04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

ਈ-20 ਪੈਟਰੋਲ ਸਿਸਟਮ ਤੋਂ ਦੇਸ਼ ਭਰ ਦੇ ਲੋਕ ਪ੍ਰੇਸ਼ਾਨ–ਗਿ. ਹਰਪ੍ਰੀਤ ਸਿੰਘ

ਅਜੀਤ ਡੈਸਕ 21-07-2026
ਸੰਗਰੂਰ, 20 ਜੁਲਾਈ (ਸੁਖਵਿੰਦਰ ਸਿੰਘ ਫੁੱਲ)–ਸ਼੍ਰੋੇਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਪ੍ਰਧਾਨ ਗਿ. ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਦੇਸ਼ ਭਰ ਦੇ ਲੋਕ ਈ-20 ਪੈਟਰੋਲ ਸਿਸਟਮ ਤੋਂ ਪ੍ਰੇਸ਼ਾਨ ਹਨ ਅਤੇ ਉਨ੍ਹਾਂ ਦੀਆਂ ਗੱਡੀਆਂ ਖਰਾਬ ਹੋ ਰਹੀਆਂ ਹਨ, ਮਾਈਲੇਜ ਘਟ ਰਹੀ ਹੈ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਮਸਲੇ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ। ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਸਾਬਕਾ ਮੁੱਖ ਪਾਰਲੀਮਾਨੀ ਸਕੱਤਰ ਪ੍ਰਕਾਸ਼ ਚੰਦ ਗਰਗ, ਨਗਰ ਕੌਂਸਲ ਸੰਗਰੂਰ ਦੇ ਸਾਬਕਾ ਪ੍ਰਧਾਨ ਰਿਪੁਦਮਨ ਸਿੰਘ ਰਿੱਪੂ, ਜਗਜੀਤ ਸਿੰਘ ਕੋਹਲੀ ਅਤੇ ਏ.ਪੀ ਸਿੰਘ ਦੀ ਮੌਜੂਦਗੀ ਵਿਚ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਇਸ ਵੇਲੇ ਫਿਰੌਤੀਆਂ ਦਾ ਰਾਜ ਬਣ ਕੇ ਰਹਿ ਗਿਆ ਹੈ। ਕਾਰੋਬਾਰੀਆਂ ਨੇ ਆਪਣੇ ਮੋਬਾਇਲਾਂ ਦੇ ਵੱਟਸਐਪ ਬੰਦ ਕਰਵਾ ਦਿੱਤੇ ਹਨ ਕਿਉਂਕਿ ਉਨ੍ਹਾਂ ਨੂੰ ਵੱਟਸਐਪ ਉੱਤੇ ਫਿਰੌਤੀ ਦੀਆਂ ਕਾਲਾਂ ਆਉਂਦੀਆਂ ਹਨ। ਨਾਲ ਹੀ ਧਮਕੀ ਦਿੱਤੀ ਜਾਂਦੀ ਹੈ ਕਿ ਜੇ ਪੁਲਿਸ ਨੂੰ ਸੂਚਿਤ ਕੀਤਾ ਤਾਂ ਫਿਰੌਤੀ ਦੁੱਗਣੀ ਦੇਣੀ ਪਵੇਗੀ। ਜਿਸ ਰਾਜ ਦੇ ਕਾਰੋਬਾਰੀ ਪ੍ਰੇਸ਼ਾਨ ਹੋਣ ਉਸ ਰਾਜ ਦਾ ਵਿਕਾਸ ਕਿਵੇਂ ਹੋ ਸਕਦਾ ਹੈ। ਭਾਜਪਾ, ਬਾਦਲ ਦਲ ਜਾਂ ਕਿਸੇ ਹੋਰ ਪਾਰਟੀ ਨਾਲ ਚੋਣ ਗੱਠਜੋੜ ਬਾਰੇ ਪੁੱਛੇ ਜਾਣ ਉੱਤੇ ਉਨ੍ਹਾਂ ਸਪਸ਼ਟ ਕੀਤਾ ਕਿ ਅਜੇ ਪਾਰਟੀ ਨੂੰ ਮਜ਼ਬੂਤ ਕਰਨ ਵੱਲ ਧਿਆਨ ਦਿੱਤਾ ਜਾ ਰਿਹਾ ਹੈ, ਗੱਠਜੋੜ ਦੀ ਗੱਲਬਾਤ ਬਾਅਦ ਵਿਚ ਸੋਚੀ ਜਾਵੇਗੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਆਏ ਸਨ ਅਤੇ ਉਨ੍ਹਾਂ ਦੀ ਪਾਰਟੀ ਬਾਰੇ ਕੁਝ ਬੋਲ ਕੇ ਗਏ ਹਨ। ਉਨ੍ਹਾਂ ਨੂੰ ਇੱਕੋ ਜਵਾਬ ਹੈ ਕਿ 2014 ਤੋਂ ਭਾਜਪਾ ਕੇਂਦਰ ਵਿਚ ਰਾਜ ਕਰ ਰਹੀ ਹੈ। ਪੰਜਾਬ ਨੂੰ ਇਸ ਦੀ ਕੀ ਦੇਣ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਪੰਜਾਬ ਨੂੰ ਦੇਣ ਦੀ ਥਾਂ ਪੰਜਾਬ ਯੂਨੀਵਰਸਿਟੀ ਵੀ ਪੰਜਾਬ ਤੋਂ ਖੋਹ ਲਈ ਗਈ ਹੈ। ਬੀ.ਬੀ.ਐਮ.ਬੀ ਉੱਤੇ ਕੇਂਦਰ ਨੇ ਮੁਕੰਮਲ ਕਬਜ਼ਾ ਕਰ ਲਿਆ ਹੈ। ਪੰਜਾਬ ਦੀਆਂ ਹੱਕੀ ਮੰਗਾਂ ਲਟਕ ਰਹੀਆਂ ਹਨ ਜਿਨ੍ਹਾਂ ਵਿਚ ਬੰਦੀ ਸਿੰਘਾਂ ਦੀ ਰਿਹਾਈ ਵੀ ਸ਼ਾਮਲ ਹੈ। ਬਾਅਦ ਵਿਚ ਪਾਰਟੀ ਵਰਕਰਾਂ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਅਕਾਲੀ ਵਿਚਾਰਧਾਰਾ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਤਾਕਤਾਂ ਨੂੰ ਪਹਿਚਾਣ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸਿੱਖ ਪੰਥ ਅੰਦਰ ਇਹ ਭਾਵਨਾ ਦਿਨੋਂ ਦਿਨ ਮਜ਼ਬੂਤ ਹੋ ਰਹੀ ਹੈ ਕਿ ਪੰਥ ਨਾਲ ਗਦਾਰੀ ਕਰਨ ਅਤੇ ਪੰਥਕ ਹਿੱਤਾਂ ਨੂੰ ਢਾਹ ਲਗਾਉਣ ਵਾਲੀ ਸੋਚ ਤੋਂ ਪੰਜਾਬ ਨੂੰ ਮੁਕਤ ਕਰਵਾਇਆ ਜਾਵੇ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਭਰ ਵਿਚ ਅਕਾਲੀ ਸੋਚ ਨਾਲ ਜੁੜੇ ਵਰਗ ਮੁੜ ਇਕੱਠੇ ਹੋ ਰਹੇ ਹਨ ਅਤੇ ਪੰਥ ਹਿਤੈਸ਼ੀ ਜਥੇਬੰਦੀਆਂ ਦੇ ਸਹਿਯੋਗ ਨਾਲ ਸ੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਇੱਕ ਮਜ਼ਬੂਤ, ਭਰੋਸੇਯੋਗ ਅਤੇ ਸਿਧਾਂਤਕ ਬਦਲ ਵਜੋਂ ਉੱਭਰੇਗਾ। ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਮਲਕੀਤ ਸਿੰਘ ਚੰਗਾਲ ਵਲੋਂ ਕੀਤੇ ਮੰਚ ਸੰਚਾਲਨ ਦੌਰਾਨ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਜ਼ਿਲ੍ਹਾ ਸੰਗਰੂਰ ਦੇ 4 ਵਿਧਾਨ ਸਭਾ ਹਲਕਿਆਂ ਵਿਚ ਹੋਏ ਬੇਮਿਸਾਲ ਇਕੱਠ ਇਸ ਗੱਲ ਦੀ ਸਬੂਤ ਹਨ ਕਿ ਲੋਕ ਪੰਜਾਬ ਵਿਚ ਨਵੀਂ ਸਿਆਸੀ ਦਿਸ਼ਾ ਚਾਹੁੰਦੇ ਹਨ। ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਭਗੌੜੇ ਦਲ ਦਾ ਇੱਕੋ ਇੱਕ ਏਜੰਡਾ ਹੈ ਕਿ ਪਾਰਟੀ ਭਾਵੇਂ ਖਤਮ ਹੋ ਜਾਵੇ ਪਰ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੀ ਰਹੇਗਾ। ਰਿਪੁਦਮਨ ਸਿੰਘ ਢਿੱਲੋਂ ਵਲੋਂ ਕੀਤੇ ਪ੍ਰਬੰਧਾਂ ਅਧੀਨ ਹੋਈ ਇਸ ਵਰਕਰ ਮਿਲਣੀ ਨੂੰ ਬਾਬੂ ਪ੍ਰਕਾਸ਼ ਚੰਦ ਗਰਗ, ਰਾਮਪਾਲ ਸਿੰਘ ਬਹਿਣੀਵਾਲ, ਰਿਪੁਦਮਨ ਸਿੰਘ ਢਿੱਲੋਂ, ਜਥੇ. ਤੇਜਾ ਸਿੰਘ ਕਮਾਲਪੁਰ, ਕੇਵਲ ਸਿੰਘ ਜਨਾਲ, ਏ.ਪੀ ਸਿੰਘ ਬਾਬਾ, ਅਮਰ ਸਿੰਘ ਚਹਿਲ, ਵਿਜੈ ਲੰਕੇਸ਼ ਸਮੇਤ ਵੱਖ ਵੱਖ ਆਗੂਆਂ ਨੇ ਸੰਬੋਧਨ ਕੀਤਾ। ਇਸ ਮੌਕੇ ਪ੍ਰੇਮ ਕੁਮਾਰ ਗਰਗ, ਹਰਪ੍ਰੀਤ ਸਿੰਘ ਢੀਂਡਸਾ, ਡਾ. ਨਰਵਿੰਦਰ ਕੌਂਸਲ ਪ੍ਰਧਾਨ ਸੀਨੀਅਰ ਸਿਟੀਜਨ ਭਲਾਈ ਸੰਸਥਾ ਅਤੇ ਜਨਰਲ ਸਕੱਤਰ ਜਗਜੀਤ ਸਿੰਘ, ਸੰਦੀਪ ਦਾਨੀਆ, ਗਗਨਦੀਪ ਸਿੰਘ ਸਿਬੀਆ ਐਡਵੋਕੇਟ ਅਤੇ ਹੋਰ ਸ਼ਖਸੀਅਤਾਂ ਵੀ ਮੌਜੂਦ ਸਨ।
ਗਿ. ਹਰਪ੍ਰੀਤ ਸਿੰਘ ਦਾ ਹੁਣ ਲੋਕਤੰਤਰੀ ਢਾਂਚਾ ਕਿੱਥੇ ਹੈ - ਗੋਲਡੀ
ਸੰਗਰੂਰ: (ਸੁਖਵਿੰਦਰ ਸਿੰਘ ਫੁੱਲ) – ਸ਼੍ਰੋਮਣੀ ਅਕਾਲੀ ਦਲ (ਬ) ਦੇ ਕੌਮੀ ਬੁਲਾਰੇ ਅਤੇ ਜਨਰਲ ਸਕੱਤਰ ਵਿਨਰਜੀਤ ਸਿੰਘ ਗੋਲਡੀ ਨੇ ਕਿਹਾ ਹੈ ਕਿ ਗਿ. ਹਰਪ੍ਰੀਤ ਸਿੰਘ ਅਤੇ ਉਨ੍ਹਾਂ ਦੇ ਸਾਥੀ ਅਕਸਰ ਦੋਸ਼ ਲਗਾਇਆ ਕਰਦੇ ਸਨ ਕਿ ਸੁਖਬੀਰ ਸਿੰਘ ਬਾਦਲ ਜਿਸ ਹਲਕੇ ਵਿਚ ਜਾਂਦੇ ਹਨ ਉੱਥੇ ਉਹ ਆਪਣੇ ਤੌਰ ਉੱਤੇ ਪਾਰਟੀ ਉਮੀਦਵਾਰ ਐਲਾਨ ਦਿੰਦੇ ਹਨ, ਜਿਸ ਨਾਲ ਪਾਰਟੀ ਦੇ ਲੋਕਤੰਤਰੀ ਢਾਂਚੇ ਨੂੰ ਨੁਕਸਾਨ ਪਹੁੰਚਦਾ ਹੈ ਪਰ ਹੁਣ ਗਿ. ਹਰਪ੍ਰੀਤ ਸਿੰਘ ਖੁਦ ਆਪਣੀ ਪਾਰਟੀ ਦੇ ਉਮੀਦਵਾਰ ਐਲਾਨ ਰਹੇ ਹਨ। ਉਨ੍ਹਾਂ ਕਿਹਾ ਕਿ ਗਿ. ਹਰਪ੍ਰੀਤ ਸਿੰਘ ਜ਼ਿਲ੍ਹਾ ਸੰਗਰੂਰ ਵਿਚ ਵੱਖ-ਵੱਖ ਥਾਵਾਂ ਉੱਤੇ ਗਏ ਅਤੇ ਲਹਿਰਾਗਾਗਾ ਲਈ ਪਰਮਿੰਦਰ ਸਿੰਘ ਢੀਂਡਸਾ, ਸੁਨਾਮ ਲਈ ਭਾਈ ਗੋਬਿੰਦ ਸਿੰਘ ਲੌਂਗੋਵਾਲ ਅਤੇ ਸੰਗਰੂਰ ਲਈ ਪ੍ਰਕਾਸ਼ ਚੰਦ ਗਰਗ ਨੂੰ ਉਮੀਦਵਾਰ ਐਲਾਨ ਦਿੱਤਾ ਹੈ। ਗੋਲਡੀ ਨੇ ਕਿਹਾ ਕਿ ਗਿ. ਹਰਪ੍ਰੀਤ ਸਿੰਘ ਨੂੰ ਹੁਣ ਲੋਕਤੰਤਰੀ ਢਾਂਚਾ ਨਹੀਂ ਵਿਖਾਈ ਦੇ ਰਿਹਾ। ਉਨ੍ਹਾਂ ਕਿਹਾ ਕਿ ਅਸਲ ਵਿਚ ਗਿ. ਹਰਪ੍ਰੀਤ ਸਿੰਘ ਜਦ ਜਥੇਦਾਰ ਸਨ ਉਦੋਂ ਤੋਂ ਹੀ ਸ੍ਰੋਮਣੀ ਅਕਾਲੀ ਦਲ ਨੂੰ ਨੁਕਸਾਨ ਪਹੁੰਚਾਉਣ ਦਾ ਯਤਨ ਕਰਨ ਲੱਗ ਪਏ ਸਨ।
ਪਿਛਲੀ ਖ਼ਬਰ ਨਗਰ ਕੌਂਸਲ ਸੁਨਾਮ ਵਿਖੇ ਪ੍ਰਧਾਨ ਮਨਪ੍ਰੀਤ ਬਾਂਸਲ ਨੇ ਸੰਭਾਲਿਆ ਆਪਣਾ ਅਹੁਦਾ ਅਗਲੀ ਖ਼ਬਰ ਵਿਧਾਇਕ ਸਵਨਾ ਨੇ ਮੁੱਖ ਮੰਤਰੀ ਤੀਰਥ ਯਾਤਰਾ ਤਹਿਤ ਬੱਸਾਂ ਕੀਤੀਆਂ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।