ਅਮਰਗੜ੍ਹ, 27 ਫਰਵਰੀ (ਜਤਿੰਦਰ ਮੰਨਵੀ, ਪਵਿੱਤਰ ਸਿੰਘ) - ਵਾਰਡ ਨੰਬਰ 1 'ਚ ਮਾਮੂਲੀ ਤਕਰਾਰ ਦੇ ਚੱਲਦਿਆਂ ਇੱਕ ਪਤੀ-ਪਤਨੀ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੇ ਸਬੰਧ 'ਚ ਥਾਣਾ ਅਮਰਗੜ੍ਹ ਦੀ ਪੁਲਿਸ ਨੇ ਦੋ ਅÏਰਤਾਂ ਸਮੇਤ ਤਿੰਨ ਜਣਿਆਂ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ | ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਮਿਸਰੀ ਰਾਮ ਪੁੱਤਰ ਚੰਨਾ ਰਾਮ ਨੇ ਕਥਿਤ ਦੋਸ਼ ਲਾਇਆ ਕਿ ਜਦੋਂ ਉਹ ਦੁਪਹਿਰ ਬਾਅਦ ਘਰੋਂ ਕੰਮ 'ਤੇ ਜਾਣ ਲਈ ਗੱਡੀ ਸਟਾਰਟ ਕਰ ਰਿਹਾ ਸੀ ਤਾਂ ਅਚਾਨਕ ਪ੍ਰਕਾਸ਼ ਸਿੰਘ, ਉਸ ਦੀ ਪਤਨੀ ਮੀਕੋ ਦੇਵੀ ਅਤੇ ਗੁਰਮੀਤ ਕੌਰ ਨੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ | ਇਸ ਹਮਲੇ ਦੌਰਾਨ ਜਦੋਂ ਮਿਸਰੀ ਰਾਮ ਦੀ ਪਤਨੀ ਸੀਮਾ ਰਾਣੀ ਨੇ ਆਪਣੇ ਪਤੀ ਨੂੰ ਹਮਲਾਵਰਾਂ ਤੋਂ ਛੁਡਾਉਣ ਦੀ ਕੋਸ਼ਿਸ਼ ਕੀਤੀ ਤਾਂ ਉਕਤ ਵਿਅਕਤੀਆਂ ਨੇ ਉਸ ਦੀ ਵੀ ਕੁੱਟਮਾਰ ਕੀਤੀ | ਪੀੜਤ ਦਾ ਭਰਾ ਜ਼ਖ਼ਮੀ ਹਾਲਤ ਵਿਚ ਉਨ੍ਹਾਂ ਨੂੰ ਹਸਪਤਾਲ ਲਿਜਾਣ ਦੀ ਕੋਸ਼ਿਸ਼ ਕਰ ਰਿਹਾ ਸੀ, ਤਾਂ ਸੁਖਦੇਵ ਸਿੰਘ ਨਾਮਕ ਵਿਅਕਤੀ ਨੇ ਕਿਰਪਾਨ ਲੈ ਕੇ ਉਨ੍ਹਾਂ ਨੂੰ ਰੋਕਦਿਆਂ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ | ਫ਼ਿਲਹਾਲ ਅਮਰਗੜ੍ਹ ਪੁਲਿਸ ਨੇ ਪੀੜਤ ਦੇ ਬਿਆਨਾਂ ਦੇ ਆਧਾਰ 'ਤੇ ਕਥਿਤ ਦੋਸ਼ੀ ਪ੍ਰਕਾਸ਼ ਸਿੰਘ, ਮੀਕੋ ਦੇਵੀ ਅਤੇ ਗੁਰਮੀਤ ਕੌਰ ਵਿਰੁੱਧ ਮਾਮਲਾ ਦਰਜ ਕਰ ਕੇ ਅਗਲੇਰੀ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਹੈ |