, 15 ਫਰਵਰੀ (ਅਵਤਾਰ ਸਿੰਘ ਅਣਖੀ)-ਸਿੱਖ ਇਤਿਹਾਸ ਵਿਚ ਅਹਿਮ ਮੁਕਾਮ ਰੱਖਦੇ 1762 ਈਸਵੀ ਦੇ ਵੱਡੇ ਘੱਲੂਘਾਰੇ 'ਚ ਅਹਿਮਦ ਸ਼ਾਹ ਅਬਦਾਲੀ ਦੀਆਂ ਫ਼ੌਜਾਂ ਨਾਲ ਲੋਹਾ ਲੈਂਦਿਆਂ ਸ਼ਹਾਦਤ ਦਾ ਜਾਮ ਪੀ ਗਏ 35 ਹਜ਼ਾਰ ਮਹਾਨ ਸ਼ਹੀਦ ਸਿੰਘਾਂ, ਸਿੰਘਣੀਆਂ ਤੇ ਭੁਜੰਗੀਆਂ ਦੀ ਯਾਦ ਨੂੰ ਸਮਰਪਿਤ ਇਤਿਹਾਸਕ ਗੁਰਦੁਆਰਾ ਸਿੱਧਸਰ ਕਾਲਾਮਲ੍ਹਾ ਸਾਹਿਬ ਪ੍ਰਬੰਧਕ ਕਮੇਟੀ ਦੀ ਦੇਖ-ਰੇਖ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ, ਪੰਜ ਪਿਆਰਿਆਂ ਦੀ ਅਗਵਾਈ ਹੇਠ ਦੋ ਰੋਜ਼ਾ ਸ਼ਹੀਦੀ ਮਾਰਚ, ਨਗਰ ਕੀਰਤਨ ਸਜਾਇਆ | ਇਸ ਮੌਕੇ ਸ: ਜੱਸਾ ਸਿੰਘ ਆਹਲੂਵਾਲੀਆ ਗੁਰਮਤਿ ਸੰਗੀਤ ਵਿਦਿਆਲਾ ਕਾਲਾਮਾਲਾ ਸਾਹਿਬ ਦੇ ਵਿਦਿਆਰਥੀਆਂ ਦੇ ਰਾਗੀ ਜਥਿਆਂ ਨੇ ਕਥਾ ਕੀਰਤਨ ਦੁਆਰਾ ਵੱਡੇ ਘੱਲੂਘਾਰੇ ਦੇ ਮਹਾਨ ਸ਼ਹੀਦਾਂ ਦੀ ਲਾਸਾਨੀ ਕੁਰਬਾਨੀ ਨੂੰ ਸਿੱਜਦਾ ਕੀਤਾ | ਹੈੱਡ ਗ੍ਰੰਥੀ ਭਾਈ ਜਸਵੀਰ ਸਿੰਘ ਮਾਣਕੀ ਨੇ ਦੱਸਿਆ ਕਿ ਸੱਚਖੰਡ ਵਾਸੀ ਸੰਤ ਜਸਵੀਰ ਸਿੰਘ ਖ਼ਾਲਸਾ ਕਾਲਾਮਲ੍ਹਾ ਸਾਹਿਬ (ਮੈਂਬਰ ਸ਼੍ਰੋਮਣੀ ਕਮੇਟੀ) ਵਲੋਂ ਸ਼ੁਰੂ ਕੀਤੀ ਪਰੰਪਰਾ ਅਨੁਸਾਰ ਇਹ ਦੋ ਰੋਜ਼ਾ ਨਗਰ ਕੀਰਤਨ (ਸ਼ਹੀਦੀ ਮਾਰਚ) ਵੱਡੇ ਘੱਲੂਘਾਰੇ ਦੇ ਮਹਾਨ ਸ਼ਹੀਦਾਂ ਦੀ ਪਵਿੱਤਰ ਖ਼ੂਨ ਨਾਲ ਸਿੰਜੀ ਧਰਤੀ ਇਤਿਹਾਸਕ ਗੁਰਦੁਆਰਾ ਸਾਹਿਬ ਸ਼ਹੀਦ ਗੰਜ ਰੋਹੀੜਾ ਤੋਂ ਅਰਦਾਸ ਉਪਰੰਤ ਆਰੰਭ ਹੋ ਕੇ ਇਲਾਕੇ ਦੇ 21 ਪਿੰਡਾਂ 'ਚ ਪੜਾਅ ਵਾਰ ਹੁੰਦਾ ਹੋਇਆ ਵੱਡੇ ਘੱਲੂਘਾਰੇ ਦੇ ਸ਼ਹੀਦਾਂ ਦੀ ਇਤਿਹਾਸਕ ਧਰਤੀ ਕੁਤਬਾ, ਬਾਹਮਣੀਆਂ ਹੁੰਦਾ ਹੋਇਆ ਘੱਲੂਘਾਰੇ ਦੇ ਇਤਿਹਾਸ ਨਾਲ ਸੰਬੰਧਿਤ ਪਿੰਡ ਗਹਿਲ ਦੇ ਗੁਰਦੁਆਰਾ ਸਾਹਿਬ ਭਾਈ ਭਗਤੂਆਣਾ ਵਿਖੇ ਪਹੁੰਚ ਕੇ ਸਮਾਪਤ ਹੋਇਆ | ਵੱਖ-ਵੱਖ ਥਾਵਾਂ ਉਪਰ ਸ਼ਰਧਾਲੂ ਸੰਗਤਾਂ ਨੇ ਪੂਰੀ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ | ਸ਼ਾਮਲ ਸੰਗਤਾਂ ਲਈ ਵੱਖ-ਵੱਖ ਪ੍ਰਕਾਰ ਦੇ ਅਟੁੱਟ ਲੰਗਰ ਵਰਤਾਏ ਗਏ | ਕਮੇਟੀ ਪ੍ਰਧਾਨ ਕੁਲਵੰਤ ਸਿੰਘ ਸੂਮ, ਸਰਪੰਚ ਗੁਰਦੀਪ ਸਿੰਘ ਛਾਪਾ ਨੇ ਸਮੂਹ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਇਸ ਸ਼ਹੀਦੀ ਮਾਰਚ, ਨਗਰ ਕੀਰਤਨ ਦਾ ਮੁੱਖ ਮਨੋਰਥ ਨਵੀਂ ਪਨੀਰੀ, ਨੌਜਵਾਨ ਵਰਗ ਨੂੰ ਵੱਡੀ ਕੁਰਬਾਨੀ ਦੇ ਮਾਲਕ ਵੱਡੇ ਘੱਲੂਘਾਰੇ ਦੇ ਮਹਾਨ ਸੂਰਬੀਰ ਜੋਧਿਆਂ ਦੀ ਲਾਸਾਨੀ ਸ਼ਹਾਦਤ ਬਾਰੇ ਜਾਣੂ ਕਰਵਾ ਕੇ ਗੁਰਸਿੱਖੀ ਨਾਲ ਜੋੜਨਾ ਹੈ | ਉਨ੍ਹਾਂ ਗੁਰਦੁਆਰਾ ਸਿੱਧਸਰ ਕਾਲਾਮਾਲਾ ਸਾਹਿਬ ਛਾਪਾ ਵਿਖੇ 16 ਤੋਂ 18 ਫਰਵਰੀ ਤੱਕ ਹੋ ਰਹੇ ਸਾਲਾਨਾ ਇਕੋਤਰੀ ਸਮਾਗਮਾਂ 'ਚ ਪਰਿਵਾਰਾਂ ਸਮੇਤ ਪਹੁੰਚਣ ਦੀ ਅਪੀਲ ਕੀਤੀ | ਸ਼ਹੀਦੀ ਮਾਰਚ ਨਗਰ ਕੀਰਤਨ ਦੇ ਮਹਿਲ ਕਲਾਂ ਮੁੱਖ ਮਾਰਗ ਉਪਰ ਪਹੁੰਚਣ 'ਤੇ ਸਮੂਹ ਦੁਕਾਨਦਾਰ ਭਾਈਚਾਰੇ, ਪ੍ਰੈੱਸ ਕਲੱਬ ਮਹਿਲ ਕਲਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ | ਇੰਜੀਨੀਅਰ ਜਗਦੀਪ ਸਿੰਘ ਆਸਟੇ੍ਰਲੀਆ ਦੇ ਉੱਦਮ ਸਦਕਾ ਬਲਵਿੰਦਰ ਸਿੰਘ ਵਜੀਦਕੇ, ਗੁਰਪ੍ਰੀਤ ਸਿੰਘ ਅਣਖੀ, ਗੁਰਿੰਦਰ ਸਿੰਘ ਰਾਜਾ ਦੀ ਅਗਵਾਈ ਹੇਠ ਪੰਜ ਪਿਆਰਿਆਂ, ਰਾਗੀ ਜਥਿਆਂ, ਸਮੂਹ ਪ੍ਰਬੰਧਕਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ | ਇਸ ਮੌਕੇ ਸਰਪੰਚ ਗੁਰਦੀਪ ਸਿੰਘ ਛਾਪਾ, ਪ੍ਰਧਾਨ ਕੁਲਵੰਤ ਸਿੰਘ, ਵਿਦਿਆਲਾ ਇੰਚਾਰਜ ਭਾਈ ਗੁਰਜੰਟ ਸਿੰਘ ਛੀਨੀਵਾਲ, ਭਾਈ ਬਲਵੰਤ ਸਿੰਘ, ਪ੍ਰਧਾਨ ਜਗਤਾਰ ਸਿੰਘ ਜੌਹਲ, ਜਥੇਦਾਰ ਗੁਰਮੇਲ ਸਿੰਘ, ਕਰਮਜੀਤ ਸਿੰਘ ਕਰਮਾਂ, ਬਾਬਾ ਗੁਰਦੀਪ ਸਿੰਘ ਕਾਰ ਸੇਵਾ, ਭੋਲਾ ਸਿੰਘ ਛਾਪਾ, ਖ਼ਜ਼ਾਨਚੀ ਬਲਵੀਰ ਸਿੰਘ, ਸੁਖਵਿੰਦਰ ਸਿੰਘ, ਗੁਰਮੇਲ ਸਿੰਘ ਨਾਮਧਾਰੀ, ਜਗਜੀਤ ਸਿੰਘ, ਸ਼ਿੰਗਾਰਾ ਸਿੰਘ, ਭੋਲਾ ਸਿੰਘ ਫ਼ੌਜੀ, ਜਰਨੈਲ ਸਿੰਘ, ਬੁੱਗਰ ਸਿੰਘ, ਸੁਖਦੇਵ ਸਿੰਘ ਸੈਕਟਰੀ, ਭੋਲਾ ਸਿੰਘ ਭੱਠਲ, ਹਰਜੰਟ ਸਿੰਘ ਫ਼ੌਜੀ, ਰਾਜਵਿੰਦਰ ਸਿੰਘ ਬਦੇਸ਼ੇ, ਬਲਦੇਵ ਸਿੰਘ ਚੁਹਾਣਕੇ, ਸਾਹਿਲ ਚੰਨਣਵਾਲ ਤੋਂ ਇਲਾਵਾ ਵੱਡੀ ਗਿਣਤੀ 'ਚ ਸ਼ਰਧਾਲੂ ਸੰਗਤਾਂ ਹਾਜ਼ਰ ਸਨ | ਇਸ ਮੌਕੇ ਸਫ਼ਾਈ ਸੇਵਾ ਕਲੱਬ ਛਾਪਾ ਦੇ ਸੇਵਾਦਾਰ ਨੌਜਵਾਨਾਂ ਨੇ ਸੇਵਾ ਭਾਵਨਾ ਨਾਲ ਜ਼ਿੰਮੇਵਾਰੀ ਨਿਭਾਈ |

ਪਿਛਲੀ ਖ਼ਬਰ ਮੈਸ਼ ਪ੍ਰੋ-ਲਾਈਫ ਹਸਪਤਾਲ ਗਿੱਲ ਵਿਖੇ 75 ਸਾਲਾ ਮਰੀਜ਼ ਦੇ ਦੋਨਾਂ ਗੋਡਿਆਂ ਦਾ ਰੋਬੋਟਿਕ ਨਾਲ ਹੋਇਆ ਸਫਲ ਆਪ੍ਰੇਸ਼ਨ <br... ਅਗਲੀ ਖ਼ਬਰ ਸੁਸਾਇਟੀ ਦੀਆਂ ਚੋਣਾਂ ਲਈ ਸਾਬਕਾ ਪ੍ਰਧਾਨ ਗੁਲਾਬ ਸਿੰਘ ਸਿੱਧੂ ਨੂੰ ਮੁੜ ਤੋਂ ਐਲਾਨਿਆ ਉਮੀਦਵਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।