ਮੂਣਕ, 10 ਜੂਨ (ਵਰਿੰਦਰ ਭਾਰਦਵਾਜ, ਕੇਵਲ ਸਿੰਗਲਾ) - ਬਰਸਾਤੀ ਮੌਸਮ ਤੇ ਘੱਗਰ ਦਰਿਆ ਵਿੱਚ ਆਉਂਦੇ ਸੰਭਾਵੀ ਹੜ੍ਹ ਦੀ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਐਸ.ਡੀ.ਐਮ.ਮੂਣਕ ਰਾਕੇਸ਼ ਪ੍ਰਕਾਸ਼ ਗਰਗ ਦੀ ਅਗਵਾਈ ਹੇਠ ਐਸ.ਡੀ.ਐਮ.ਦਫ਼ਤਰ ਮੂਣਕ ਵਿਖੇ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ | ਇਸ ਮੀਟਿੰਗ ਵਿੱਚ ਡੀ.ਐਸ.ਪੀ. ਮੂਣਕ ਰਜੇਸ਼ ਸਨੇਹੀ, ਐਸ.ਐਚ.ਓ.ਮੂਣਕ ਗੁਰਮੀਤ ਸਿੰਘ, ਐਸ.ਐਚ.ਓ. ਖਨੌਰੀ ਯੋਗੇਸ਼ ਕੁਮਾਰ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਸ਼ਮੂਲੀਅਤ ਕੀਤੀ | ਮੀਟਿੰਗ ਦੌਰਾਨ ਐਸ.ਡੀ.ਐਮ.ਰਾਕੇਸ਼ ਪ੍ਰਕਾਸ਼ ਗਰਗ ਨੇ ਸਬੰਧਿਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਹੜ੍ਹ ਨਾਲ ਨਜਿੱਠਣ ਲਈ ਸਾਰੇ ਲੋੜੀਂਦੇ ਪ੍ਰਬੰਧ ਪਹਿਲਾਂ ਹੀ ਮੁਕੰਮਲ ਕਰ ਲਏ ਜਾਣ ਜੇਕਰ ਕਿਸੇ ਵੀ ਵਿਭਾਗ ਨੂੰ ਕਿਸੇ ਤਰ੍ਹਾਂ ਦੀ ਘਾਟ ਜਾਂ ਲੋੜ ਮਹਿਸੂਸ ਹੁੰਦੀ ਹੈ ਤਾਂ ਤੁਰੰਤ ਜਾਣਕਾਰੀ ਦਿੱਤੀ ਜਾਵੇ ਤਾਂ ਜੋ ਸਮੇਂ ਸਿਰ ਲੋੜੀਂਦੇ ਪ੍ਰਬੰਧ ਮੁਕੰਮਲ ਕੀਤੇ ਜਾ ਸਕਣ | ਮੀਟਿੰਗ ਵਿੱਚ ਮਨਰੇਗਾ ਸਟਾਫ਼, ਪੰਚਾਇਤਾਂ ਅਤੇ ਸੇਵਾ-ਭਾਵਨਾ ਵਾਲੇ ਨੌਜਵਾਨਾਂ ਦੀਆਂ ਕਮੇਟੀਆਂ ਬਣਾਉਣ 'ਤੇ ਜ਼ੋਰ ਦਿੱਤਾ ਗਿਆ | ਸਰਪੰਚਾਂ ਦੀ ਅਗਵਾਈ ਹੇਠ ਕਰੀਬ 20 ਮੈਂਬਰੀ ਟੀਮਾਂ ਗਠਿਤ ਕਰਕੇ ਐਮਰਜੈਂਸੀ ਡਿਊਟੀਆਂ ਲਗਾਉਣ, ਸੰਪਰਕ ਨੰਬਰ ਜਾਰੀ ਕਰਨ ਅਤੇ ਰਾਹਤ ਕਾਰਜਾਂ ਲਈ ਤੁਰੰਤ ਕਾਰਵਾਈ ਯਕੀਨੀ ਬਣਾਉਣ ਲਈ ਕਿਹਾ ਗਿਆ | ਸ਼੍ਰੀ ਗਰਗ ਨੇ ਹਦਾਇਤ ਕੀਤੀ ਕਿ ਸ਼ਹਿਰਾਂ ਦੇ ਸੀਵਰੇਜ ਸਿਸਟਮ ਅਤੇ ਪਿੰਡਾਂ ਦੀਆਂ ਨਾਲੀਆਂ ਦੀ ਤੁਰੰਤ ਸਫ਼ਾਈ ਦੇ ਨਾਲ ਨਾਲ ਛੱਪੜਾਂ ਦੀ ਸਫ਼ਾਈ ਅਤੇ ਗੰਦੇ ਪਾਣੀ ਦੀ ਨਿਕਾਸੀ ਦੇ ਪ੍ਰਬੰਧ ਮੁਕੰਮਲ ਕੀਤੇ ਜਾਣ | ਇਸ ਤੋਂ ਇਲਾਵਾ ਸੜਕਾਂ, ਪੁਲੀਆਂ ਅਤੇ ਪੁਲਾਂ ਦੀ ਜਾਂਚ ਕਰਕੇ ਲੋੜ ਅਨੁਸਾਰ ਮੁਰੰਮਤ ਕੀਤੀ ਜਾਵੇ | ਹੜ੍ਹ ਜਾਂ ਜਲ ਭਰਾਅ ਦੀ ਸਥਿਤੀ ਵਿੱਚ ਲੋਕਾਂ ਤੱਕ ਤੁਰੰਤ ਪਹੁੰਚ ਬਣਾਈ ਰੱਖਣ ਲਈ ਸੜਕਾਂ ਅਤੇ ਨਿਕਾਸੀ ਪ੍ਰਬੰਧਾਂ ਦਾ ਰੋਡ ਮੈਪ ਵੀ ਤਿਆਰ ਕਰਨ ਲਈ ਕਿਹਾ ਗਿਆ | ਸਿਹਤ ਵਿਭਾਗ ਨੂੰ ਮੈਡੀਕਲ ਟੀਮਾਂ, ਐਂਬੂਲੈਂਸਾਂ ਅਤੇ ਲੋੜੀਂਦੀਆਂ ਦਵਾਈਆਂ ਸਮੇਤ ਹਰ ਵੇਲੇ ਤਿਆਰ ਰਹਿਣ ਦੇ ਨਿਰਦੇਸ਼ ਦਿੱਤੇ ਗਏ ਅਤੇ ਹੜ੍ਹ ਪ੍ਰਭਾਵਿਤ ਲੋਕਾਂ ਲਈ ਰਾਹਤ ਕੈਂਪ ਸਥਾਪਤ ਕਰਨ ਵਾਸਤੇ ਢੁਕਵੀਆਂ ਥਾਵਾਂ ਪਹਿਲਾਂ ਤੋਂ ਨਿਰਧਾਰਿਤ ਕਰਨ ਲਈ ਕਿਹਾ ਗਿਆ | ਵਾਟਰ ਸਪਲਾਈ ਵਿਭਾਗ ਨੂੰ ਪੀਣ ਵਾਲੇ ਸਾਫ਼ ਪਾਣੀ ਦੀ ਉਪਲਬਧਤਾ ਯਕੀਨੀ ਬਣਾਉਣ ਲਈ ਕਿਹਾ ਗਿਆ, ਜਦਕਿ ਡੀ.ਐਫ.ਐਸ.ਸੀ. ਵਿਭਾਗ ਨੂੰ ਸੰਭਾਵਿਤ ਹੜ੍ਹ ਪ੍ਰਭਾਵਿਤ ਖੇਤਰਾਂ ਲਈ ਫੂਡ ਪੈਕਟ ਤਿਆਰ ਰੱਖਣ ਅਤੇ ਰਾਹਤ ਸਮਗਰੀ ਵੰਡਣ ਵਾਲੇ ਕਰਮਚਾਰੀਆਂ ਦੀ ਸੂਚੀ ਪਹਿਲਾਂ ਤੋਂ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਗਏ | ਇਸ ਮੌਕੇ ਸਬੰਧਿਤ ਵਿਭਾਗਾਂ ਦੇ ਉੱਚ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ |