ਸੁਨਾਮ ਊਧਮ ਸਿੰਘ ਵਾਲਾ, 18 ਮਈ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ, ਸੱਗੂ) ਨਗਰ ਕੌਂਸਲ ਚੋਣਾਂ ਦੇ ਨਾਮਜ਼ਦਗੀ ਪੱਤਰਾਂ ਦੀ ਪੜ੍ਹਤਾਲ ਦੌਰਾਨ ਸੁਨਾਮ ਨਗਰ ਕੌਂਸਲ ਚੋਣਾਂ ਵਿਚ ਕੁਲ 146 ਉਮੀਦਵਾਰਾਂ ਵਲੋਂ ਆਪਣੇ ਕਾਗਜ਼ ਦਾਖਲ ਕੀਤੇ ਗਏ ਸਨ | ਪੜ੍ਹਤਾਲ ਦੌਰਾਨ ਜਿੰਨ੍ਹਾਂ ਚੋਂ 13 ਉਮੀਦਵਾਰਾਂ ਦੇ ਕੁਝ ਖਾਮੀਆਂ ਹੋਣ ਕਾਰਨ ਕਾਗਜ਼ ਰੱਦ ਹੋ ਗਏ ਅਤੇ 133 ਉਮੀਦਵਾਰਾਂ ਦੇ ਕਾਗਜ ਸਹੀ ਪਾਏ ਗਏ |ਵਿਰੋਧੀ ਪਾਰਟੀਆਂ ਦੇ ਕੁਝ ਦਿਗਜ ਆਗੂਆਂ ਦੇ ਨਾਮਜਦਗੀ ਕਾਗਜ ਰੱਦ ਹੋਣ ਨੂੰ ਲੈਕੇ ਉਨ੍ਹਾਂ ਦੇ ਸਮਰਥਕ ਭੜਕ ਉੱਠੇ ਅਤੇ ਸੜਕ ਚੱਕਾ ਜਾਮ ਕਰਕੇ ਪੰਜਾਬ ਸਰਕਾਰ ਖਿਲਾਫ ਜੋਰਦਾਰ ਨਾਅਰੇਬਾਜੀ ਕੀਤੀ ਗਈ | ਜਿਸ ਨੂੰ ਲੈਕੇ ਪੁਲਿਸ ਪ੍ਰਸ਼ਾਸਨ ਵਲੋਂ ਡੀ ਐਸ ਪੀ ਸੁਨਾਮ ਹਰਵਿੰਦਰ ਸਿੰਘ ਖਹਿਰਾ ਅਤੇ ਇੰਸਪੈਕਟਰ ਪ੍ਰਤੀਕ ਜਿੰਦਲ ਦੀ ਅਗਵਾਈ ਵਿਚ ਸ਼ਹਿਰ ਵਿਚ ਮਾਹੌਲ ਸੁਖਾਵਾਂ ਬਣਾਈ ਰੱਖਣ ਲਈ ਪੁਖਤਾ ਪ੍ਰਬੰਧ ਕੀਤੇ ਗਏ ਸਨ |