06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਕਾਇਆ ਕਲਪ ਕੀਤੇ ਕਮਿਊਨਿਟੀ ਹੈਲਥ ਸੈਂਟਰ ਲਹਿਰਾਗਾਗਾ ਵਿਖੇ ਓ.ਪੀ.ਡੀ. ਅਤੇ ਆਈ.ਪੀ.ਡੀ. ਸੇਵਾਵਾਂ 15 ਤੋਂ ਹੋਣਗੀਆਂ ਸ਼ੁਰੂ-ਬਰਿੰਦਰ ਗੋਇਲ <br/>

ਅਜੀਤ ਡੈਸਕ 12-04-2026
ਲਹਿਰਾਗਾਗਾ, 11 ਅਪ੍ਰੈਲ (ਅਸ਼ੋਕ ਗਰਗ)-ਇਸ ਸਾਲ 9 ਜਨਵਰੀ ਨੂੰ ਲਹਿਰਾਗਾਗਾ ਵਿਖੇ ਮੈਡੀਕਲ ਕਾਲਜ ਅਤੇ ਹਸਪਤਾਲ ਖੋਲ੍ਹਣ ਦੇ ਪੰਜਾਬ ਸਰਕਾਰ ਵੱਲੋਂ ਲਏ ਗਏ ਇਤਿਹਾਸਕ ਫ਼ੈਸਲੇ ਦੀ ਲੜੀ ਤਹਿਤ ਲੋਕਾਂ ਨੂੰ ਫ਼ੌਰੀ ਤੌਰ ਉੱਤੇ ਮੈਡੀਕਲ ਸਹੂਲਤਾਂ ਦੇਣ ਲਈ ਲਹਿਰਾਗਾਗਾ ਵਿਚਲੇ ਕਮਿਊਨਿਟੀ ਹੈਲਥ ਸੈਂਟਰ (ਸੀ.ਐੱਚ.ਸੀ) ਵਿਖੇ, ਜਿਹੜਾ ਕਿ ਪਹਿਲਾਂ ਕਾਫ਼ੀ ਖਸਤਾ ਹਾਲਤ ਵਿੱਚ ਸੀ, ਦੀ ਕਾਇਆ ਕਲਪ ਉਪਰੰਤ, ਮਾਹਿਰ ਡਾਕਟਰਾਂ ਦੀਆਂ ਸੇਵਾਵਾਂ ਦੀ ਸਹੂਲਤ ਸਮੇਤ ਓ.ਪੀ.ਡੀ.ਅਤੇ ਆਈ.ਪੀ.ਡੀ. ਸੇਵਾਵਾਂ 15 ਅਪ੍ਰੈਲ ਤੋਂ ਸ਼ੁਰੂ ਕਰ ਦਿੱਤੀਆਂ ਜਾਣਗੀਆਂ, ਜਿਸ ਨਾਲ ਲਹਿਰਾਗਾਗਾ ਸ਼ਹਿਰ ਸਮੇਤ ਖੇਤਰ ਦੇ ਵੱਡੀ ਗਿਣਤੀ ਪਿੰਡਾਂ ਨੂੰ ਵੀ ਲਾਭ ਹੋਵੇਗਾ | ਸੀ.ਐੱਚ.ਸੀ. ਲਹਿਰਾਗਾਗਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਦੱਸਿਆ ਕਿ ਇਹ ਮੈਡੀਕਲ ਸੇਵਾਵਾਂ ਜਨਹਿਤ ਟਰੱਸਟ ਦੇ ਯੂਨਿਟ, ਅਚਾਰਿਆ ਵਿਦਿਆਨੰਦ ਜੈਨ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਐਂਡ ਰਿਸਰਚ ਵੱਲੋਂ ਨਿਭਾਈਆਂ ਜਾਣਗੀਆਂ | ਸ੍ਰੀ ਗੋਇਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਦਿਨ-ਰਾਤ ਇੱਕ ਕਰ ਕੇ ਕੀਤੇ ਯਤਨਾਂ ਸਦਕਾ ਬੰਦ ਪਏ ਬਾਬਾ ਹੀਰਾ ਸਿੰਘ ਭੱਠਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨੌਲੋਜੀ ਨੂੰ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਰੂਪ ਵਿੱਚ ਮੁੜ ਸ਼ੁਰੂ ਕੀਤਾ ਜਾ ਰਿਹਾ ਹੈ ਤੇ ਹੁਣ ਇੱਥੋਂ ਡਾਕਟਰ ਬਣ ਕੇ ਨਿਕਲਿਆ ਕਰਨਗੇ | ਉਨ੍ਹਾਂ ਕਿਹਾ ਕਿ ਜੈਨ ਭਾਈਚਾਰੇ ਵੱਲੋਂ ਸਥਾਪਤ ਕੀਤੇ ਜਾਣ ਵਾਲੇ ਇਸ ਮੈਡੀਕਲ ਕਾਲਜ ਵਿੱਚ ਵਿਦਿਆਰਥੀਆਂ ਦਾ ਦਾਖ਼ਲਾ ਅਤੇ ਸੀਟਾਂ ਦੀ ਵੰਡ ਬਾਰੇ ਸੂਬਾ ਸਰਕਾਰ ਵੱਲੋਂ ਸਮੇਂ-ਸਮੇਂ ਸਿਰ ਜਾਰੀ ਦਿਸ਼ਾ-ਨਿਰਦੇਸ਼ਾਂ/ਨੋਟੀਫਿਕੇਸ਼ਨਾਂ ਦੀਆਂ ਸ਼ਰਤਾਂ ਦੀ ਸਖ਼ਤੀ ਨਾਲ ਪਾਲਣਾ ਹੋਵੇਗੀ | ਸਾਰੀਆਂ ਸ਼ੇ੍ਰਣੀਆਂ ਦੀਆਂ ਸੀਟਾਂ ਲਈ ਫ਼ੀਸ ਢਾਂਚਾ ਸੂਬਾ ਸਰਕਾਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ/ਨੋਟੀਫਿਕੇਸ਼ਨਾਂ ਅਨੁਸਾਰ ਹੀ ਲਿਆ ਜਾਵੇਗਾ | ਮੈਡੀਕਲ ਕਾਲਜ ਦੀ ਸਥਾਪਨਾ ਅਤੇ ਸੰਚਾਲਨ 100 ਐਮ.ਬੀ.ਬੀ.ਐਸ. ਸੀਟਾਂ ਦੀ ਦਾਖਲਾ ਸਮਰੱਥਾ ਤੇ ਘੱਟੋ-ਘੱਟ 440 ਬਿਸਤਰਿਆਂ ਨਾਲ ਕੀਤਾ ਜਾਵੇਗਾ | ਇਸ ਕਦਮ ਦਾ ਉਦੇਸ਼ ਇਕ ਪਾਸੇ ਸੂਬੇ ਦੇ ਵਸਨੀਕਾਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨਾ ਹੈ ਅਤੇ ਦੂਜੇ ਪਾਸੇ ਪੰਜਾਬ ਨੂੰ ਮੈਡੀਕਲ ਸਿੱਖਿਆ ਦੇ ਕੇਂਦਰ ਵਜੋਂ ਉਭਾਰਨਾ ਹੈ | ਇਸੇ ਦੌਰਾਨ ਨਗਰ ਕੌਂਸਲ ਪ੍ਰਧਾਨ ਮੈਡਮ ਕਾਂਤਾ ਗੋਇਲ ਨੇ ਕਿਹਾ ਹੈ ਕਿ ਕੈਬਨਿਟ ਮੰਤਰੀ ਬਰਿੰਦਰ ਗੋਇਲ ਵਿਧਾਨ ਸਭਾ ਹਲਕਾ ਲਹਿਰਾਗਾਗਾ ਦੀ ਨੁਹਾਰ ਬਦਲਣ ਵਿੱਚ ਸਫਲ ਹੋਏ ਹਨ | ਇਹਨਾਂ ਦੇ ਯਤਨਾਂ ਸਦਕਾ ਹੀ ਲਹਿਰਾਗਾਗਾ ਉੱਪਰ ਲੱਗਿਆ ਪਛੜੇਪਨ ਦਾ ਦਾਗ ਵੀ ਅੱਜ ਮਿਟ ਗਿਆ ਹੈ | ਇਸ ਮੌਕੇ ਜਨਹਿਤ ਟਰੱਸਟ ਦੇ ਚੇਅਰਮੈਨ ਡਾ. ਧਰਮਪਾਲ ਜੈਨ, ਟਰੱਸਟ ਮੈਂਬਰ ਡਾ. ਰਜਨੀਸ਼ ਜੈਨ, ਐੱਸ.ਡੀ.ਐਮ. ਰਾਕੇਸ਼ ਪ੍ਰਕਾਸ਼ ਗਰਗ, ਨਗਰ ਕੌਂਸਲ ਪ੍ਰਧਾਨ ਸ੍ਰੀਮਤੀ ਕਾਂਤਾ ਗੋਇਲ, ਗੌਰਵ ਗੋਇਲ, ਮਾਰਕੀਟ ਕਮੇਟੀ ਲਹਿਰਾਗਾਗਾ ਦੇ ਚੇਅਰਮੈਨ ਡਾਕਟਰ ਸ਼ੀਸ਼ਪਾਲ ਆਨੰਦ, ਪੀ.ਏ ਰਾਕੇਸ਼ ਗੁਪਤਾ, ਸਾਬਕਾ ਕੌਂਸਲਰ ਗੁਰਲਾਲ ਸਿੰਘ ਮੌਜੂਦ ਸਨ |

ਪਿਛਲੀ ਖ਼ਬਰ ਦਾਮਨ ਬਾਜਵਾ ਨੇ ਸੁਨਾਮ ਮੰਡੀ 'ਚ ਖ਼ਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ ਅਗਲੀ ਖ਼ਬਰ 51 ਸ਼ਖ਼ਸੀਅਤਾਂ ਦਾ ਅੱਜ ਡਾ. ਅੰਬੇਡਕਰ ਸਟੇਟ ਐਵਾਰਡ ਨਾਲ ਹੋਵੇਗਾ ਸਨਮਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।