ਸੰਗਰੂਰ, 18 ਫਰਵਰੀ (ਧੀਰਜ ਪਸੋਰੀਆ)-ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਜ਼ਿਲ੍ਹਾ ਸੰਗਰੂਰ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਕਪਿਆਲ ਦੀ ਪ੍ਰਧਾਨਗੀ ਹੇਠ ਕੀਤੀ ਗਈ ਜਿਸ ਵਿਚ ਵੱਖ-ਵੱਖ ਪਿੰਡਾਂ ਤੋ ਕਿਸਾਨ ਆਗੂ ਸ਼ਾਮਲ ਹੋਏ | ਮੀਟਿੰਗ ਵਿਚ ਕਿਸਾਨੀ ਮੁੱਦਿਆਂ 'ਤੇ ਵਿਚਾਰਾਂ ਕਰਦਿਆਂ ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਭਾਰਤ ਤੇ ਅਮਰੀਕਾ ਦਾ ਵਪਾਰਕ ਸਮਝੌਤਾ ਟਰੰਪ ਦੇ ਦਬਾਅ ਹੇਠ ਕੀਤਾ ਗਿਆ ਹੈ ਇਸ ਸਮਝੌਤੇ ਨਾਲ ਭਾਰਤ ਦੇ ਕਿਸਾਨਾਂ ਨੂੰ ਤੇ ਪੰਜਾਬ ਲਈ ਜ਼ਿਆਦਾ ਵੱਡਾ ਨੁਕਸਾਨ ਹੋਵੇਗਾ | ਕਿਉਂਕਿ ਪੰਜਾਬ ਦਾ ਕਿਸਾਨ ਅਮਰੀਕਾ ਦੇ ਕਿਸਾਨ ਦਾ ਮੁਕਾਬਲਾ ਨਹੀਂ ਕਰ ਸਕਦਾ ਅਮਰੀਕਾ ਆਪਣੇ ਕਿਸਾਨਾਂ ਨੂੰ ਹਰ ਸਾਲ ਲੱਖਾਂ ਡਾਲਰ ਸਬਸਿਡੀਆਂ ਦਿੰਦੀ ਹੈ | ਅਮਰੀਕਾ ਦਾ ਅਨਾਜ, ਦੁੱਧ, ਦਾਲਾਂ, ਸਬਜ਼ੀਆਂ ਤੇ ਹੋਰ ਸਮਾਨ ਬਿਨਾਂ ਟੈਕਸ ਤੋ ਭਾਰਤ ਆਵੇਗਾ ਤੇ ਘੱਟ ਰੇਟ ਤੇ ਬਜਾਰਾ ਵਿਚ ਵਿਕੇਗਾ | ਭਾਰਤ ਦੀ ਸਰਕਾਰ ਪੰਜਾਬ ਨੂੰ ਨਾ ਮਾਤਰ ਸਬਸਿਡੀਆਂ ਦਿੰਦੀ ਹੈ ਆਪਣੇ ਕਿਸਾਨਾਂ ਨੂੰ ਸਬਸਿਡੀਆਂ ਨਾ ਮਿਲਣ ਕਾਰਨ ਕਿਸਾਨਾਂ ਦਾ ਖਰਚਾ ਵੱਧ ਹੋਣ ਕਰ ਕੇ ਘੱਟ ਰੇਟ ਤੇ ਆਪਣਾ ਸਮਾਨ ਨਹੀਂ ਵੇਚ ਸਕਦਾ | ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਨਾਲ ਪੰਜਾਬ ਸਰਕਾਰ ਵੀ ਪੂਰੀ ਤਰ੍ਹਾਂ ਸਹਿਮਤ ਹੈ | ਪੰਜਾਬ ਸਰਕਾਰ ਨੇ ਅਜੇ ਤੱਕ ਬਿਜਲੀ ਸੋਧ ਬਿੱਲ ਦੇ ਖ਼ਿਲਾਫ਼ ਬਿਆਨ ਤੱਕ ਨਹੀਂ ਦਿੱਤਾ ਸਗੋਂ ਜਨਤਕ ਅਦਾਰਿਆਂ ਦੀਆਂ ਜਾਇਦਾਦਾਂ ਵੇਚਣ, ਮਜ਼ਦੂਰਾਂ ਮੁਲਾਜ਼ਮਾਂ ਦੇ ਘੋਲਾਂ ਦੀ ਅਣਦੇਖੀ ਕਰਨ ਅਤੇ ਸੰਘਰਸ਼ੀ ਲੋਕਾਂ ਤੇ ਜਬਰ ਕਰਨ ਦੇ ਰਾਹ ਪਈ ਹੋਈ ਹੈ | ਇਸ ਲਈ ਸਾਰੇ ਜ਼ਿਲਿ੍ਹਆਂ ਵਿਚ 22 ਫਰਵਰੀ ਨੂੰ ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦੇ ਘਰਾਂ ਅੱਗੇ 11 ਵਜੇ ਤੋਂ ਤਿੰਨ ਵਜੇ ਤੱਕ ਧਰਨੇ ਦਿੱਤੇ ਜਾਣਗੇ | ਧਰਨਿਆਂ ਵਾਲੀਆਂ ਥਾਵਾਂ ਸੰਯੁਕਤ ਕਿਸਾਨ ਮੋਰਚੇ ਵਲੋਂ ਜ਼ਿਲਿਆਂ ਦੀਆਂ ਸਾਂਝੀਆਂ ਮੀਟਿੰਗਾਂ ਕਰ ਕੇ ਤੈਅ ਕੀਤੀਆਂ ਜਾਣਗੀਆਂ | ਮੀਟਿੰਗ ਵਿਚ ਹੋਰਨਾ ਤੋਂ ਇਲਾਵਾ ਮਲਕੀਤ ਸਿੰਘ ਲੱਖਮੀਰਵਾਲਾ, ਕਸਮੀਰ ਸਿੰਘ ਘਰਾਚੋ, ਰੋਹੀ ਸਿੰਘ ਮੰਗਵਾਲ, ਜਸਪਾਲ ਸਿੰਘ ਘਰਾਚੋ, ਪ੍ਰੀਤਮ ਸਿੰਘ ਬਡਰੁੱਖਾਂ, ਗੁਰਜੰਟ ਸਿੰਘ ਮੰਗਵਾਲ, ਗੁਰਮੇਲ ਸਿੰਘ ਗਿਦੜਿਆਣੀ, ਪ੍ਰੀਤਮ ਸਿੰਘ ਬਾਦਸ਼ਾਹਪੁਰ, ਅਮਰਜੀਤ ਸਿੰਘ ਖਨਾਲ ਕਲਾ, ਬਲਵਿੰਦਰ ਸਿੰਘ ਘੋੜੇਨਾਵ, ਜਗਸੀਰ ਸਿੰਘ ਭੰਗੂ, ਪ੍ਰੀਤਇੰਦਰ ਸਿੰਘ ਗਰੇਵਾਲ, ਰਣ ਸਿੰਘ ਬਡਰੁੱਖਾਂ, ਯਾਦਵਿੰਦਰ ਸਿੰਘ ਘਰਾਚੋ, ਸੁਖਵਿੰਦਰ ਸਿੰਘ, ਮੇਜਰ ਸਿੰਘ, ਮਹਿਦਰ ਸਿੰਘ, ਹਰੀ ਸਿੰਘ ਅਤੇ ਕਿਰਪਾਲ ਸਿੰਘ ਸ਼ਾਮਿਲ ਸਨ |