ਲਹਿਰਾਗਾਗਾ, 9 ਜੂਨ (ਅਸ਼ੋਕ ਗਰਗ) - ਐਸ.ਡੀ.ਐਮ. ਲਹਿਰਾਗਾਗਾ ਰਾਕੇਸ਼ ਪ੍ਰਕਾਸ਼ ਗਰਗ ਨੇ ਅੱਜ ਸਵੇਰੇ 7:35 ਵਜੇ ਨਾਈਟ ਸੂਟ ਵਿੱਚ ਅਚਾਨਕ ਛਾਪਾ ਮਾਰ ਕੇ ਵੱਖ-ਵੱਖ ਸਰਕਾਰੀ ਦਫ਼ਤਰਾਂ ਵਿਚ ਪਹੁੰਚ ਕੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਹਾਜ਼ਰੀ ਚੈੱਕ ਕੀਤੀ | ਛਾਪੇ ਦੌਰਾਨ ਨਗਰ ਕੌਂਸਲ ਦਫ਼ਤਰ, ਐਸ.ਡੀ.ਐਮ. ਦਫ਼ਤਰ ਅਤੇ ਤਹਿਸੀਲਦਾਰ ਦਫ਼ਤਰ ਲਹਿਰਾਗਾਗਾ ਵਿਚ ਲਗਭਗ 90 ਫ਼ੀਸਦੀ ਕਰਮਚਾਰੀ ਗ਼ੈਰ ਹਾਜ਼ਰ ਪਾਏ ਗਏ, ਜਦੋਂਕਿ ਮਾਰਕੀਟ ਕਮੇਟੀ ਲਹਿਰਾਗਾਗਾ ਦਾ 100 ਫ਼ੀਸਦੀ ਸਟਾਫ਼ ਗ਼ੈਰ ਹਾਜ਼ਰ ਮਿਲਿਆ | ਐਸ.ਡੀ.ਐਮ. ਨੇ ਗ਼ੈਰ ਹਾਜ਼ਰ ਕਰਮਚਾਰੀਆਂ ਵਿਰੁੱਧ ਸ਼ੋ-ਕਾਜ ਨੋਟਿਸ ਜਾਰੀ ਕਰ ਦਿੱਤੇ ਹਨ | ਇਸ ਮਾਮਲੇ ਵਿਚ ਵਿਭਾਗੀ ਕਾਰਵਾਈ ਆਗਾਮੀ ਸਮੇਂ ਵਿੱਚ ਹੋਣ ਦੀ ਉਮੀਦ ਹੈ | ਗਰਮੀ ਨੂੰ ਧਿਆਨ ਵਿੱਚ ਰੱਖਦਿਆਂ ਇਸ ਸਮੇਂ ਦਫ਼ਤਰਾਂ ਦਾ ਸਮਾਂ ਸਵੇਰੇ 7:30 ਵਜੇ ਤੋਂ ਦੁਪਹਿਰ 1:30 ਵਜੇ ਤੱਕ ਰੱਖਿਆ ਗਿਆ ਹੈ, ਫਿਰ ਵੀ ਬਹੁਤੀ ਗਿਣਤੀ ਵਿੱਚ ਕਰਮਚਾਰੀ ਡਿਊਟੀ 'ਤੇ ਮੌਜੂਦ ਨਹੀਂ ਸਨ | ਐਸ.ਡੀ.ਐਮ. ਰਾਕੇਸ਼ ਪ੍ਰਕਾਸ਼ ਗਰਗ ਨੇ ਸਪੱਸ਼ਟ ਸੰਦੇਸ਼ ਦਿੱਤਾ ਹੈ ਕਿ ਸਰਕਾਰੀ ਦਫ਼ਤਰਾਂ ਵਿੱਚ ਅਨੁਸ਼ਾਸਨ ਬਣਾਈ ਰੱਖਣ ਅਤੇ ਲੋਕਾਂ ਨੂੰ ਬਿਹਤਰ ਸੇਵਾਵਾਂ ਮੁਹੱਈਆ ਕਰਵਾਉਣ ਲਈ ਇਸ ਤਰ੍ਹਾਂ ਦੀਆਂ ਚੈੱਕਿੰਗਾਂ ਜਾਰੀ ਰਹਿਣਗੀਆਂ | ਸ਼੍ਰੀ ਗਰਗ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਸਖਤ ਹਦਾਇਤਾਂ ਹਨ ਕਿ ਸਰਕਾਰੀ ਅਧਿਕਾਰੀ ਅਤੇ ਕਰਮਚਾਰੀ ਸਮੇਂ ਸਿਰ ਆਪਣੇ ਦਫ਼ਤਰਾਂ ਵਿੱਚ ਪਹੁੰਚ ਕੇ ਲੋਕਾਂ ਦੇ ਕੰਮਾਂ ਨੂੰ ਪਹਿਲ ਦੇ ਆਧਾਰ 'ਤੇ ਕਰਨ ਦੀ ਤਰਜੀਹ ਦੇਣ |