ਸ਼ੇਰਪੁਰ, 5 ਜੂਨ (ਦਰਸ਼ਨ ਸਿੰਘ ਖੇੜੀ) - ਸੇਵਾ ਕੇਂਦਰ ਮੁਲਾਜਮ ਯੂਨੀਅਨ ਪੰਜਾਬ ਵੱਲੋਂ ਆਪਣੀਆਂ ਹੱਕੀ ਮੰਗਾਂ ਲਈ ਪਿਛਲੇ ਇੱਕ ਹਫ਼ਤੇ ਤੋਂ ਵੀ ਵੱਧ ਸਮੇਂ ਤੋਂ ਪੰਜਾਬ ਭਰ ਦੇ ਸੇਵਾ ਕੇਂਦਰਾਂ ਦਾ ਕੰਮਕਾਜ ਮੁਕੰਮਲ ਤੌਰ ਤੇ ਠੱਪ ਕਰ ਕੇ ਸਮੁੱਚੇ ਪੰਜਾਬ ਅੰਦਰ ਜ਼ਿਲ੍ਹਾ ਪੱਧਰੀ ਰੋਸ਼ ਧਰਨੇ ਦਿੱਤੇ ਜਾ ਰਹੇ ਹਨ | ਜਥੇਬੰਦੀ ਦੇ ਬਲਾਕ ਸ਼ੇਰਪੁਰ ਤੋਂ ਪ੍ਰਧਾਨ ਦੀਦਾਰ ਸਿੰਘ ਬਾਦਸ਼ਾਹਪੁਰ ਨੇ ਅਜੀਤ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਰਕਾਰ ਵੱਲੋਂ ਪ੍ਰਾਈਵੇਟ ਕੰਪਨੀ ਰਾਹੀਂ ਨਿਗੂਣੇ ਮਾਣਭੱਤੇ ਉੱਪਰ ਕੰਮ ਕਰਵਾ ਕੇ ਉਨ੍ਹਾਂ ਦਾ ਮਾਨਸਿਕ ਅਤੇ ਆਰਥਿਕ ਤੌਰ ਤੇ ਸ਼ੋਸ਼ਣ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸੇਵਾ ਕੇਂਦਰ ਮੁਲਾਜਮਾਂ ਨੂੰ ਤੁਰੰਤ ਪ੍ਰਭਾਵ ਨਾਲ ਪੱਕਾ ਕਰ ਕੇ ਤਨਖ਼ਾਹ ਵਿੱਚ ਵਾਧਾ ਕਰਦੇ ਹੋਏ ਉਨ੍ਹਾਂ ਦਾ ਮਾਣ ਸਨਮਾਨ ਬਹਾਲ ਕਰੇ | ਦੀਦਾਰ ਸਿੰਘ ਬਾਦਸ਼ਾਹਪੁਰ ਨੇ ਕਿਹਾ ਕਿ ਜਥੇਬੰਦੀ ਵੱਲੋਂ ਕੱਲ੍ਹ 6 ਜੂਨ ਨੂੰ ਸਵੇਰੇ 11 ਵਜੇ ਅਨਾਜ ਮੰਡੀ ਸੁਨਾਮ ਵਿਖੇ ਵਿਸ਼ਾਲ ਰੋਸ਼ ਰੈਲੀ ਕੀਤੀ ਜਾ ਰਹੀ ਹੈ | ਉਨ੍ਹਾਂ ਇੰਕਸ਼ਾਫ਼ ਪਸੰਦ ਤੇ ਸੰਘਰਸ਼ਸ਼ੀਲ ਜਥੇਬੰਦੀਆਂ ਨੂੰ ਇਸ ਸੰਘਰਸ਼ ਵਿੱਚ ਸ਼ਾਮਲ ਹੋਕੇ ਸੇਵਾ ਕੇਂਦਰ ਮੁਲਾਜਮਾਂ ਦਾ ਸਾਥ ਦੇਣ ਦੀ ਅਪੀਲ ਕੀਤੀ ਹੈ | ਇਸ ਮੌਕੇ ਮਨਪ੍ਰੀਤ ਸਿੰਘ, ਸੰਦੀਪ ਸਿੰਘ ਅਤੇ ਅਕਸ਼ੇ ਕੁਮਾਰ ਆਦਿ ਆਗੂ ਮੌਜੂਦ ਸਨ |