ਖਨੌਰੀ, 14 ਜੁਲਾਈ (ਬਲਵਿੰਦਰ ਸਿੰਘ ਥਿੰਦ) - ਸਥਾਨਕ ਸ਼ਹਿਰ ਵਿਖੇ ਸਫਾਈ ਕਰਮਚਾਰੀਆਂ ਵਲੋਂ ਸ਼ਹਿਰ ਅੰਦਰ ਪਿਛਲੇ ਇੱਕ ਹਫਤੇ ਤੋਂ ਸਫ਼ਾਈ ਦਾ ਕੰਮ ਬੰਦ ਕੀਤੇ ਜਾਣ ਕਰਕੇ ਸ਼ਹਿਰ ਵਿਖੇ ਸਫਾਈ ਵਿਵਸਥਾ ਦਾ ਬਹੁਤ ਹੀ ਬੁਰਾ ਹਾਲ ਹੋ ਚੁੱਕਾ ਹੈ ਅਤੇ ਗਲੀਆਂ ਬਜ਼ਾਰਾਂ ਵਿੱਚ ਕੂੜੇ ਕਰਕਟ ਦੇ ਢੇਰ ਲੱਗਦੇ ਜਾ ਰਹੇ ਹਨ ਅਤੇ ਨਾਲੀਆਂ ਵਿਚ ਖੜ੍ਹਾ ਗੰਦਾ ਪਾਣੀ ਭਾਰੀ ਬਦਬੂ ਮਾਰਦਾ ਹੋਇਆ ਬਿਮਾਰੀਆਂ ਨੂੰ ਖੁੱਲਾ ਸੱਦਾ ਦਿੰਦਾ ਨਜ਼ਰ ਆ ਰਿਹਾ ਹੈ ਲੇਕਿਨ ਪ੍ਰਸ਼ਾਸਨ ਇਸ ਪਾਸਿਓਂ ਅਵੇਸਲਾ ਹੋਇਆ ਗਹਿਰੀ ਨੀਂਦੇ ਸੁੱਤਾ ਪਿਆ ਹੈ। ਜਿਕਰਯੋਗ ਹੈ ਕਿ ਸਫਾਈ ਕਰਮਚਾਰੀਆਂ ਦੀ ਕੰਮ ਛੋੜ ਹੜਤਾਲ ਦੇ ਚੱਲਦਿਆਂ ਸ਼ਹਿਰ ਦੇ ਬੱਸ ਸਟੈਂਡ ਨੇੜੇ, ਖਨੌਰੀ ਪਿੰਡ ਰੋਡ ਤੇ, ਬਾਈਪਾਸ ਰੋਡ ਦੇ ਕਈ ਥਾਵਾਂ ਤੇ, ਨਗਰ ਪੰਚਾਇਤ ਦੇ ਦਫਤਰ ਅੱਗੇ ਅਤੇ ਸਕੂਲ ਰੋਡ ਤੇ, ਸਰਕਾਰੀ ਸਕੂਲ ਦੇ ਪਿਛਲੇ ਪਾਸੇ, ਕੈਥਲ ਰੋਡ, ਡਰੇਨ ਨੇੜੇ , ਬੱਸ ਸਟੈਂਡ ਨੇੜੇ, ਵਾਰਡ ਨੰਬਰ 8, 9 ਅਤੇ 11 ਵਿਖੇ ਕਈ ਥਾਵਾਂ ਸਮੇਤ ਕਈ ਹੋਰ ਥਾਵਾਂ ਤੇ ਵੀ ਕੂੜੇ ਦੇ ਢੇਰ ਲੱਗਦੇ ਜਾ ਰਹੇ ਹਨ ਅਤੇ ਦੂਜੇ ਪਾਸੇ ਕਈ ਥਾਂਵੀ ਸ਼ਹਿਰ ਵਿੱਚ ਨਾਲੀਆਂ ਦੀ ਸਫਾਈ ਨਾ ਹੋਣ ਕਾਰਨ ਨਾਲੀਆਂ ਦਾ ਗੰਦਾ ਪਾਣੀ ਗਲੀਆਂ ਵਿੱਚ ਖਿਲਰਦਾ ਜਾ ਰਿਹਾ ਹੈ ਜਿਸ ਕਰਕੇ ਕਈ ਖਤਰਨਾਕ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਪੈਂਦਾ ਹੋ ਚੁੱਕਾ ਹੈ। ਵਰਨਣਯੋਗ ਹੈ ਕਿ ਸ਼ਹਿਰ ਵਿਚ ਸਫਾਈ ਨਾ ਹੋਣ ਦਾ ਕਾਰਨ ਇਹ ਹੈ ਕਿ 8 ਜੁਲਾਈ ਤੋਂ ਨਗਰ ਪੰਚਾਇਤ ਖਨੌਰੀ ਦੇ ਸਫ਼ਾਈ ਕਰਮਚਾਰੀਆਂ ਵਲੋਂ ਆਪਣੀਆਂ ਮੰਗਾਂ ਮਨਵਾਉਣ ਦੇ ਸਬੰਧ ਵਿੱਚ ਕੰਮ ਛੋੜ ਹੜਤਾਲ ਸ਼ੁਰੂ ਕੀਤੀ ਹੋਈ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਰਕਾਰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਕਰਦੀ, ਇਹ ਕੰਮ ਛੋੜ ਹੜਤਾਲ ਇਸੇ ਪ੍ਰਕਾਰ ਹੀ ਜਾਰੀ ਰਹੇਗੀ। ਜ਼ਿਕਰਯੋਗ ਹੈ ਕਿ ਅੱਜ ਤੋਂ ਦੋ ਮਹੀਨੇ ਪਹਿਲਾਂ ਵੀ 6 ਮਈ ਨੂੰ ਸਫਾਈ ਕਰਮਚਾਰੀਆਂ ਵਲੋਂ ਹੜਤਾਲ ਸ਼ੁਰੂ ਕੀਤੀ ਗਈ ਸੀ ਜੋ ਕਿ 21 ਮਈ ਤੱਕ ਜਾਰੀ ਰਹੀ ਸੀ ਅਤੇ ਉਸ ਸਮੇਂ ਵੀ ਸ਼ਹਿਰ ਵਿੱਚ ਸਫਾਈ ਵਿਵਸਥਾ ਦਾ ਬਹੁਤ ਹੀ ਜਿਆਦਾ ਬੁਰਾ ਹਾਲ ਹੋ ਗਿਆ ਸੀ। ਸਫਾਈ ਕਰਮਚਾਰੀਆਂ ਵਲੋਂ ਕੂੜਾ ਕਰਕਟ ਨਾ ਚੁੱਕੇ ਜਾਣ ਕਰਕੇ ਲੋਕਾਂ ਨੂੰ ਖੁਦ ਹੀ ਹਨੇਰੇ ਸਵੇਰੇ ਘਰਾਂ ਦਾ ਕੂੜਾ ਕਰਕਟ ਡੰਪਾਂ ਦੇ ਨੇੜੇ, ਇਧਰ ਉਧਰ, ਗਲੀਆਂ ਦੇ ਮੋੜਾਂ ਅਤੇ ਹੋਰ ਕਈ ਥਾਵਾਂ ਤੇ ਸੁੱਟਣ ਲਈ ਜਾਣਾ ਪੈ ਰਿਹਾ ਹੈ ਜਾਂ ਫਿਰ ਕਈਆਂ ਨੂੰ ਆਪਣੇ ਘਰਾਂ ਵਿੱਚ ਹੀ ਰੱਖਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਸਫਾਈ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ ਮੰਨ ਲਵੇਂ ਤਾਂ ਜੋ ਸ਼ਹਿਰ ਵਿਚ ਸਫਾਈ ਦਾ ਕੰਮ ਸ਼ੁਰੂ ਹੋ ਸਕੇ।
ਮਾਮਲਾ ਸਫਾਈ ਕਰਮਚਾਰੀਆਂ ਵਲੋਂ ਕੰਮ ਛੋੜ ਹੜਤਾਲ ਕਰਨ ਦਾ ਖਨੌਰੀ ਸ਼ਹਿਰ ਅੰਦਰ ਥਾਂ-ਥਾਂ ’ਤੇ ਗੰਦਗੀ ਦੇ ਢੇਰਾਂ ਕਾਰਨ ਸਫਾਈ ਵਿਵਸਥਾ ਦਾ ਹੋਇਆ ਬੁਰਾ ਹਾਲ
ਅਜੀਤ ਡੈਸਕ
15-07-2026