ਸੁਨਾਮ ਊਧਮ ਸਿੰਘ ਵਾਲਾ, 19 ਮਈ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ) - ਨਾਮਜਦਗੀ ਪੱਤਰਾਂ ਦੀ ਵਾਪਸੀ ਅਤੇ ਚੋਣ ਨਿਸ਼ਾਨ ਅਲਾਟ ਹੋਣ ਤੋਂ ਬਾਅਦ ਇਕਦਮ ਨਗਰ ਕੌਂਸਲ ਸੁਨਾਮ ਦੀਆਂ ਚੋਣਾਂ ਲਈ ਮੈਦਾਨ ਪੂਰੀ ਤਰ੍ਹਾਂ ਭਖ ਗਿਆ | ਚੋਣ ਲੜ ਰਹੇ ਉਮੀਦਵਾਰਾਂ ਵੱਲੋਂ ਆਪਣੇ ਸਮਰਥਕਾਂ ਨਾਲ ਘਰ ਘਰ ਜਾ ਕੇ ਵੋਟਾਂ ਪਾਉਣ ਦੀ ਅਪੀਲ ਕੀਤੀ ਜਾ ਰਹੀ ਹੈ | ਨਗਰ ਕੌਂਸਲ ਸੁਨਾਮ ਵਿਚ ਸਭ ਤੋਂ ਵੱਧ 9-9 ਉਮੀਦਵਾਰ ਵਾਰਡ ਨੰਬਰ 12 ਅਤੇ 18 ਵਿਚ ਆਪਣੀ ਕਿਸਮਤ ਅਜ਼ਮਾਉਣ ਜਾ ਰਹੇ ਹਨ ਜਦੋਂ ਕਿ ਸ਼ਹਿਰ ਦੇ ਕਈ ਵਾਰਡਾਂ ਵਿਚ ਸਿੱਧਾ ਦੋ ਧਿਰੀ ਮੁਕਾਬਲਾ ਹੈ |ਵਾਰਡ ਨੰਬਰ 9 ਤੋਂ ਮਾਰਕੀਟ ਕਮੇਟੀ ਸੁਨਾਮ ਦੇ ਚੇਅਰਮੈਨ ਮੁਕੇਸ਼ ਜੁਨੇਜਾ ਦੇ ਮਾਤਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਸ਼ੀ ਬਾਲਾ ਦਾ ਮੁਕਾਬਲਾ ਭਾਜਪਾ ਦੀ ਅਮਰਜੀਤ ਕੌਰ ਨਾਲ ਸਿੱਧਾ ਮੁਕਾਬਲਾ ਹੈ | ਇਸੇ ਤਰ੍ਹਾਂ ਵਾਰਡ ਨੰਬਰ 7 ਤੋਂ ਸਾਬਕਾ ਕੌਂਸਲਰ ਜਸਵਿੰਦਰ ਕੌਰ ਅਤੇ ਸਾਬਕਾ ਨਗਰ ਕੌਂਸਲ ਸੁਨਾਮ ਦੇ ਪ੍ਰਧਾਨ ਜਗਦੀਪ ਸਿੰਘ ਜੋਗੀ ਦੀ ਪਤਨੀ ਪ੍ਰਵੀਨ ਕੌਰ ਮੁਕਾਬਲੇ ਵਿਚ ਹਨ | ਵਾਰਡ ਨੰਬਰ 17 ਤੋਂ ਮਾਰਕੀਟ ਕਮੇਟੀ ਸੁਨਾਮ ਦੇ ਸਾਬਕਾ ਚੇਅਰਮੈਨ ਮੁਨੀਸ਼ ਸੋਨੀ ਦੀ ਪਤਨੀ ਸਾਬਕਾ ਕੌਂਸਲਰ ਦੀਪਕਾ ਗੋਇਲ ਦੀ ਟੱਕਰ ਭਾਜਪਾ ਦੀ ਸਾਬਕਾ ਕੌਂਸਲਰ ਮੋਨਿਕਾ ਗੋਇਲ ਨਾਲ ਹੈ | ਸ਼ਹਿਰ ਦੇ ਬਹੁਤ ਹੀ ਚਰਚਿਤ ਵਾਰਡ ਨੰਬਰ 20 ਤੋਂ ਮਾਹੀ ਮਹੰਤ ਦੀ ਲੜਾਈ ਸ਼ੋ੍ਰਮਣੀ ਅਕਾਲੀ ਦਲ ਦੇ ਨੌਜਵਾਨ ਆਗੂ ਮਨਪ੍ਰੀਤ ਸਿੰਘ ਬੰਟੀ ਵਿਚਕਾਰ ਹੈ | ਵਾਰਡ ਨੰਬਰ 21 ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਸਲੋਨੀ ਗਰਗ ਅਤੇ ਅਜਾਦ ਉਮੀਦਵਾਰ ਕੰਚਨ ਬਾਲਾ ਵਿਚ ਮੁਕਾਬਲਾ ਹੈ | ਵਾਰਡ ਨੰਬਰ 22 ਤੋਂ ਮਨਪ੍ਰੀਤ ਬਾਂਸਲ ਆਮ ਆਦਮੀ ਪਾਰਟੀ ਅਤੇ ਕਿਰਨਾ ਦੇਵੀ ਆਜ਼ਾਦ ਉਮੀਦਵਾਰ ਵਿਚਕਾਰ ਸਿੱਧਾ ਮੁਕਾਬਲਾ ਹੈ |