ਦਿੜ੍ਹਬਾ ਮੰਡੀ, 30 ਮਾਰਚ (ਜਸਵੀਰ ਸਿੰਘ ਅÏਜਲਾ)-ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਜ਼ਿਲ੍ਹਾ ਫ਼ਰੀਦਕੋਟ ਦੇ ਪਿੰਡ ਹਰੀ ਨੌ ਦੇ ਦੋ ਸਕੇ ਭਰਾਵਾਂ ਵੱਲੋਂ ਲੈਂਡਮਾਰਕ ਬੈਂਕ ਦੇ ਮੈਨੇਜਰ ਤੋਂ ਤੰਗ ਆ ਕੇ ਕੀਤੀ ਖ਼ੁਦਕੁਸ਼ੀ ਦੇ ਮਾਮਲੇ ਚ ਪਰਿਵਾਰ ਨੂੰ ਇਨਸਾਫ਼ ਦਵਾਉਣ ਤੇ ਲੈਂਡਮਾਰਕ ਬੈਂਕ ਵੱਲੋਂ ਕਰਜ਼ਾ ਨਾ ਮੋੜ ਸਕਣ ਵਾਲੇ 20 ਏਕੜ ਤੋਂ ਵੱਧ ਜ਼ਮੀਨ ਵਾਲੇ ਕਿਸਾਨਾਂ ਦੀ ਜ਼ਮੀਨ ਨਿਲਾਮ ਕਰਨ ਲਈ ਕੱਢੇ ਜਾ ਰਹੇ ਨੋਟਿਸਾਂ ਦੇ ਵਿਰੋਧ 'ਚ ਲੈਂਡਮਾਰਕ ਬੈਂਕ ਲਹਿਰਾਗਾਗਾ ਅੱਗੇ ਦੋ ਘੰਟੇ ਧਰਨਾ ਦੇ ਕੇ ਮੁੱਖ ਮੰਤਰੀ ਦਾ ਪੁਤਲਾ ਫੂਕਿਆ ਗਿਆ | ਇਸ ਮੌਕੇ ਸੰਬੋਧਨ ਕਰਦਿਆਂ ਬੀਕੇਯੂ ਏਕਤਾ ਸਿੱਧੂਪੁਰ ਦੇ ਆਗੂ ਜਸਵੰਤ ਸਿੰਘ ਛਾਹੜ੍ਹ, ਕੁਲਵੰਤ ਸਿੰਘ ਉਭਿਆ, ਰਿੰਕੂ ਮੂਣਕ, ਬੀਕੇਯੂ ਏਕਤਾ ਮਲਵਈ ਦੇ ਆਗੂ ਧਰਮਿੰਦਰ ਸਿੰਘ ਪਿਸ਼ੌਰ, ਮਲਕੀਤ ਸਿੰਘ ਤੂਰਬੰਜਾਰਾ ਨੇ ਕਿਹਾ ਕਿ ਪਿੰਡ ਹਰੀ ਨੌ ਦੇ ਰੇਲ ਗੱਡੀ ਅੱਗੇ ਆ ਕੇ ਖ਼ੁਦਕੁਸ਼ੀ ਕਰਨ ਵਾਲੇ ਭਰਾਵਾਂ ਨੇ ਲੈਂਡ ਮਾਰਕ ਬੈਂਕ ਤੋਂ 5 ਲੱਖ ਰੁਪਏ ਦਾ ਕਰਜ਼ਾ ਲਿਆ ਸੀ ਜੋ ਕਿ ਅੱਗੇ ਚੱਲ ਕੇ 17 ਲੱਖ ਤੋਂ ਵੀ ਜ਼ਿਆਦਾ ਦੀ ਰਕਮ ਉਨ੍ਹਾਂ ਨੂੰ ਵਾਪਸ ਕਰਨੀ ਪਈ ਤੇ ਇਸ ਕਰਜ਼ੇ ਨੂੰ ਉਤਾਰਨ ਲਈ ਉਨ੍ਹਾਂ ਨੂੰ ਆਪਣੀ ਥੋੜੀ ਜ਼ਮੀਨ ਵੀ ਵੇਚਣੀ ਪਈ, ਪਰ ਫਿਰ ਵੀ ਬੈਂਕ ਮੈਨੇਜਰ ਵੱਲੋਂ ਤੰਗ ਪ੍ਰੇਸ਼ਾਨ ਕਰਨ ਕਰ ਕੇ ਦੋਵਾਂ ਨੇ ਖ਼ੁਦਕੁਸ਼ੀ ਕਰ ਲਈ ਗਈ, ਇਸ ਲਈ ਪੰਜਾਬ ਸਰਕਾਰ ਨੂੰ ਸਬੰਧਤ ਅਧਿਕਾਰੀਆਂ ਖ਼ਿਲਾਫ਼ ਕਤਲ ਦਾ ਪਰਚਾ ਦਰਜ ਕਰਨਾ ਚਾਹੀਦਾ ਹੈ ਤੇ ਨਾਲ ਹੀ ਉਨ੍ਹਾਂ ਮਿ੍ਤਕ ਕਿਸਾਨਾਂ ਦਾ ਸਮੁੱਚਾ ਕਰਜ਼ਾ ਮੁਆਫ਼ ਕਰ ਕੇ ਪਰਿਵਾਰ ਦੇ ਜ਼ਖ਼ਮਾਂ ਤੇ ਮਲ੍ਹਮ ਲਾਉਣ ਲਈ ਸਰਕਾਰੀ ਨੌਕਰੀ ਅਤੇ ਵਿੱਤੀ ਸਹਾਇਤਾ ਦੇਣੀ ਚਾਹੀਦੀ ਹੈ | ਇਸ ਮੌਕੇ ਗੁਰਵਿੰਦਰ ਸਿੰਘ ਛਾਹੜ੍ਹ, ਰੋਹੀ ਸਿੰਘ ਲਾਡਬੰਜਾਰਾ, ਰਾਜਵੀਰ ਸਿੰਘ ਹਰੀਗੜ੍ਹ, ਗੋਗੀ ਸਿੰਘ, ਸੰਦੀਪ ਸਿੰਘ, ਗੁਰਤੇਜ ਸਿੰਘ, ਬੰਸਾ ਸਿੰਘ, ਗੁਰਾ ਸਿੰਘ, ਰਘਵੀਰ ਸਿੰਘ, ਜਿੰਦਰ ਸਿੰਘ, ਦੁੱਲਾ ਸਿੰਘ ਛਾਹੜ੍ਹ, ਜੱਗਾ ਸਿੰਘ ਉਭਿਆ, ਲਾਭ ਸਿੰਘ, ਬਲਵਿੰਦਰ ਸਿੰਘ, ਰਾਏ ਸਿੰਘ, ਅਜੈਬ ਸਿੰਘ, ਭੂਰਾ ਸਿੰਘ ਹਰੀਗੜ੍ਹ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ |