ਮਲੇਰਕੋਟਲਾ, 28 ਫਰਵਰੀ (ਪਾਰਸ ਜੈਨ) - ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਰਜਿ. ਜ਼ਿਲ੍ਹਾ ਮਲੇਰਕੋਟਲਾ ਵੱਲੋਂ ਗੁਰਦੁਆਰਾ ਸ੍ਰੀ ਗੁਰੁ ਸਿੰਘ ਸਭਾ ਮਲੇਰਕੋਟਲਾ ਵਿਖੇ ਪ੍ਰਧਾਨ ਭਾਈ ਜਗਦੀਸ਼ ਸਿੰਘ ਘੁੰਮਣ ਦੀ ਅਗਵਾਈ ਹੇਠ ਕਰਵਾਏ ਇਕ ਸਮਾਗਮ ਦੌਰਾਨ ਜ਼ਿਲ੍ਹਾ ਮਲੇਰਕੋਟਲਾ ਦੇ 126 ਬਜ਼ੁਰਗਾਂ, ਅਪੰਗਾਂ, ਵਿਧਵਾਵਾਂ, ਨਿਆਸਰੇ ਬਾਲਾਂ ਅਤੇ ਕੈਂਸਰ ਪੀੜਤਾਂ ਨੂੰ 2.44 ਲੱਖ ਰੁਪਏ ਦੀ ਵਿੱਤੀ ਮਦਦ ਦੇ ਚੈੱਕ ਤਕਸੀਮ ਕੀਤੇ ਗਏ | ਸਮਾਗਮ ਨੂੰ ਸੰਬੋਧਨ ਕਰਦਿਆਂ ਟਰੱਸਟ ਪ੍ਰਧਾਨ ਭਾਈ ਜਗਦੀਸ਼ ਸਿੰਘ ਘੁੰਮਣ ਨੇ ਦੱਸਿਆ ਕਿ ਟਰੱਸਟ ਵੱਲੋਂ ਜ਼ਿਲ੍ਹਾ ਮਲੇਰਕੋਟਲਾ 'ਚ ਮਲੇਰਕੋਟਲਾ ਅਤੇ ਅਮਰਗੜ੍ਹ ਵਿਚ ਸਨੀ ਓਬਰਾਏ ਚੈਰੀਟੇਬਲ ਲੈਬਾਰਟਰੀਆਂ ਪੂਰੀ ਸਫਲਤਾ ਨਾਲ ਚਲਾਈਆਂ ਜਾ ਰਹੀਆਂ ਹਨ | ਡਾ. ਐਸ ਪੀ ਸਿੰਘ ਓਬਰਾਏ ਦੀ ਅਗਵਾਈ ਹੇਠ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਵਿਸ਼ਵ ਭਰ ਅੰਦਰ ਨਿਭਾਈਆਂ ਜਾ ਰਹੀਆਂ ਸੇਵਾਵਾਂ ਨੂੰ ਸਮੁੱਚੇ ਸਿੱਖ ਸਮਾਜ ਦਾ ਮਾਣ ਦੱਸਦਿਆਂ ਭਾਈ ਘੁੰਮਣ ਨੇ ਕਿਹਾ ਕਿ ਟਰੱਸਟ ਵੱਲੋਂ ਪੰਜਾਬ ਅਤੇ ਹਰਿਆਣਾ ਅੰਦਰ ਚਲਾਈਆਂ ਜਾ ਰਹੀਆਂ 150 ਦੇ ਕਰੀਬ ਸਨੀ ਓਬਰਾਏ ਕਲੀਨੀਕਲ ਲੈਬਾਰਟਰੀਆਂ ਤੋਂ ਹਰ ਸਾਲ ਕਰੀਬ 25 ਲੱਖ ਲੋਕ ਕੇਵਲ ਲਾਗਤ ਦਰ 'ਤੇ ਟੈੱਸਟ ਕਰਵਾ ਕੇ ਲਾਭ ਪ੍ਰਾਪਤ ਕਰ ਰਹੇ ਹਨ | ਇਸ ਮੌਕੇ ਪ੍ਰਧਾਨ ਘੁੰਮਣ ਦੇ ਨਾਲ ਖ਼ਜ਼ਾਨਚੀ ਸਰਪੰਚ ਨਰੇਸ਼ ਕੁਮਾਰ ਨਾਰੀਕੇ ਪ੍ਰਧਾਨ ਸਰਪੰਚ ਯੂਨੀਅਨ ਬਲਾਕ ਅਮਰਗੜ੍ਹ, ਮਨਧੀਰ ਸਿੰਘ ਝੱਲ, ਪਿ੍ੰਸੀਪਲ ਗੁਰਪ੍ਰੀਤ ਸਿੰਘ ਜਵੰਧਾ, ਪਿ੍ੰਸੀਪਲ ਬਲਜੀਤ ਸਿੰਘ ਟਿਵਾਣਾ, ਨੰਬਰਦਾਰ ਜਤਿੰਦਰ ਸਿੰਘ ਮਹੋਲੀ, ਹਰਬੰਸ ਸਿੰਘ ਮੁਹੰਮਦ ਗੜ੍ਹ , ਪਿ੍ੰਸੀਪਲ ਪਰਮਜੀਤ ਸਿੰਘ ਚੀਮਾ, ਸਪਿੰਦਰ ਸਿੰਘ ਭੁਰਥਲਾ, ਗਿਆਨੀ ਅਵਤਾਰ ਸਿੰਘ ਬਧੇਸ਼ਾ ਅਤੇ ਸਾਹਿਬ ਸਿੰਘ ਬੂੰਗਾ ਆਦਿ ਟਰੱਸਟੀ ਵੀ ਮੌਜੂਦ ਸਨ |