09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

-ਯੁਵਾ ਆਪਦਾ ਮਿੱਤਰ ਯੋਜਨਾ- ਐਨ.ਐਸ.ਐਸ. ਵਲੰਟੀਅਰਾਂ ਨੂੰ ਦਿੱਤੀ ਗਈ ਖੋਜ, ਬਚਾਅ ਅਤੇ ਸੀ.ਪੀ.ਆਰ. ਦੀ ਵਿਹਾਰਕ ਸਿਖਲਾਈ

ਅਜੀਤ ਡੈਸਕ 17-07-2026
ਸੰਗਰੂਰ, 16 ਜੁਲਾਈ (ਸੁਖਵਿੰਦਰ ਸਿੰਘ ਫੁੱਲ) - ਅਕਾਲ ਕਾਲਜ ਕੌਂਸਲ ਗੁਰਸਾਗਰ ਮਸਤੂਆਣਾ ਦੀ ਪ੍ਰਮੁੱਖ ਸੰਸਥਾ ਅਕਾਲ ਡਿਗਰੀ ਕਾਲਜ ਵੱਲੋਂ ਕੌਂਸਲ ਦੇ ਸਕੱਤਰ ਸ੍ਰ. ਜਸਵੰਤ ਸਿੰਘ ਖਹਿਰਾ ਅਤੇ ਸਮੂਹ ਕਮੇਟੀ ਮੈਂਬਰਾਂ ਦੀ ਯੋਗ ਰਹਿਨੁਮਾਈ ਹੇਠ ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ ਅਤੇ ਪੰਜਾਬ ਰਾਜ ਆਫ਼ਤ ਪ੍ਰਬੰਧਨ ਅਥਾਰਟੀ ਦੇ ਸਹਿਯੋਗ ਨਾਲ, ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਿਨਿਸਟ੍ਰੇਸ਼ਨ, ਚੰਡੀਗੜ੍ਹ ਵੱਲੋਂ ਅਕਾਲ ਕਾਲਜ ਆਫ਼ ਐਜੂਕੇਸ਼ਨ ਮਸਤੂਆਣਾ ਸਾਹਿਬ ਵਿਖੇ ਚਲਾਈ ਜਾ ਰਹੀ ‘ਯੁਵਾ ਆਪਦਾ ਮਿੱਤਰ ਯੋਜਨਾ’ ਤਹਿਤ ਚੱਲ ਰਹੇ ਸੱਤ ਰੋਜ਼ਾ ਸਿਖਲਾਈ ਪ੍ਰੋਗਰਾਮ ਦਾ ਤੀਜਾ ਦਿਨ ਐਨ.ਐਸ.ਐਸ. ਵਲੰਟੀਅਰਾਂ ਲਈ ਪੂਰੀ ਤਰ੍ਹਾਂ ਵਿਹਾਰਕ ਸਿਖਲਾਈ ਭਰਿਆ ਰਿਹਾ। ਦਿਨ ਦੀ ਸ਼ੁਰੂਆਤ ਟ੍ਰੇਨਰ ਸ੍ਰੀਮਤੀ ਬਲਵਿੰਦਰ ਕੌਰ ਵੱਲੋਂ ਪਿਛਲੇ ਦਿਨ ਦੀਆਂ ਗਤੀਵਿਧੀਆਂ ਦੀ ਦੁਹਰਾਈ ਨਾਲ ਕਰਵਾਈ ਗਈ। ਟ੍ਰੇਨਰ ਸ੍ਰੀ ਕਾਰਤਿਕ ਸ਼ਰਮਾ ਨੇ ਹੀਟ ਵੇਵ, ਹੀਟ ਸਟ੍ਰੋਕ ਅਤੇ ਕੋਲਡ ਵੇਵ ਦੇ ਲੱਛਣਾਂ, ਬਚਾਅ ਦੇ ਉਪਾਵਾਂ ਅਤੇ ਐਮਰਜੈਂਸੀ ਮੁੱਢਲੇ ਉਪਚਾਰਾਂ ਬਾਰੇ ਜਾਣਕਾਰੀ ਦਿੱਤੀ। ਹਿਮਾਚਲ ਪ੍ਰਦੇਸ਼ ਰਾਜ ਪੁਰਸਕਾਰ ਜੇਤੂ ਰੈਸਕਿਊਅਰ ਸ੍ਰੀ ਸੁਨੀਲ ਕੁਮਾਰ ਨੇ ਵਲੰਟੀਅਰਾਂ ਨੂੰ ਆਫ਼ਤ ਵਾਲੀ ਥਾਂ ‘ਤੇ ਫਸੇ ਲੋਕਾਂ ਨੂੰ ਲੱਭਣ ਅਤੇ ਸੁਰੱਖਿਅਤ ਬਾਹਰ ਕੱਢਣ ਦੀਆਂ ਵਿਗਿਆਨਕ ਤਕਨੀਕਾਂ ਦਾ ਪ੍ਰਦਰਸ਼ਨ ਕੀਤਾ। ਟ੍ਰੇਨਰ ਸੁਸ਼੍ਰੀ ਐਟੀਸ਼ਾ ਪਰਮਾਰ ਨੇ ਦਿਲ ਦਾ ਦੌਰਾ ਪੈਣ ਵਰਗੀਆਂ ਹਾਲਤਾਂ ਵਿੱਚ ਬੇਸਿਕ ਲਾਈਫ ਸਪੋਰਟ ਅਤੇ ਸਹੀ ਤਰੀਕੇ ਨਾਲ ਸੀ.ਪੀ.ਆਰ. ਦੇਣ ਦਾ ਵਿਹਾਰਕ ਅਭਿਆਸ ਕਰਵਾਇਆ। ਟ੍ਰੇਨਰ ਸੁਸ਼੍ਰੀ ਸਲੋਨੀ ਸ਼ਰਮਾ ਨੇ ਸੱਟਾਂ, ਖੂਨ ਵਹਿਣ ਨੂੰ ਰੋਕਣ, ਡ੍ਰੈਸਿੰਗ ਕਰਨ ਅਤੇ ਪੱਟੀ (ਬੈਂਡੇਜ) ਬੰਨ੍ਹਣ ਦੇ ਸਹੀ ਤਰੀਕਿਆਂ ਬਾਰੇ ਵਲੰਟੀਅਰਾਂ ਨੂੰ ਸਿਖਲਾਈ ਦਿੱਤੀ। ਸੀਨੀਅਰ ਕੰਸਲਟੈਂਟ ਪ੍ਰੋ. (ਡਾ.) ਜੋਗ ਸਿੰਘ ਭਾਟੀਆ ਨੇ ਸਾਰੇ ਸਿਖਲਾਈ ਸੈਸ਼ਨਾਂ ਦਾ ਮੁਲਾਂਕਣ ਕੀਤਾ। ਉਨ੍ਹਾਂ ਵਲੰਟੀਅਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਫ਼ਤ ਸਮੇਂ ਆਤਮ-ਵਿਸ਼ਵਾਸ, ਧੀਰਜ, ਟੀਮ ਵਰਕ ਅਤੇ ਸੇਵਾ ਭਾਵਨਾ ਹੀ ਇੱਕ ਸਫਲ ਰੈਸਕਿਊਅਰ ਦੀ ਅਸਲ ਪਛਾਣ ਹੁੰਦੇ ਹਨ। ਇਹ ਵਿਹਾਰਕ ਹੁਨਰ ਸੰਕਟ ਦੀ ਘੜੀ ਵਿੱਚ ਲੋਕਾਂ ਦੀਆਂ ਜਾਨਾਂ ਬਚਾਉਣ ਵਿੱਚ ਅਹਿਮ ਭੂਮਿਕਾ ਨਿਭਾਉਣਗੇ। ਸਿਖਲਾਈ ਦੇ ਅਖੀਰ ਵਿੱਚ ਟ੍ਰੇਨਿੰਗ ਕੋਆਰਡੀਨੇਟਰ ਸ੍ਰੀ ਯੋਗੇਸ਼ ਅਤੇ ਆਫ਼ਤ ਪ੍ਰਬੰਧਨ ਟੀਮ ਵੱਲੋਂ ਇੱਕ ਮੌਕ ਡ੍ਰਿਲ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਵਲੰਟੀਅਰਾਂ ਨੇ ਇੱਕ ਕਾਲਪਨਿਕ ਆਫ਼ਤ ਸਥਿਤੀ ਵਿੱਚ ਦਿਨ ਭਰ ਸਿੱਖੇ ਹੁਨਰਾਂ ਦਾ ਸਫਲਤਾਪੂਰਵਕ ਅਮਲੀ ਪ੍ਰਦਰਸ਼ਨ ਕੀਤਾ, ਜਿਸ ਨਾਲ ਉਨ੍ਹਾਂ ਦੇ ਆਪਸੀ ਤਾਲਮੇਲ ਅਤੇ ਤੁਰੰਤ ਫ਼ੈਸਲੇ ਲੈਣ ਦੀ ਸਮਰੱਥਾ ਵਿੱਚ ਵਾਧਾ ਹੋਇਆ। ਪ੍ਰੋਗਰਾਮ ਅਫ਼ਸਰ ਡਾ. ਗੁਰਦੀਪ ਸਿੰਘ ਅਤੇ ਡਾ. ਕਮਲਜੀਤ ਕੌਰ ਵੱਲੋਂ ਸਾਂਝੇ ਤੌਰ ਤੇ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਇਸ ਸੱਤ ਰੋਜ਼ਾ ਸਿਖਲਾਈ ਦਾ ਮੁੱਖ ਉਦੇਸ਼ ਸੰਗਰੂਰ ਜ਼ਿਲ੍ਹੇ ਵਿੱਚ ਅਜਿਹੇ ਪ੍ਰਸ਼ਿਕਸ਼ਿਤ ਨੌਜਵਾਨ ਤਿਆਰ ਕਰਨਾ ਹੈ, ਜੋ ਕਿਸੇ ਵੀ ਕੁਦਰਤੀ ਜਾਂ ਗੈਰ-ਕੁਦਰਤੀ ਆਫ਼ਤ ਸਮੇਂ ਪ੍ਰਸ਼ਾਸਨ ਦੇ ਨਾਲ ਮਿਲ ਕੇ ‘ਫਸਟ ਰਿਸਪਾਂਡਰ’ ਵਜੋਂ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰ ਸਕਣ।
16ਐਸਐਨਜੀ05
ਅਕਾਲ ਕਾਲਜ ਆਫ਼ ਐਜੂਕੇਸ਼ਨ ਮਸਤੂਆਣਾ ਸਾਹਿਬ ਵਿਖੇ ਕਰਵਾਈ ਸੱਤ ਰੋਜ਼ਾ ਸਿਖਲਾਈ ਪ੍ਰੋਗਰਾਮ ਦੀ ਝਲਕ। ਤਸਵੀਰ: ਮੁਕੇਸ਼ ਕੁਮਾਰ
ਪਿਛਲੀ ਖ਼ਬਰ ਮੁੱਖ ਮੰਤਰੀ ਰਾਸ਼ਨ ਯੋਜਨਾ ਤਹਿਤ ਸੁਨਾਮ ਸ਼ਹਿਰ ਚ ਰਾਸ਼ਨ ਕਿੱਟਾਂ ਦੀ ਵੰਡ ਅਗਲੀ ਖ਼ਬਰ ਜ਼ਿਲ੍ਹੇ ’ਚ ਸ਼ਾਂਤੀਪੂਰਨ ਮਾਹੌਲ ਕਾਇਮ ਰੱਖਣ ਲਈ ਜ਼ਿਲ੍ਹਾ ਮਲੇਰਕੋਟਲਾ ਪੁਲਿਸ ਵਚਨਬੱਧ-ਜ਼ਿਲ੍ਹਾ ਪੁਲਿਸ ਮੁਖੀ ਸ. ਗੁਰਮੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।