ਮਲੇਰਕੋਟਲਾ, 17 ਫਰਵਰੀ (ਮੁਹੰਮਦ ਹਨੀਫ਼ ਥਿੰਦ, ਮਨਜਿੰਦਰ ਸਿੰਘ ਸਰੌਦ, ਪਾਰਸ ਜੈਨ) - ਪੰਜਾਬ ਰਾਜ ਹੱਜ ਕਮੇਟੀ ਵਲੋਂ ਅੱਜ ਸਥਾਨਕ ਸਾਗਰ ਰਿਜ਼ੌਰਟ ਵਿਖੇ ਮੱਕਾ-ਮਦੀਨਾ ਦੇ ਪਵਿੱਤਰ ਹੱਜ ਦੇ ਸਫ਼ਰ 'ਤੇ ਜਾਣ ਵਾਲੇ 314 ਹਾਜੀਆਂ ਲਈ ਵਿਸ਼ੇਸ਼ ਟੀਕਾਕਰਨ ਕੈਂਪ ਲਗਾਇਆ ਗਿਆ | ਇਸ ਮੌਕੇ ਮੁੱਖ ਮਹਿਮਾਨ ਵਜੋਂ ਸਥਾਨਕ ਵਿਧਾਇਕ ਡਾ. ਜਮੀਲ ਨੇ ਸ਼ਿਰਕਤ ਕਰਕੇ ਸੰਬੋਧਨ ਕਰਦਿਆਂ ਹੱਜ ਦੇ ਸਫ਼ਰ 'ਤੇ ਜਾਣ ਵਾਲੇ ਸਾਰੇ ਯਾਤਰੀਆਂ ਨੂੰ ਦਿਲੀ ਮੁਬਾਰਕਬਾਦ ਦਿੱਤੀ | ਉਨ੍ਹਾਂ ਕਿਹਾ ਕਿ ਹੱਜ ਇਸਲਾਮ ਦੇ ਅਹਿਮ ਅਰਕਾਨਾਂ 'ਚੋਂ ਇੱਕ ਹੈ ਅਤੇ ਹਰ ਮੁਸਲਮਾਨ ਲਈ ਇਹ ਬੜੀ ਖ਼ੁਸ਼ਕਿਸਮਤੀ ਦੀ ਗੱਲ ਹੈ ਕਿ ਉਸ ਨੰੂ ਇਹ ਮੁਕੱਦਸ ਫ਼ਰਜ਼ ਅਦਾ ਕਰਨ ਦਾ ਮੌਕਾ ਮਿਲਦਾ ਹੈ | ਇਸ ਤੋਂ ਪਹਿਲਾਂ ਮੁਫ਼ਤੀ ਮੁਹੰਮਦ ਖਲੀਲ ਕਾਸਮੀ ਨੇ ਹਾਜੀਆਂ ਨੂੰ ਹੱਜ ਦੇ ਸਫ਼ਰ ਦੌਰਾਨ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਕੈਂਪ ਦੌਰਾਨ ਐਸ.ਐਮ.ਓ. ਡਾਕਟਰ ਸੁਖਵਿੰਦਰ ਸਿੰਘ, ਅਸ਼ਰਫ਼ ਅਬਦੁੱਲਾ, ਕੌਂਸਲਰ ਹਾਜੀ ਮੁਹੰਮਦ ਅਖ਼ਤਰ, ਕੌਂਸਲਰ ਅਸਲਮ ਕਾਲਾ, ਕੌਂਸਲਰ ਮੁਹੰਮਦ ਨਜ਼ੀਰ ਅਤੇ ਸਾਬਕਾ ਪ੍ਰਧਾਨ ਇਕਬਾਲ ਫ਼ੌਜੀ ਸਮੇਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਵੀ ਮੌਜੂਦ ਰਹੀਆਂ | ਉਨ੍ਹਾਂ ਸਭ ਨੇ ਹੱਜ ਯਾਤਰੀਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਹ ਰੂਹਾਨੀ ਸਫ਼ਰ ਇਨਸਾਨ ਦੀ ਜ਼ਿੰਦਗੀ ਵਿਚ ਬੜੀ ਅਹਿਮੀਅਤ ਰੱਖਦਾ ਹੈ ਅਤੇ ਇਸ ਲਈ ਤਿਆਰੀ ਪੂਰੀ ਜ਼ਿੰਮੇਵਾਰੀ ਨਾਲ ਕਰਨੀ ਚਾਹੀਦੀ ਹੈ | ਇਸ ਮੌਕੇ ਹੋਰਨਾਂ ਤੋਂ ਇਲਾਵਾ ਅਲ ਕੁਰਆਨ ਸੁਸਾਇਟੀ, ਜੁਆਇੰਟ ਐਕਸ਼ਨ ਕਮੇਟੀ, ਸਹਾਰਾ ਮੁਸਲਿਮ ਵੈੱਲਫੇਅਰ ਸੁਸਾਇਟੀ ਅਤੇ ਸਿਵਲ ਹਸਪਤਾਲ ਮਲੇਰਕੋਟਲਾ ਦੀ ਟੀਮ ਨੇ ਕੈਂਪ ਨੂੰ ਸਫਲ ਬਣਾਉਣ ਲਈ ਭਰਪੂਰ ਸਹਿਯੋਗ ਕੀਤਾ | ਪ੍ਰਬੰਧਕਾਂ ਵਲੋਂ ਦੱਸਿਆ ਗਿਆ ਕਿ ਅਗਲੇ ਦਿਨਾਂ ਵਿਚ ਵੀ ਹੱਜ ਯਾਤਰੀਆਂ ਦੀ ਸਹੂਲਤ ਲਈ ਲੋੜੀਂਦੀਆਂ ਜਾਣਕਾਰੀਆਂ ਅਤੇ ਸਹਾਇਤਾ ਮੁਹੱਈਆ ਕਰਵਾਈ ਜਾਂਦੀ ਰਹੇਗੀ ਤਾਂ ਜੋ ਉਹ ਆਪਣਾ ਪਵਿੱਤਰ ਸਫ਼ਰ ਆਸਾਨੀ ਨਾਲ ਪੂਰਾ ਕਰ ਸਕਣ |