ਸੰਗਰੂਰ, 9 ਜੂਨ (ਧੀਰਜ ਪਸ਼ੌਰੀਆ) - ਸੰਗਰੂਰ ਦੀ ਕੋਲਾ ਪਾਰਕ ਮਾਰਕੀਟ ਨੇੜੇ ਸਥਿਤ ਬੀ.ਐਸ.ਐਨ.ਐਲ. ਕਾਲੋਨੀ 'ਚ ਸਥਿਤ ਪਾਵਰਕਾਮ ਦੀ ਐਮ.ਈ. ਲੈਬ 'ਚ ਉਸ ਸਮੇਂ ਹਾਫੜਾ ਦਫ਼ੜੀ ਦਾ ਮਾਹੌਲ ਬਣ ਗਿਆ, ਜਦੋਂ ਇਸ ਦੇ ਪਿਛਲੇ ਪਾਸੇ ਲੱਗੀ ਅੱਗ ਨੇ ਮਿੰਟਾਂ 'ਚ ਹੀ ਭਿਆਨਕ ਰੂਪ ਧਾਰਨ ਕਰ ਲਿਆ | ਇਹ ਅੱਗ ਹਵਾ ਦੇ ਚਲਦਿਆਂ ਪਾਵਰਕਾਮ ਦੀ ਐਮ.ਈ. ਲੈਬ 'ਚ ਦਖ਼ਲ ਹੋ ਗਈ ਅਤੇ ਉੱਥੇ ਪਏ ਸਾਮਾਨ ਨੂੰ ਲੱਗ ਕੇ ਬੇਕਾਬੂ ਹੋ ਗਈ | ਕੁਝ ਮਿੰਟਾਂ ਬਾਅਦ ਹੀ ਫਾਇਰ ਬਿ੍ਗੇਡ ਦੀਆਂ ਗੱਡੀਆਂ ਪਹੁੰਚ ਗਈਆਂ, ਜਿਨ੍ਹਾਂ ਨੇ ਕਾਫ਼ੀ ਜਦੋਂ ਜਹਿਦ ਤੋਂ ਬਾਅਦ ਇਸ ਅੱਗ 'ਤੇ ਕਾਬੂ ਪਾ ਲਿਆ | ਉੱਧਰ ਪੁਲਿਸ ਸਿਟੀ ਥਾਣਾ ਦੇ ਇੰਚਾਰਜ ਇੰਸਪੈਕਟਰ ਗੁਲਾਬ ਸਿੰਘ ਵੀ ਆਪਣੀ ਟੀਮ ਲੈ ਕੇ ਤੁਰੰਤ ਮੌਕੇ 'ਤੇ ਪਹੁੰਚ ਗਏ | ਉਨ੍ਹਾਂ ਦੱਸਿਆ ਕਿ ਐਮ.ਈ. ਲੈਬ ਦੇ ਇੰਚਾਰਜ ਹੋਏ ਨੁਕਸਾਨ ਦਾ ਜਾਇਜ਼ਾ ਲੈ ਰਹੇ ਹਨ, ਉਸ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ | ਐਮ.ਈ. ਲੈਬ ਦੇ ਇੰਚਾਰਜ ਐਸ.ਡੀ.ਓ. ਸੁਰਿੰਦਰ ਕੁਮਾਰ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਦਫ਼ਤਰ ਬੀ.ਐਸ.ਐਨ.ਐਲ. ਤੋਂ 2024 ਤੋਂ ਕਿਰਾਏ 'ਤੇ ਲਿਆ ਹੋਇਆ ਹੈ | ਅੱਜ ਦੁਪਹਿਰ ਅੱਗ ਇਕਦਮ ਅੱਗ ਲੈਬ 'ਚ ਦਖ਼ਲ ਹੋ ਗਈ, ਜਿੱਥੇ ਬਿਜਲੀ ਮੀਟਰਾਂ ਦੇ ਵੱਡੀ ਮਿਕਦਾਰ 'ਚ ਬਕਸੇ ਅਤੇ ਹੋਰ ਸਾਜੋ ਸਾਮਾਨ ਪਿਆ ਸੀ, ਜੋ ਅੱਗ ਦੀ ਲਪੇਟ 'ਚ ਆ ਗਿਆ | ਉਨ੍ਹਾਂ ਦੱਸਿਆ ਕਿ ਕਿੰਨਾ ਨੁਕਸਾਨ ਹੋਇਆ ਹੈ ਇਸ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ | ਜਦੋਂ ਅੱਗ ਲੱਗੀ ਤਾਂ ਉਸ ਸਮੇਂ ਲੈਬ ਦੇ 10 ਮੁਲਾਜ਼ਮਾਂ ਦੇ ਸਮੇਤ 50 ਕੁ ਵਿਅਕਤੀ ਉੱਥੇ ਮੌਜੂਦ ਸਨ | ਅੱਗ 'ਤੇ ਕਾਬੂ ਪਾਉਣ ਤੋਂ ਬਾਅਦ ਫਾਇਰ ਅਫ਼ਸਰ ਪਵਿੱਤਰ ਸਿੰਘ ਨੇ ਦੱਸਿਆ ਕਿ ਫਾਇਰ ਬਿ੍ਗੇਡ ਦੀਆਂ ਦੋ ਗੱਡੀਆਂ ਅਤੇ ਇਕ ਜੀਪ ਨੇ ਮੌਕੇ 'ਤੇ ਪੁੱਜ ਕੇ 15 ਕੁ ਮਿੰਟ 'ਚ ਹੀ ਅੱਗ 'ਤੇ ਕਾਬੂ ਪਾ ਲਿਆ |