ਲਹਿਰਾਗਾਗਾ, 10 ਜੂਨ (ਅਸ਼ੋਕ ਗਰਗ) - ਲਹਿਰਾਗਾਗਾ ਦੇ ਜੀ.ਪੀ.ਐੱਫ ਪਾਰਕ ਵਿਖੇ 4161 ਮਾਸਟਰ ਕਾਡਰ ਰੀਕਾਸਟ ਸੂਚੀ ਅਧਿਆਪਕਾਂ ਵਲੋਂ ਆਗੂ ਰਣਜੀਤ ਸਿੰਘ ਕੋਟੜਾ ਦੀ ਅਗਵਾਈ 'ਚ ਮੀਟਿੰਗ ਕੀਤੀ ਗਈ | ਮੀਟਿੰਗ ਵਿਚ ਸ਼ਾਮਿਲ ਸੂਬਾ ਆਗੂ ਬਲਕਾਰ ਸਿੰਘ ਮਘਾਣੀਆਂ ਨੇ ਦੱਸਿਆ ਕਿ ਪਿਛਲੀ 6 ਮਈ ਨੂੰ ਹਰ ਤਰ੍ਹਾਂ ਦੀਆਂ ਵਿਭਾਗੀ ਸ਼ਰਤਾਂ ਪੂਰੀਆਂ ਕਰ ਕੇ ਸਿੱਖਿਆ ਵਿਭਾਗ 'ਚ ਪਿਛਲੇ ਤਿੰਨ ਸਾਲਾਂ ਤੋਂ ਇਮਾਨਦਾਰੀ ਨਾਲ ਰੈਗੂਲਰ ਸੇਵਾਵਾਂ ਨਿਭਾਅ ਰਹੇ 4161 ਮਾਸਟਰ ਕਾਡਰ ਅਧਿਆਪਕਾਂ ਵਿਚੋਂ 253 ਅਧਿਆਪਕਾਂ ਨੂੰ ਟਰਮੀਨੇਸ਼ਨ ਸੰਬੰਧੀ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤੇ ਗਏ ਸਨ ਅਤੇ ਸਪੱਸ਼ਟੀਕਰਨ ਦੇਣ ਲਈ 21 ਦਿਨ ਦਾ ਸਮਾਂ ਦਿੱਤਾ ਗਿਆ ਸੀ | ਇਸ ਸੰਬੰਧੀ 8 ਮਈ ਨੂੰ ਸਕੂਲ ਸਿੱਖਿਆ ਵਿਭਾਗ ਦੇ ਗੇਟ 'ਤੇ ਧਰਨਾ ਪ੍ਰਦਰਸ਼ਨ ਵੀ ਕੀਤਾ ਗਿਆ ਸੀ ਅਤੇ 15 ਮਈ ਦੀ ਸਿੱਖਿਆ ਸਕੱਤਰ ਮੈਡਮ ਨਾਲ ਮੀਟਿੰਗ ਦਿੱਤੀ ਗਈ, ਪਰ ਹੁਣ ਲਗਾਤਾਰ ਮੀਟਿੰਗ ਅੱਗੇ ਪਾਈ ਜਾ ਰਹੀ ਹੈ, ਕੋਈ ਗੱਲਬਾਤ ਨਹੀਂ ਕੀਤੀ ਜਾ ਰਹੀ | ਦੱਸਣਯੋਗ ਹੈ ਕਿ ਇਸ ਸੰਬੰਧੀ ਪੀੜਤ ਅਧਿਆਪਕਾਂ ਨੂੰ ਸਿੱਖਿਆ ਮੰਤਰੀ ਨਾਲ ਵੀ ਮੀਟਿੰਗ ਦਾ ਸਮਾਂ ਦਿੱਤਾ ਗਿਆ, ਪਰ ਮੰਤਰੀ ਵੱਲੋਂ ਵੀ ਮੀਟਿੰਗਾਂ ਦਾ ਸਮਾਂ ਵਾਰ-ਵਾਰ ਅੱਗੇ ਪਾਇਆ ਜਾ ਰਿਹਾ ਹੈ | ਆਗੂਆਂ ਨੇ ਕਿਹਾ ਕਿ ਅਸੀਂ 3 ਸਾਲਾਂ ਤੋਂ ਰੈਗੂਲਰ ਸੇਵਾਵਾਂ ਨਿਭਾਅ ਰਹੇ ਹਾਂ, ਐਨ ਪਰਖਕਾਲ ਪੂਰਾ ਹੋਣ ਤੋਂ ਇਕ ਦਿਨ ਪਹਿਲਾਂ ਸਾਨੂੰ ਇਹ ਟਰਮੀਨੇਸ਼ਨ ਸੰਬੰਧੀ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ | ਇਸ ਵਿਚ ਸਾਡਾ ਕੋਈ ਕਸੂਰ ਨਹੀਂ ਹੈ, ਅਸੀਂ ਪੰਜਾਬ ਸਰਕਾਰ/ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਭਰਤੀ ਨਿਯਮਾਂ ਰਾਹੀਂ ਹੀ ਸਹੀ ਤਰੀਕੇ ਨਾਲ 3 ਸਾਲ ਪਹਿਲਾਂ ਭਰਤੀ ਹੋਏ ਹਾਂ | ਅਚਾਨਕ ਤਿੰਨ ਸਾਲ ਬਾਅਦ ਸਾਡੇ ਖ਼ਿਲਾਫ਼ ਅਜਿਹਾ ਕਦਮ ਕਿਉਂ ? ਜਿਸ ਕਰ ਕੇ ਹੁਣ 4161 ਮਾਸਟਰ ਕਾਡਰ ਰੀਕਾਸਟ ਸੂਚੀਆਂ ਅਧਿਆਪਕਾਂ ਵੱਲੋਂ 11 ਜੂਨ ਨੂੰ ਸਿੱਖਿਆ ਮੰਤਰੀ ਪੰਜਾਬ ਦੇ ਪਿੰਡ ਗੰਭੀਰਪੁਰ ਵਿਖੇ ਧਰਨਾ ਦਿੱਤਾ ਜਾਵੇਗਾ ਅਤੇ ਕੋਠੀ ਵੱਲ ਮਾਰਚ ਕੀਤਾ ਜਾਵੇਗਾ | ਇਸ ਮੌਕੇ 6060 ਯੂਨੀਅਨ ਵਲੋਂ ਅੰਮਿ੍ਤ ਸਿੰਘ, ਜਗਦੀਪ ਸਿੰਘ, 4161 ਮਾਸਟਰ ਕਾਡਰ ਯੂਨੀਅਨ ਵਲੋਂ ਗੁਰਤੇਜ ਸਿੰਘ, ਜਗਸੀਰ ਸਿੰਘ, 3704 ਯੂਨੀਅਨ ਵਲੋਂ ਜਸਵੀਰ ਕੁਮਾਰ, ਦਵਿੰਦਰ ਕੁਮਾਰ ਆਦਿ ਅਧਿਆਪਕ ਸਾਥੀ ਸ਼ਾਮਿਲ ਸਨ |