ਧਨੌਲਾ, 7 ਜੂਨ (ਜਤਿੰਦਰ ਸਿੰਘ ਧਨੌਲਾ)-ਬੀਤੇ ਦਿਨੀਂ ਅਤਰਗੜ੍ਹ ਪਿੰਡ ਵਿਖੇ ਨਿੱਜੀ ਜ਼ਮੀਨ ਵਾਹੁਣ ਗਏ ਧਨੌਲਾ ਦੇ ਵਸਨੀਕ ਤੇਜਿੰਦਰ ਦਾਸ ਪੁੱਤਰ ਰਾਲ੍ਹਾ ਦਾਸ ਦਾ ਟਰੈਕਟਰ ਹੇਠਾਂ ਦਰੜ ਕੇ ਕਤਲ ਕਰਨ ਦਾ ਮਾਮਲਾ ਚਰਚਿਤ ਹੋਇਆ ਸੀ | ਜਿਸ ਸਬੰਧੀ ਮਿ੍ਤਕ ਦੇ ਸਪੁੱਤਰ ਹਰਮਨ ਬਾਵਾ ਪੁੱਤਰ ਤੇਜਿੰਦਰ ਦਾਸ ਨੇ ਇਸ ਘਟਨਾ ਦਾ ਅੱਖੀਂ ਡਿੱਠਾ ਹਾਲ ਸੁਣਾਇਆ ਸੀ ਪ੍ਰੰਤੂ ਜ਼ਿਲ੍ਹਾ ਪੁਲਿਸ ਸ਼ੱਕ ਪ੍ਰਗਟ ਕਰਦੀ ਰਹੀ ਸੀ ਕਿ ਕਿਤੇ ਤੇਜਿੰਦਰ ਦੀ ਮੌਤ ਸਟੰਟ ਕਰਨ ਕਾਰਨ ਨਾ ਹੋਈ ਹੋਵੇ | ਇਸ ਸਬੰਧੀ ਲੋਕਾਂ ਦਾ ਵੱਡੀ ਗਿਣਤੀ ਵਿਚ ਹਜੂਮ ਉਨ੍ਹਾਂ ਦੇ ਪਰਿਵਾਰ ਦੇ ਹੱਕ ਵਿਚ ਥਾਣਾ ਧਨੌਲਾ ਵਿਖੇ ਇਕੱਤਰ ਹੋ ਗਿਆ ਤੇ ਸਖ਼ਤ ਰੋਸ ਧਰਨਾ ਦਿੱਤਾ ਗਿਆ | ਬਾਅਦ ਦੁਪਹਿਰ ਤੱਕ ਰੋਸ ਧਰਨੇ ਦੀ ਕੋਈ ਸੁਣਵਾਈ ਨਾ ਹੁੰਦੀ ਦੇਖ ਕੇ ਕਿਸਾਨ ਜਥੇਬੰਦੀਆਂ, ਵਪਾਰ ਮੰਡਲ ਅਤੇ ਹੋਰ ਸਮਾਜ ਸੇਵੀ ਸੰਸਥਾਵਾਂ ਵਲੋਂ ਇਨਸਾਫ਼ ਨਾ ਮਿਲਣ ਦੀ ਸੂਰਤ ਵਿਚ ਮੁੱਖ ਮਾਰਗ ਜਾਮ ਕਰ ਕੇ ਮਿ੍ਤਕ ਦੀ ਦੇਹ ਮੁੱਖ ਮਾਰਗ ਦੇ ਵਿਚਾਲੇ ਰੱਖਣ ਦਾ ਐਲਾਨ ਕਰ ਦਿੱਤਾ ਸੀ | ਧਰਨਾਕਾਰੀਆਂ ਦੇ ਰੁਖ ਨੂੰ ਭਾਂਪਦਿਆਂ, ਸਭ ਪਾਸਿਉਂ ਦਬਾਅ ਬਣਦਾ ਦੇਖ ਕੇ ਧਨੌਲਾ ਪੁਲਿਸ ਨੇ ਤੇਜਿੰਦਰ ਦਾਸ ਪੁੱਤਰ ਰਾਲ੍ਹਾ ਦਾਸ ਦੇ ਸਪੁੱਤਰ ਹਰਮਨ ਬਾਬਾ ਪੁੱਤਰ ਤੇਜਿੰਦਰ ਦਾਸ ਦੇ ਬਿਆਨ ਦੇ ਆਧਾਰ 'ਤੇ ਭੋਲਾ ਦਾਸ ਪੁੱਤਰ ਵਚਨ ਦਾਸ, ਸੁਖਪਾਲ ਦਾਸ ਉਰਫ ਟੀਟੂ ਪੁੱਤਰ ਭੋਲਾ ਦਾਸ, ਧਰਮਪਾਲ ਉਰਫ ਗਾਂਧੀ ਪੁੱਤਰ ਭੋਲਾ ਦਾਸ ਵਿਰੁੱਧ 103/1, 351/2, 191/3, 199 ਬੀ.ਐਨ.ਐਸ. ਤਹਿਤ ਮੁਕੱਦਮਾ ਦਰਜ ਕਰ ਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ | ਪਰਚਾ ਦਰਜ ਹੋਣ ਉਪਰੰਤ ਮਿ੍ਤਕ ਦੇ ਪਰਿਵਾਰਿਕ ਮੈਂਬਰ ਪੁਲਿਸ ਨਾਲ ਸਹਿਮਤ ਹੋ ਕੇ ਬਰਨਾਲਾ ਮੁਰਦਘਾਟ ਵਿਚ ਪਈ ਤੇਜਿੰਦਰ ਦਾਸ ਦੀ ਮਿ੍ਤਕ ਦੇਹ ਲੈਣ ਚਲੇ ਗਏ ਤਾਂ ਕਿ ਉਸ ਦਾ ਸਮੇਂ ਸਿਰ ਅੰਤਿਮ ਸਸਕਾਰ ਕੀਤਾ ਜਾ ਸਕੇ |