ਅਹਿਮਦਗੜ੍ਹ, 17 ਫਰਵਰੀ (ਖੇੜਾ, ਪੁਰੀ) - ਆਮ ਆਦਮੀ ਪਾਰਟੀ ਦੇ ਸੰਜੀਵ ਸ਼ਰਮਾ, ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਮਨੋਜ ਸ਼ਰਮਾ ਅਤੇ ਬੱਬੂ ਪੰਡਿਤ ਦੀ ਅਗਵਾਈ ਹੇਠ ਜੈਨ ਸਮਾਧ, ਅਹਿਮਦਗੜ੍ਹ ਵਿਖੇ ਪੰਜਾਬ ਵਪਾਰ ਕਮਿਸ਼ਨ ਦੀ ਸਬ ਡਵੀਜ਼ਨ ਪੱਧਰੀ ਮੀਟਿੰਗ ਆਯੋਜਿਤ ਕੀਤੀ ਗਈ | ਮੀਟਿੰਗ ਵਿੱਚ ਅਮਰਗੜ੍ਹ ਦੇ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ, ਜ਼ਿਲ੍ਹਾ ਵਪਾਰ ਕਮਿਸ਼ਨ ਦੇ ਚੇਅਰਮੈਨ ਆਜ਼ਮ ਦਾਰਾ, ਅਮਰਗੜ੍ਹ ਵਪਾਰ ਕਮਿਸ਼ਨ ਦੇ ਚੇਅਰਮੈਨ ਅਸ਼ਵਨੀ ਕੁਮਾਰ, ਈ.ਟੀ.ਓ. ਨਛੱਤਰ ਸਿੰਘ, ਈ.ਟੀ.ਓ. ਸੁਨੀਲ, ਡੀ.ਐਸ.ਪੀ. ਸੁਖਦੇਵ ਸਿੰਘ ਬਰਾੜ, ਡਰੱਗ ਇੰਸਪੈਕਟਰ ਨਵਪ੍ਰੀਤ ਸਿੰਘ, ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਵੱਡੀ ਗਿਣਤੀ ਵਿੱਚ ਸ਼ਹਿਰ ਦੇ ਵਪਾਰੀ ਮੌਜੂਦ ਸਨ | ਮੀਟਿੰਗ ਵਿੱਚ ਕਰਿਆਨੇ ਐਸੋਸੀਏਸ਼ਨ ਦੇ ਪ੍ਰਧਾਨ ਪ੍ਰਮੋਦ ਗੁਪਤਾ ਨੇ ਵਪਾਰੀਆਂ ਦੀਆਂ ਸਮੱਸਿਆਵਾਂ ਬਾਰੇ ਵਿਸਥਾਰ ਵਿੱਚ ਦੱਸਦਿਆਂ ਕਿਹਾ ਕਿ ਟੀਚਿਆਂ ਨੂੰ ਪੂਰਾ ਕਰਨ ਦੇ ਦਬਾਅ ਹੇਠ ਜੀ.ਐਸ.ਟੀ. ਵਿਭਾਗ ਵਾਧੂ ਟੈਕਸ ਅਦਾ ਕਰਨ ਦੀ ਧਮਕੀ ਦੇ ਰਿਹਾ ਹੈ, ਜਦੋਂ ਕਿ ਛੋਟੇ ਵਪਾਰੀਆਂ ਨੂੰ ਪਹਿਲਾਂ ਹੀ ਆਨਲਾਈਨ ਅਤੇ ਆਧੁਨਿਕ ਵਪਾਰ ਦੁਆਰਾ ਦਿੱਤੀਆਂ ਜਾ ਰਹੀਆਂ ਭਾਰੀ ਛੋਟਾਂ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਵਪਾਰੀਆਂ ਨੇ ਜੀ.ਐਸ.ਟੀ., ਜਾਅਲੀ ਬਿਲਿੰਗ, ਡੁਪਲੀਕੇਟ ਉਤਪਾਦਾਂ ਦੀ ਸ਼ਰੇਆਮ ਵਿਕਰੀ, ਜੀ.ਐਸ.ਟੀ. ਰਿਫੰਡ ਵਿੱਚ ਹੇਰਾਫੇਰੀ, ਛੋਟੇ ਕਾਰੋਬਾਰਾਂ 'ਤੇ 40 ਲੱਖ ਰੁਪਏ ਦੀ ਸੀਮਾ ਦਾ ਦਬਾਅ, ਗੋਦਾਮ ਐਨ.ਓ.ਸੀ. ਮੁੱਦੇ, ਵਧੀ ਹੋਈ ਸਟੈਂਪ ਡਿਊਟੀ ਅਤੇ ਗੈਂਗਸਟਰ ਧਮਕੀਆਂ ਵਰਗੇ ਗੰਭੀਰ ਮੁੱਦੇ ਉਠਾਏ | ਡੁਪਲੀਕੇਟ ਦਵਾਈਆਂ ਅਤੇ ਪਾਬੰਦੀ ਸ਼ੁਦਾ ਉਤਪਾਦਾਂ ਦੀ ਵਿਕਰੀ ਵਿਰੁੱਧ ਵੀ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ | ਦੀ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਸੁਰਿੰਦਰ ਕੁਰੜ ਨੇ ਨਵੀਂ ਅਨਾਜ ਮੰਡੀ ਵਿੱਚ ਕੂੜੇ ਦੇ ਢੇਰ ਅਤੇ ਟਰਾਂਸਫ਼ਰ ਰਜਿਸਟਰੇਸ਼ਨਾਂ ਦੀ ਘਾਟ ਦਾ ਮੁੱਦਾ ਉਠਾਇਆ | ਖਾਲਫੀਡ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਕੁਮਾਰ ਡੱਬੀ, ਰਵਿੰਦਰ ਪੁਰੀ, ਤਿਰਲੋਚਨ ਸਿੰਘ ਚਾਪੜਾ ਆਦਿ ਨੇ ਸਰਬਸੰਮਤੀ ਨਾਲ ਚਿੰਤਾ ਪ੍ਰਗਟ ਕੀਤੀ ਕਿ ਜੇਕਰ ਸਮੱਸਿਆਵਾਂ ਦਾ ਜਲਦੀ ਹੱਲ ਨਾ ਕੀਤਾ ਗਿਆ ਤਾਂ ਕਾਰੋਬਾਰ ਅਤੇ ਰੁਜ਼ਗਾਰ ਦੋਵੇਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਣਗੇ | ਨਗਰ ਕੌਂਸਲ ਦੇ ਪ੍ਰਧਾਨ ਵਿਕਾਸ ਕਿ੍ਸ਼ਨ ਸ਼ਰਮਾ, ਮਾਰਕੀਟ ਕਮੇਟੀ ਦੇ ਚੇਅਰਮੈਨ ਕਮਲਜੀਤ ਸਿੰਘ ਉਭੀ, ਰਾਜਿੰਦਰ ਵਿੱਕੀ, ਸੁਖਵੀਰ ਸਿੰਘ ਮਾਨ, ਹਿਮਾਂਸ਼ੂ ਗੁਪਤਾ ਹਨੀ, ਪੰਕਜ ਕੁਮਾਰ ਅਤੇ ਹੋਰ ਵਪਾਰੀ ਨੇਤਾਵਾਂ ਤੋਂ ਬਿਨਾ ਪਤਵੰਤੇ ਸੱਜਣ ਮੀਟਿੰਗ ਵਿੱਚ ਮੌਜੂਦ ਸਨ | ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਨੇ ਵਪਾਰੀਆਂ ਨੂੰ ਭਰੋਸਾ ਦਿੱਤਾ ਕਿ ਉਠਾਏ ਗਏ ਮੁੱਦਿਆਂ ਨੂੰ ਸਬੰਧਿਤ ਵਿਭਾਗਾਂ ਤੱਕ ਪਹੁੰਚਾ ਕੇ ਹੱਲ ਕਰਨ ਲਈ ਯਤਨ ਕੀਤੇ ਜਾਣਗੇ |