31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਲਹਿਰਾਗਾਗਾ 'ਚ ਗੰਦੇ ਪਾਣੀ ਨੂੰ ਲੈ ਕੇ ਵਿਰੋਧੀ ਪਾਰਟੀਆਂ ਨੇ ਰਾਮੇ ਵਾਲੀ ਖੂਹੀ ਉੱਪਰ ਲਗਾਏ ਧਰਨੇ <br/>

ਅਜੀਤ ਡੈਸਕ 10-06-2026
ਲਹਿਰਾਗਾਗਾ, 9 ਜੂਨ (ਅਸ਼ੋਕ ਗਰਗ) - ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਤੇ ਕਾਂਗਰਸ ਪਾਰਟੀ ਵਲੋਂ ਸਥਾਨਕ ਸ਼ਹਿਰ ਦੇ ਕੁਝ ਵਾਰਡਾਂ 'ਚ ਸਪਲਾਈ ਹੋ ਰਹੇ ਗੰਦੇ ਪਾਣੀ ਦੀ ਸਮੱਸਿਆ ਦੇ ਹੱਲ ਲਈ ਅਤੇ ਟੁੱਟੀਆਂ ਸੜਕਾਂ ਬਣਾਉਣ ਦੀ ਮੰਗ ਨੂੰ ਲੈ ਕੇ ਅੱਜ ਪਿੰਡ ਵਾਲੀ ਸਾਈਡ ਰਾਮੇ ਵਲੀ ਖੂਹੀ 'ਤੇ ਧਰਨੇ ਲਗਾਏ ਗਏ | ਇਨ੍ਹਾਂ ਮਸਲਿਆਂ ਨੂੰ ਲੈ ਕੇ ਵਿਰੋਧੀ ਪਾਰਟੀਆਂ ਦੇ ਆਗੂ ਵੀ ਹਰ ਰੋਜ਼ ਇਸ ਮਸਲੇ ਨੂੰ ਗੰਭੀਰਤਾ ਨਾਲ ਉਠਾ ਰਹੇ ਹਨ | ਪੰਜਾਬ ਦੇ ਸਾਬਕਾ ਖ਼ਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦੀ ਅਗਵਾਈ 'ਚ ਅੱਜ ਪਾਰਟੀ ਆਗੂਆਂ ਅਤੇ ਵਰਕਰਾਂ ਨੇ ਰਾਮੇ ਵਾਲੀ ਖੂਹੀ 'ਤੇ ਦੂਸਰੀ ਵਾਰ ਧਰਨਾ ਦੇ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ | ਸ. ਢੀਂਡਸਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਹੈ ਕਿ ਗੰਧਲੇ ਪਾਣੀ ਦੀ ਸਪਲਾਈ ਨਾਲ ਸ਼ਹਿਰ ਅੰਦਰ ਬਿਮਾਰੀਆਂ ਫੈਲਣ ਦਾ ਡਰ ਬਣਿਆ ਨਹੀਂ ਹੋਇਆ ਬਲਕਿ ਘਰਾਂ 'ਚ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ | ਉਨ੍ਹਾਂ ਕਿਹਾ ਕਿ ਇਹ ਬਹੁਤ ਸ਼ਰਮ ਦੀ ਗੱਲ ਹੈ ਕਿ ਆਜ਼ਾਦੀ ਤੋਂ ਬਾਅਦ ਵੀ ਲੋਕਾਂ ਨੂੰ ਪੀਣ ਲਈ ਸਾਫ਼ ਪਾਣੀ ਨੂੰ ਤਰਸਣਾ ਪਵੇ, ਸ਼ਹਿਰ ਅੰਦਰ ਫੈਲ ਰਹੀਆਂ ਸਾਰੀਆਂ ਬਿਮਾਰੀਆਂ ਦੀ ਜੜ੍ਹ ਘਰਾਂ ਵਿਚ ਸਪਲਾਈ ਹੋ ਰਿਹਾ ਗੰਦਾ ਪਾਣੀ ਹੈ | ਉਨ੍ਹਾਂ ਕਿਹਾ ਕਿ ਜੇਕਰ ਲੋਕ ਆਪਣੀਆਂ ਮੰਗਾਂ ਲਈ ਇਕੱਠੇ ਹੋਣਗੇ ਤਾਂ ਹੀ ਕੁੰਭ ਕਰਨੀ ਨੀਂਦ ਸੁੱਤੀ ਪਈ ਸਰਕਾਰ ਜਾਗੇਗੀ | ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਰਮ ਪ੍ਰਚਾਰ ਕਮੇਟੀ ਮੈਂਬਰ ਜਥੇਦਾਰ ਰਾਮਪਾਲ ਸਿੰਘ ਬਹਿਣੀਵਾਲ, ਸਾਬਕਾ ਚੇਅਰਮੈਨ ਗੁਰਸੰਤ ਸਿੰਘ ਭੁਟਾਲ, ਭਾਜਪਾ ਦੇ ਸੀਨੀਅਰ ਆਗੂ ਕੇਵਲ ਕਿ੍ਸ਼ਨ, ਸੁਖਵਿੰਦਰ ਸਿੰਘ ਬਿੱਲੂ ਖੰਡੇਬਾਦ, ਗੁਲਜ਼ਾਰ ਸਿੰਘ ਜਵੰਦਾ, ਸਾਬਕਾ ਚੇਅਰਮੈਨ ਗੁਰਦੀਪ ਸਿੰਘ ਕੋਟੜਾ, ਆੜ੍ਹਤੀ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਸਿੰਗਲਾ, ਕੌਂਸਲਰ ਕਿਰਪਾਲ ਸਿੰਘ ਨਾਥਾ, ਸਾਬਕਾ ਕੌਂਸਲਰ ਦਵਿੰਦਰ ਨੀਟੂ, ਸਾਬਕਾ ਕੌਂਸਲਰ ਨੀਟੂ ਸ਼ਰਮਾ, ਸੱਤਪਾਲ ਪਾਲੀ, ਸੁਰੇਸ਼ ਕੁਮਾਰ ਪਾਲਾ, ਛੱਜੂ ਸਿੰਘ ਧਾਲੀਵਾਲ, ਰਿੰਕੂ ਖਰੋੜ, ਜਸਵੰਤ ਸਿੰਘ ਹੈਪੀ ਮੌਜੂਦ ਸਨ |
ਕਾਂਗਰਸ ਨੇ ਗੰਦਲੇ ਪਾਣੀ ਦੇ ਮਸਲੇ 'ਤੇ ਲਗਾਇਆ ਧਰਨਾ
ਮੰਤਰੀ ਗੋਇਲ ਦੇ ਕੰਮਾਂ ਦੀ ਕੀਤੀ ਪ੍ਰਸ਼ੰਸਾ
ਲਹਿਰਾਗਾਗਾ- ਪੰਜਾਬ ਪ੍ਰਦੇਸ਼ ਕਾਂਗਰਸ ਦੇ ਮੈਂਬਰ ਸਨਮੀਕ ਸਿੰਘ ਹੈਨਰੀ ਨੇ ਆਪਣੇ ਸਾਥੀਆਂ ਸਮੇਤ ਰਾਮੇ ਵਾਲੀ ਖੂਹੀ ਉੱਪਰ ਕਈ ਵਾਰਡਾਂ ਵਿੱਚ ਸਪਲਾਈ ਹੋ ਰਹੇ ਗੰਧਲੀ ਪਾਣੀ ਨੂੰ ਲੈ ਕੇ ਧਰਨਾ ਲਗਾਇਆ, ਹੈਨਰੀ ਨੇ ਸੰਬੋਧਨ ਕਰਦਿਆਂ ਜਿੱਥੇ ਲੋਕਾਂ ਦੀਆਂ ਮੰਗਾਂ ਉੱਪਰ ਡਟ ਕੇ ਸਾਥ ਦੇਣ ਦੀ ਗੱਲ ਕੀਤੀ ਅਤੇ ਕਿਹਾ ਕਿ ਸਰਕਾਰ ਨੂੰ ਸ਼ਹਿਰ ਵਿੱਚ ਸਪਲਾਈ ਹੋ ਰਹੇ ਗੰਧਲੇ ਪਾਣੀ ਦੀ ਸਮੱਸਿਆ ਦੇ ਹੱਲ ਅਤੇ ਨਵੀਆਂ ਸੜਕਾਂ ਬਣਾਉਣ ਲਈ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ | ਇਸੇ ਦੌਰਾਨ ਹੈਨਰੀ ਨੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਵਲੋਂ ਸ਼ਹਿਰ ਵਿੱਚ ਕਰਵਾਏ ਗਏ ਵਿਕਾਸ ਦੇ ਕੰਮਾਂ ਦੀ ਰੱਜ ਕੇ ਪ੍ਰਸ਼ੰਸਾ ਵੀ ਕੀਤੀ | ਇਸ ਧਰਨੇ 'ਚ ਭਾਜਪਾ ਦੇ ਆਗੂ ਪਤੀ ਪਤਨੀ ਗੁਰਤੇਜ ਸਿੰਘ ਭੁਟਾਲ ਕਲਾਂ ਅਤੇ ਰਾਜ ਕੌਰ ਨੇ ਵੀ ਧਰਨੇ ਵਿੱਚ ਸਮਰਥਨ ਦਿੱਤਾ | ਧਰਨੇ ਵਿੱਚ ਮੌਜੂਦਾ ਕੌਂਸਲਰ ਰਜਨੀਸ਼ ਗੁਪਤਾ, ਕਾਂਗਰਸ ਦੇ ਸੀਨੀਅਰ ਆਗੂ ਰਣਧੀਰ ਸਿੰਘ ਖਾਈ ਨੇ ਵੀ ਸੰਬੋਧਨ ਕਰਦਿਆਂ ਸ਼ਹਿਰ ਅੰਦਰੋਂ ਸਪਲਾਈ ਹੋ ਰਹੇ ਗੰਧਲੇ ਪਾਣੀ ਸੁਧਾਰ ਲਿਆਉਣ ਅਤੇ ਟੁੱਟੀਆਂ ਸੜਕਾਂ ਨੂੰ ਤੁਰੰਤ ਬਣਾਉਣ ਦੀ ਮੰਗ ਕੀਤੀ |
ਸ਼ਹਿਰ 'ਚ ਕੋਈ ਗੰਧਲਾ ਪਾਣੀ ਸਪਲਾਈ ਨਹੀਂ ਹੋ ਰਿਹਾ- ਮੈਡਮ ਕਾਂਤਾ ਗੋਇਲ
ਨਗਰ ਕੌਂਸਲ ਲਹਿਰਾਗਾਗਾ ਦੇ ਪ੍ਰਧਾਨ ਮੈਡਮ ਕਾਂਤਾ ਗੋਇਲ ਨੇ ਸਪਸ਼ਟ ਕੀਤਾ ਹੈ ਕਿ ਸ਼ਹਿਰ ਵਿਚ ਗੰਦਲੇ ਪਾਣੀ ਦੀ ਕੋਈ ਸਮੱਸਿਆ ਨਹੀਂ ਹੈ, ਨਗਰ ਕੌਂਸਲ ਨੇ 100 ਫ਼ੀਸਦੀ ਮਸਲਾ ਹੱਲ ਕਰ ਲਿਆ ਹੈ | ਉਨ੍ਹਾਂ ਪਰਮਿੰਦਰ ਢੀਂਡਸਾ 'ਤੇ ਤੰਜ਼ ਕਸਦਿਆਂ ਕਿਹਾ ਕਿ ਇਹ ਸਿਵਾਏ ਸਿਆਸਤ ਦੇ ਹੋਰ ਕੁੱਝ ਨਹੀਂ ਕਰ ਰਹੇ ਸਿਰਫ਼ ਵੋਟਾਂ ਵਟੋਰਣ ਲਈ ਅੱਜ ਇੱਥੇ ਆ ਕੇ ਧਰਨੇ ਲਗਾ ਰਹੇ ਹਨ ਉਨ੍ਹਾਂ ਸਪਸ਼ਟ ਕਿਹਾ ਕਿ ਗੰਦਲੇ ਪਾਣੀ ਨੂੰ ਲੈ ਕੇ ਕਿਸੇ ਇੱਕ ਵੀ ਵਿਅਕਤੀ ਨੇ ਨਗਰ ਕੌਂਸਲ ਵਿੱਚ ਆਪਣੀ ਸ਼ਿਕਾਇਤ ਦਰਜ ਨਹੀਂ ਕਰਵਾਈ | ਕੈਬਨਿਟ ਮੰਤਰੀ ਗੋਇਲ ਦੇ ਸਪੁੱਤਰ ਗੌਰਵ ਗੋਇਲ ਅਤੇ ਨਗਰ ਕੌਂਸਲ ਦੇ ਅਧਿਕਾਰੀ ਵਾਰਡਾਂ ਵਿੱਚ ਜਾ ਕੇ ਬਾਕਾਇਦਾ ਲੋਕਾਂ ਦੀਆਂ ਸਮੱਸਿਆਵਾਂ ਸੁਣ ਰਹੇ ਹਨ ਪਰ ਹੁਣ ਤੱਕ ਇੱਕ ਵੀ ਅਜਿਹੀ ਸ਼ਿਕਾਇਤ ਨਹੀਂ ਆਈ ਜਿਸ ਵਿੱਚ ਲੋਕਾਂ ਨੇ ਇਹ ਕਿਹਾ ਹੋਵੇ ਕਿ ਸਾਨੂੰ ਪੀਣ ਵਾਲਾ ਪਾਣੀ ਸ਼ੁੱਧ ਨਹੀਂ ਮਿਲ ਰਿਹਾ |

ਪਿਛਲੀ ਖ਼ਬਰ ਮਲੇਰਕੋਟਲਾ ਵਿਖੇ ਜਾਨਵਰਾਂ ਦੇ ਹੱਕ 'ਚ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ <br/> ਅਗਲੀ ਖ਼ਬਰ ਮੈਡਮ ਕਮਲੇਸ਼ ਨੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਵਜੋਂ ਅਹੁਦਾ ਸੰਭਾਲਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।