05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2026

ਸੁਨਾਮ ’ਚ ਸਿਹਤ ਸਹੂਲਤਾਂ ਦੀ ਬਿਹਤਰੀ ਲਈ ਕਰੀਬ 57 ਕਰੋੜ ਰੁਪਏ ਖਰਚੇ- ਅਮਨ ਅਰੋੜਾ

ਅਜੀਤ ਡੈਸਕ 23-06-2026
ਸੁਨਾਮ ਊਧਮ ਸਿੰਘ ਵਾਲਾ, 22 ਜੂਨ (ਰੁਪਿੰਦਰ ਸਿੰਘ ਸੱਗੂ, ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ) - ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਅੱਜ ਸੁਨਾਮ ਹਲਕੇ ਦੇ ਲੋਕਾਂ ਨੂੰ ਇੱਕ ਵੱਡੀ ਸੌਗਾਤ ਦਿੰਦਿਆਂ ਸਰਕਾਰੀ ਹਸਪਤਾਲ ਸੁਨਾਮ ਵਿਖੇ 50 ਬੈੱਡਾਂ ਵਾਲੇ ਅਤਿ-ਆਧੁਨਿਕ ਜੱਚਾ-ਬੱਚਾ ਹਸਪਤਾਲ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਕਿਹਾ ਕਿ ਇਹ ਹਸਪਤਾਲ ਕਰੀਬ 14 ਕਰੋੜ 48 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਜਾਵੇਗਾ । ਕੈਬਨਿਟ ਮੰਤਰੀ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਸੁਨਾਮ ਦੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਲਈ ਹੁਣ ਤਕ 57 ਕਰੋੜ ਰੁਪਏ ਵੱਖ ਵੱਖ ਪ੍ਰੋਜੈਕਟਾਂ ’ਤੇ ਖਰਚੇ ਜਾ ਚੁੱਕੇ ਹਨ । ਜਿਨ੍ਹਾਂ ’ਚ ਕਰੀਬ 25.5 ਕਰੋੜ ਰੁਪਏ ਦੀ ਲਾਗਤ ਨਾਲ ਸਰਕਾਰੀ ਹਸਪਤਾਲ ਸੁਨਾਮ ਵਿਖੇ ਓ.ਪੀ.ਡੀ. ਦੇ ਨਵੇਂ 09 ਕਮਰਿਆਂ ਦਾ ਬਲਾਕ, ਦਵਾਈਆਂ ਦਾ ਵੇਅਰ ਹਾਊਸ, ਟਰੋਮਾ ਸੈਂਟਰ ਅਤੇ ਬਲੱਡ ਬੈਂਕ ਸ਼ਾਮਿਲ ਹਨ । ਚੀਮਾ ਵਿਖੇ 14.5 ਕਰੋੜ ਰੁਪਏ ਦੀ ਲਾਗਤ ਦੇ ਨਾਲ ਅਤੇ ਲੌਂਗੋਵਾਲ ਵਿਖੇ 11.5 ਕਰੋੜ ਰੁਪਏ ਦੀ ਲਾਗ ਦੇ ਨਾਲ ਹਸਪਤਾਲ ਬਣਾਏ ਗਏ ਹਨ । ਹਲਕੇ ’ਚ ਵੱਖ-ਵੱਖ ਥਾਂ 08 ਆਮ ਆਦਮੀ ਕਲੀਨਿਕ ਬਣਾਏ ਗਏ ਹਨ, ਇਕ ਆਮ ਆਦਮੀ ਕਲੀਨਿਕ ਦੀ ਲਾਗਤ 25 ਲੱਖ ਰੁਪਏ ਹੈ। ਇਸੇ ਤਰ੍ਹਾਂ 12 ਹੈਲਥ ਐਂਡ ਵੈੱਲਨੈਸ ਸੈਂਟਰ ਬਣਾਏ ਗਏ ਹਨ ਤੇ ਇਕ ਹੈਲਥ ਐਂਡ ਵੈੱਲਨੈਸ ਸੈਂਟਰ ਦੀ ਲਾਗਤ 35 ਲੱਖ ਰੁਪਏ ਹੈ। ਜੱਚਾ-ਬੱਚਾ ਹਸਪਤਾਲ ਮਾਵਾਂ ਅਤੇ ਨਵ-ਜਨਮੇ ਬੱਚਿਆਂ ਲਈ ਸਿਹਤ ਸੇਵਾਵਾਂ ਨੂੰ ਹੋਰ ਮਜ਼ਬੂਤ ਕਰਨ ਵੱਲ ਇਕ ਅਹਿਮ ਕਦਮ ਹੈ । ਇਸ ਹਸਪਤਾਲ ਦੇ ਤਿਆਰ ਹੋਣ ਨਾਲ ਇਲਾਕੇ ਦੇ ਲੋਕਾਂ ਨੂੰ ਉੱਚ ਪੱਧਰੀ ਇਲਾਜ ਲਈ ਦੂਰ-ਦੁਰਾਡੇ ਜਾਂ ਵੱਡੇ ਸ਼ਹਿਰਾਂ ਦੇ ਹਸਪਤਾਲਾਂ ਵਿੱਚ ਜਾਣ ਦੀ ਲੋੜ ਨਹੀਂ ਪਵੇਗੀ। ਇਸ ਹਸਪਤਾਲ ਵਿੱਚ 5 ਓ.ਪੀ.ਡੀ. ਕਮਰੇ, 2 ਆਧੁਨਿਕ ਆਪਰੇਸ਼ਨ ਥੀਏਟਰ, 3 ਬੈੱਡਾਂ ਵਾਲਾ ਨਾਰਮਲ ਡਿਲਿਵਰੀ ਰੂਮ, ਟੈਸਟਿੰਗ ਲੈਬ, ਅਲਟਰਾ ਸਾਊਂਡ ਲੈਬ, ਫਾਰਮੇਸੀ, ਈ.ਸੀ.ਜੀ. ਰੂਮ, ਪੀਡੀਆਟ੍ਰਿਕ ਰੂਮ ਅਤੇ ਇਮਿਊਨਾਈਜ਼ੇਸ਼ਨ ਰੂਮ ਸਮੇਤ ਹੋਰ ਸਾਰੀਆਂ ਆਧੁਨਿਕ ਸਹੂਲਤਾਂ ਉਪਲਬਧ ਹੋਣਗੀਆਂ। ਇਸ ਤੋਂ ਇਲਾਵਾ, ਹਸਪਤਾਲ ਵਿੱਚ 4 ਗਾਇਨੀ ਵਾਰਡ, 2 ਬਾਲ ਰੋਗ ਵਾਰਡ, 4 ਪ੍ਰਾਈਵੇਟ ਕਮਰੇ, 3 ਡਾਕਟਰ ਸਟੇਸ਼ਨ ਅਤੇ 5 ਨਰਸ ਸਟੇਸ਼ਨ ਬਣਾਏ ਜਾਣਗੇ ਤਾਂ ਜੋ ਮਰੀਜ਼ਾਂ ਦੀ ਸੰਭਾਲ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਕੀਤੀ ਜਾ ਸਕੇ। ਹਸਪਤਾਲ ਵਿੱਚ 4 ਬੈੱਡਾਂ ਵਾਲਾ ਹਾਈ ਡਿਪੈਂਡੈਂਸੀ ਯੂਨਿਟ, ਮਿਡਵਾਈਫਰੀ ਲੈਡ ਕੇਅਰ ਯੂਨਿਟ ਅਤੇ 12 ਬੈੱਡਾਂ ਵਾਲਾ ਸਪੈਸ਼ਲ ਨਿਊ ਬੌਰਨ ਕੇਅਰ ਯੂਨਿਟ ਵੀ ਸਥਾਪਿਤ ਕੀਤਾ ਜਾਵੇਗਾ, ਜਿਸ ਨਾਲ ਗੰਭੀਰ ਮਾਮਲਿਆਂ ਵਿੱਚ ਵੀ ਮਾਵਾਂ ਅਤੇ ਬੱਚਿਆਂ ਨੂੰ ਵਿਸ਼ੇਸ਼ ਇਲਾਜ ਮਿਲ ਸਕੇਗਾ। ਇਸ ਮੌਕੇ ਡਿਪਟੀ ਡਾਇਰੈਕਟਰ ਸਿਹਤ ਮੈਡਮ ਮੋਨਿਕਾ, ਯਾਦਵਿੰਦਰ ਨਿਰਮਾਣ, ਮਨਪ੍ਰੀਤ ਬਾਂਸਲ, ਸਾਹਿਬ ਸਿੰਘ, ਆਸ਼ਾ ਬਜਾਜ, ਮਾਹੀ ਮਹੰਤ, ਸੰਦੀਪ ਸੋਨੀ ਵਿਰਕ ਲਖਮੀਰਵਾਲਾ, ਯਸ਼ਪਾਲ ਮੰਗਲਾ, ਐਮ ਸੀ ਸ਼੍ਰੀ ਖਟਾਕ, ਐਮ. ਸੀ. ਸਕਸੈਨਾ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ, ਵੱਖ-ਵੱਖ ਸੰਸਥਾਵਾਂ ਦੇ ਅਹੁਦੇਦਾਰ, ਪਤਵੰਤੇ ਅਤੇ ਵੱਡੀ ਗਿਣਤੀ ’ਚ ਸ਼ਹਿਰ ਵਾਸੀ ਹਾਜ਼ਰ ਸਨ।
ਪਿਛਲੀ ਖ਼ਬਰ ਡੇਢ ਕਰੋੜ ਰੁਪਏ ਦੀ ਲਾਗਤ ਨਾਲ ਪਿੰਡ ਦੀਆਂ ਸੜਕਾਂ ਦੀ ਕਾਇਆ ਕਲਪ ਅਗਲੀ ਖ਼ਬਰ ਯੋਗ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।