ਸੁਨਾਮ ਊਧਮ ਸਿੰਘ ਵਾਲਾ, 18 ਮਈ (ਧਾਲੀਵਾਲ, ਭੁੱਲਰ) - ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਦੀ ਇਕ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਨਰੇਸ਼ ਜਿੰਦਲ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਦਵਾਈ ਵਿਕੇ੍ਰਤਾਵਾਂ ਦੀਆਂ ਭੱਖਦੀਆਂ ਮੁਸ਼ਕਲਾਂ ਨੂੰ ਲੈ ਕੇ ਵਿਚਾਰ-ਵਟਾਂਦਰਾ ਕਰਨ ਉਪਰੰਤ ਸਰਬਸੰਮਤੀ ਨਾਲ ਫ਼ੈਸਲਾ ਲਿਆ ਗਿਆ ਕਿ 20 ਮਈ ਨੂੰ ਆਲ ਇੰਡੀਆ ਅਤੇ ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਸੱਦੇ ਤੇ ਜ਼ਿਲ੍ਹੇ ਭਰ ਵਿਚ ਕੈਮਿਸਟਾਂ ਦੀਆਂ ਦੁਕਾਨਾਂ ਮੁਕੰਮਲ ਤੌਰ 'ਤੇ ਬੰਦ ਰੱਖੀਆਂ ਜਾਣਗੀਆਂ | ਐਸੋਸੀਏਸ਼ਨ ਨੇ ਸਖ਼ਤ ਚੇਤਾਵਨੀ ਦਿੰਦਿਆਂ ਕਿ ਜੋ ਦੁਕਾਨਦਾਰ ਐਸੋਸੀਏਸ਼ਨ ਦੇ ਫ਼ੈਸਲੇ ਉਲੰਘਣਾ ਕਰ ਕੇ ਦੁਕਾਨ ਖੋਲ੍ਹੇਗਾ, ਭਵਿੱਖ ਵਿੱਚ ਕਿਸੇ ਵੀ ਸਮੱਸਿਆ ਵੇਲੇ ਜਥੇਬੰਦੀ ਉਸ ਦਾ ਸਾਥ ਨਹੀਂ ਦੇਵੇਗੀ | ਉਨ੍ਹਾਂ ਆਨਲਾਈਨ ਫਾਰਮੇਸੀ 'ਤੇ ਮੁਕੰਮਲ ਰੋਕ ਲਾਉਣ, ਨਕਲੀ ਅਤੇ ਡੁਪਲੀਕੇਟ ਦਵਾਈਆਂ ਦੀ ਵਿਕਰੀ ਰੋਕਣ ਲਈ ਆਨਲਾਈਨ ਦਵਾਈਆਂ ਦੀ ਸਪਲਾਈ 'ਤੇ ਪੂਰਨ ਪਾਬੰਦੀ ਲਾਉਣ, ਬਿਨ੍ਹਾਂ ਲਾਇਸੰਸ ਦਵਾਈਆਂ ਦਾ ਸਟਾਕ ਰੱਖਣ ਵਾਲੇ ਕੇਂਦਰਾਂ 'ਤੇ ਸਖ਼ਤੀ ਨਾਲ ਰੋਕ ਲਾਉਣ, ਸਰਕਾਰ ਦੇ ਡਰੱਗ ਲਾਇਸੰਸ ਪੋਰਟਲ (ਓ ਐਨ ਡੀ ਐਲ ਐਸ) ਦੀਆਂ ਗ਼ਲਤੀਆਂ ਨੂੰ ਤੁਰੰਤ ਦਰੁਸਤ ਕਰਨ, ਕੈਮਿਸਟਾਂ 'ਤੇ ਜਬਰੀ ਥੋਪੀ ਗਈ ਸ਼ਡਿਊਲ ਐਚ-1 ਰਜਿਸਟਰ ਦੀ ਸ਼ਰਤ ਤੁਰੰਤ ਰੱਦ ਕਰਨ ਦੀ ਮੰਗ ਕੀਤੀ | ਇਸ ਮੌਕੇ ਰਾਜੀਵ ਜੈਨ, ਸਤੀਸ਼ ਸਿੰਗਲਾ, ਸ਼ਸ਼ੀ ਭੂਸ਼ਣ, ਵਿਨੋਦ ਹੈਪੀ, ਸੰਜੇ, ਪਰਮਿੰਦਰ, ਸਤਿੰਦਰ ਸੋਨੀ, ਬਾਰੂ ਸੈਣੀ, ਕੌਰ ਸਿੰਘ, ਗੁਰਜੰਟ ਸਿੰਘ, ਬਲਵਿੰਦਰ ਬਬਲਾ, ਵਨੀਤ ਜਿੰਦਲ, ਯੁਗੇਸ਼ ਚੋਪੜਾ, ਅਜੈਬ ਸੈਣੀ, ਦੀਪਕ ਮਿੱਤਲ, ਤਰਲੋਕ ਗੋਇਲ ਅਤੇ ਵਿਨੋਦ ਸਿੰਗਲਾ ਆਦਿ ਮੌਜੂਦ ਸਨ |