ਲੌਂਗੋਵਾਲ, 28 ਫਰਵਰੀ (ਵਿਨੋਦ, ਖੰਨਾ) - ਓਪਰੇਸ਼ਨ ਗਰੀਨ ਹੰਟ ਵਿਰੋਧੀ ਜਮਹੂਰੀ ਫ਼ਰੰਟ ਦੀ ਸੂਬਾ ਕਮੇਟੀ ਨੇ ਗੁਰਦਾਸਪੁਰ ਜ਼ਿਲ੍ਹੇ ਵਿਚ ਨੌਜਵਾਨ ਰਣਜੀਤ ਸਿੰਘ ਨੂੰ ਝੂਠਾ ਮੁਕਾਬਲਾ ਬਣਾ ਕੇ ਮਾਰਨ ਦੀ ਨਿਖੇਧੀ ਕੀਤੀ ਹੈ | ਫ਼ਰੰਟ ਦੇ ਕਨਵੀਨਰਾਂ ਡਾ. ਪਰਮਿੰਦਰ ਸਿੰਘ, ਪ੍ਰੋ. ਏ.ਕੇ. ਮਲੇਰੀ, ਬੂਟਾ ਸਿੰਘ ਮਹਿਮੂਦਪੁਰ , ਯਸ਼ਪਾਲ ਅਤੇ ਸੂਬਾ ਕਮੇਟੀ ਮੈਂਬਰ ਬਲਬੀਰ ਲੌਂਗੋਵਾਲ ਨੇ ਕਿਹਾ ਕਿ ਗੈਂਗਸਟਰਾਂ ਨੂੰ ਖ਼ਤਮ ਕਰਨ ਦੇ ਨਾਂ ਹੇਠ ਪੰਜਾਬ ਸਰਕਾਰ ਵਲੋਂ ਪੁਲਿਸ ਨੂੰ ਗ਼ੈਰ ਅਦਾਲਤੀ ਹੱਤਿਆਵਾਂ ਕਰਨ ਦੀ ਖੁੱਲ੍ਹੀ ਛੁੱਟੀ ਦੇਣਾ ਬਹੁਤ ਹੀ ਖ਼ਤਰਨਾਕ ਵਰਤਾਰਾ ਹੈ | ਕੋਈ ਵੀ ਨੌਜਵਾਨ ਜਨਮ ਤੋਂ ਗੈਂਗਸਟਰ ਜਾਂ ਮੁਜਰਮ ਨਹੀਂ ਹੁੰਦਾ, ਇਹ ਹਾਕਮ ਜਮਾਤੀ ਸਿਆਸਤ ਹੀ ਹੈ ਜੋ ਆਪਣੇ ਰਾਜਨੀਤਕ ਹਿਤਾਂ ਲਈ ਗੁੰਡਾ ਗੈਂਗਾਂ ਦਾ ਪਾਲਣ-ਪੋਸਣ ਤੇ ਰਾਜਨੀਤਕ ਸਰਪ੍ਰਸਤੀ ਕਰਦੀ ਹੈ | ਉਨ੍ਹਾਂ ਕਿਹਾ ਕਿ ਉਕਤ ਨੌਜਵਾਨ ਨੂੰ ਪੁਲਿਸ ਵਲੋਂ ਘਰੋਂ ਲੈ ਕੇ ਜਾਣ, ਹਥਿਆਰਾਂ ਦੀ ਬਰਾਮਦਗੀ ਮੌਕੇ ਫ਼ਰਾਰ ਹੋਇਆ ਦਿਖਾਉਣ, ਹਥਿਆਰ ਪ੍ਰਾਪਤ ਕਰ ਕੇ ਗੋਲੀ ਚਲਾਉਣ ਅਤੇ ਮੁਕਾਬਲਾ ਬਣਾਉਣ ਉਪਰੰਤ ਸੀ.ਸੀ.ਟੀ.ਵੀ. ਲਾਹ ਕੇ ਲੈ ਜਾਣ ਦੇ ਸਾਰੇ ਹਾਲਾਤ ਪੂਰੀ ਤਰ੍ਹਾਂ ਸਵਾਲਾਂ ਦੇ ਘੇਰੇ 'ਚ ਹਨ | ਉਨ੍ਹਾਂ ਮੰਗ ਕੀਤੀ ਕਿ 'ਮੁਕਾਬਲੇ' ਦੀ ਹਾਈਕੋਰਟ ਦੇ ਸਿਟਿੰਗ ਜੱਜ ਤੋਂ ਉੱਚ ਪੱਧਰੀ ਜਾਂਚ ਕਰਾਏ ਜਾਵੇ, ਭਗਵੰਤ ਮਾਨ ਸਰਕਾਰ ਮੁਕਾਬਲਿਆਂ ਦਾ ਡਰਾਮਾ ਬੰਦ ਕਰੇ ਅਤੇ ਮੁਕਾਬਲੇ ਬਣਾਉਣ ਵਾਲੇ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ |