ਮਲੇਰਕੋਟਲਾ, 17 ਫਰਵਰੀ (ਮੁਹੰਮਦ ਹਨੀਫ਼ ਥਿੰਦ) - ਜ਼ਿਲ੍ਹਾ ਪ੍ਰਸ਼ਾਸਨ ਮਲੇਰਕੋਟਲਾ ਅਤੇ ਪੰਜਾਬ ਸਰਕਾਰ ਵਲੋਂ ਕਰਵਾਏ ਗਏ ਤਿੰਨ ਰੋਜ਼ਾ ਸੂਫ਼ੀ ਮੇਲੇ ਅਤੇ ਪੰਜਾਬ ਸਖੀ ਸ਼ਕਤੀ ਮੇਲੇ 'ਚ ਦੇਰ ਰਾਤ ਤੱਕ ਆਪਣੀ ਪੇਸ਼ਕਾਰੀ ਕਰਨ ਤੋਂ ਬਾਅਦ ਦੇਸ਼ ਦੇ ਨਾਮਵਰ ਗਾਇਕ ਕਮਲ ਖ਼ਾਨ ਨੇ ਗੱਲਬਾਤ ਕਰਦਿਆਂ ਮਹਾਂ ਸ਼ਿਵਰਾਤਰੀ ਦੀ ਵਧਾਈ ਦਿੱਤੀ | ਉੱਥੇ ਹੀ ਉਨ੍ਹਾਂ ਕਿਹਾ ਕਿ ਵਿਸ਼ਵ ਭਰ ਵਿਚ 18 ਫਰਵਰੀ ਤੋਂ ਸ਼ੁਰੂ ਹੋਣ ਜਾ ਰਹੇ ਰਮਜ਼ਾਨ-ਉਲ-ਮੁਬਾਰਕ ਦੇ ਪਵਿੱਤਰ ਯਾਨੀ ਕਿ ਰੋਜ਼ਿਆਂ ਦੇ ਮਹੀਨੇ ਦੀ ਦਿਲੀ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਮਲੇਰਕੋਟਲਾ ਦੇ ਸਰਕਾਰੀ ਕਾਲਜ ਤੋਂ ਤਾਲੀਮ ਹਾਸਲ ਕਰਦਿਆਂ ਸੰਗੀਤ ਦੀ ਸਿੱਖਿਆ ਵੀ ਉਸਤਾਦ ਜਨਾਬ ਅਨਿਲ ਕੁਮਾਰ ਭਾਰਤੀ ਕੋਲੋਂ ਲਈ ਸੀ ਜਿਨ੍ਹਾਂ 'ਤੇ ਉਹ ਬਹੁਤ ਮਾਣ ਮਹਿਸੂਸ ਕਰਦੇ ਹਨ | ਕਿਉਂਕਿ ਅੱਜ ਮੈਂ ਉਨ੍ਹਾਂ ਦੀ ਬਦੌਲਤ ਹੀ ਐਨੇ ਵੱਡੇ ਮੁਕਾਮ 'ਤੇ ਪੁੱਜ ਸਕਿਆ ਹਾਂ | ਉਹ ਜਦੋਂ ਵੀ ਮਲੇਰਕੋਟਲੇ ਦੀ ਇਤਿਹਾਸਿਕ ਨਗਰੀ 'ਚ ਆਉਂਦੇ ਹਨ ਤਾਂ ਉਨ੍ਹਾਂ ਨੂੰ ਇੱਥੇ ਦੀ ਆਵਾਮ ਵਲੋਂ ਢੇਰ ਸਾਰੀਆਂ ਦੁਆਵਾਂ ਅਤੇ ਮਣਾ ਮੰੂਹੀਂ ਪਿਆਰ ਅਤੇ ਸਤਿਕਾਰ ਮਿਲਦਾ ਹੈ | ਉਨ੍ਹਾਂ ਰਮਜ਼ਾਨ ਸ਼ਰੀਫ਼ ਦੇ ਸ਼ੁਰੂ ਹੋਣ ਜਾ ਰਹੇ ਪਵਿੱਤਰ ਮਹੀਨੇ 'ਤੇ ਬੋਲਦਿਆਂ ਕਿਹਾ ਕਿ ਅਸੀਂ ਇਸ ਮਹੀਨੇ ਵਿਚ ਅੱਲ੍ਹਾ ਤਾਲਾ ਦੇ ਨਾਂਅ ਦੇ ਰੋਜ਼ੇ ਰੱਖਦੇ ਹਾਂ ਅਤੇ ਇਸ ਪਵਿੱਤਰ ਮਹੀਨੇ ਵਿਚ ਸਾਨੂੰ ਵੱਧ ਤੋਂ ਵੱਧ ਨੇਕੀ ਦੇ ਕੰਮ ਕਰਨੇ ਚਾਹੀਦੇ ਹਨ | ਉਨ੍ਹਾਂ ਨੇ ਸੂਫ਼ੀ ਮੇਲੇ ਦੀ ਸਫਲਤਾ ਲਈ ਮਲੇਰਕੋਟਲਾ ਦੇ ਜ਼ਿਲ੍ਹਾ ਪ੍ਰਸ਼ਾਸਨ, ਪੰਜਾਬ ਸਰਕਾਰ ਅਤੇ ਸਮੂਹ ਪ੍ਰਬੰਧਕਾਂ ਨੂੰ ਮੁਬਾਰਕਬਾਦ ਦਿੱਤੀ |