ਈਥਾਨੋਲ ਫੈਕਟਰੀ ਵਿਰੁੱਧ ਪੱਕਾ ਮੋਰਚਾ, ਪ੍ਰਸ਼ਾਸਨ ਵਲੋਂ ਮੁੜ ਸੈਂਪਲਿੰਗ ਕਰਵਾਉਣ ਦਾ ਭਰੋਸਾ
ਧਰਨਾਕਾਰੀਆਂ ਵੱਲੋਂ ਧਰਨਾ ਜਾਰੀ ਰੱਖਣ ਦਾ ਐਲਾਨ
ਧੂਰੀ, 4 ਸਤੰਬਰ (ਲਖਵੀਰ ਸਿੰਘ ਧਾਂਦਰਾ) - ਜਹਾਂਗੀਰ ਵਿਖੇ ਸਥਿਤ ਈਥਾਨੋਲ ਫੈਕਟਰੀ ਦੇ ਗੇਟ ਅੱਗੇ ਇਲਾਕੇ ਦੇ ਲੋਕਾਂ ਵੱਲੋਂ ਲਗਾਤਾਰ ਦਿੱਤੇ ਜਾ ਰਹੇ ਧਰਨੇ ‘ਚ ਅੱਜ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੁਖਚੈਨ ਸਿੰਘ ਪਾਪੜਾ, ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਸੀਨੀਅਰ ਇੰਜੀਨੀਅਰ, ਡੀ. ਐੱਸ.
ਧੂਰੀ, 4 ਸਤੰਬਰ (ਲਖਵੀਰ ਸਿੰਘ ਧਾਂਦਰਾ) - ਜਹਾਂਗੀਰ ਵਿਖੇ ਸਥਿਤ ਈਥਾਨੋਲ ਫੈਕਟਰੀ ਦੇ ਗੇਟ ਅੱਗੇ ਇਲਾਕੇ ਦੇ ਲੋਕਾਂ ਵੱਲੋਂ ਲਗਾਤਾਰ ਦਿੱਤੇ ਜਾ ਰਹੇ ਧਰਨੇ ‘ਚ ਅੱਜ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੁਖਚੈਨ ਸਿੰਘ ਪਾਪੜਾ, ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਸੀਨੀਅਰ ਇੰਜੀਨੀਅਰ, ਡੀ.ਐੱਸ.ਪੀ. ਧੂਰੀ ਗੁਰਪ੍ਰੀਤ ਸਿੰਘ ਤੇ ਐੱਸ.ਐੱਚ.ਓ. ਸਦਰ ਧੂਰੀ ਕਰਨਬੀਰ ਸਿੰਘ ਪੁੱਜੇ। ਅਧਿਕਾਰੀਆਂ ਨੇ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਫੈਕਟਰੀ ਦੇ ਪ੍ਰਬੰਧਾਂ ਅਤੇ ਪ੍ਰਦੂਸ਼ਣ ਪ੍ਰਣਾਲੀ ਦੀ ਜਲਦ ਹੀ ਮੁੜ ਤੋਂ ਵਿਗਿਆਨਕ ਸੈਂਪਲਿੰਗ ਕੀਤੀ ਜਾਵੇਗੀ। ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਜਾਂਚ ਦੌਰਾਨ ਕੋਈ ਵੀ ਉਲੰਘਣਾ ਜਾਂ ਗੜਬੜ ਪਾਈ ਜਾਂਦੀ ਹੈ, ਤਾਂ ਫੈਕਟਰੀ ਪ੍ਰਬੰਧਕਾਂ ਵਿਰੁੱਧ ਰੂਲਾਂ ਅਨੁਸਾਰ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਧਰਨਾਕਾਰੀਆਂ ਦੀ ਅਗਵਾਈ ਕਰ ਰਹੇ ਯੂਥ ਆਗੂ ਮਨਪ੍ਰੀਤ ਸਿੰਘ ਰਿੱਕੀ ਨੇ ਪ੍ਰਸ਼ਾਸਨ ਦੇ ਭਰੋਸੇ ਤੋਂ ਬਾਅਦ ਹਾਲ ਦੀ ਘੜੀ ਧਰਨਾ ਨਿਰੰਤਰ ਜਾਰੀ ਰੱਖਣ ਦਾ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਧਰਨਾ ਚੁੱਕਣ ਜਾਂ ਅਗਲੇ ਸੰਘਰਸ਼ ਦੀ ਰੂਪ-ਰੇਖਾ ’ਤੇ ਫੈਸਲਾ ਇਕੱਲੇ ਨਹੀਂ ਲਿਆ ਜਾ ਸਕਦਾ। ਇਸ ਸਬੰਧੀ ਜਲਦੀ ਹੀ ਪਿੰਡ ਜਹਾਂਗੀਰ ਸਮੇਤ ਆਸ-ਪਾਸ ਦੇ ਇਲਾਕਾ ਨਿਵਾਸੀਆਂ ਤੇ ਕਿਸਾਨਾਂ ਦੀ ਇੱਕ ਸਾਂਝੀ ਮੀਟਿੰਗ ਬੁਲਾਈ ਜਾਵੇਗੀ। ਸਰਬਸੰਮਤੀ ਨਾਲ ਜੋ ਵੀ ਫੈਸਲਾ ਲਿਆ ਜਾਵੇਗਾ, ਉਸ ਅਨੁਸਾਰ ਹੀ ਅਗਲਾ ਕਦਮ ਚੁੱਕਿਆ ਜਾਵੇਗਾ। ਜ਼ਿਕਰਯੋਗ ਹੈ ਕਿ ਇਸ ਫੈਕਟਰੀ ਕਾਰਨ ਇਲਾਕੇ ਦੇ ਵਾਤਾਵਰਨ ਤੇ ਜਨ-ਜੀਵਨ ਉੱਤੇ ਪੈ ਰਹੇ ਮਾੜੇ ਪ੍ਰਭਾਵਾਂ ਨੂੰ ਲੈ ਕੇ ਪਿੰਡ ਵਾਸੀਆਂ ਵਿੱਚ ਭਾਰੀ ਰੋਸ ਹੈ। ਪਧਰਨਾਕਾਰੀਆਂ ਦਾ ਕਹਿਣਾ ਹੈ ਕਿ ਫੈਕਟਰੀ ਵੱਲੋਂ ਕਥਿਤ ਤੌਰ ‘ਤੇ ਕੈਮੀਕਲ ਯੁਕਤ ਪਾਣੀ ਧਰਤੀ ਹੇਠਾਂ ਪਾਉਣ ਕਾਰਨ ਆਲੇ-ਦੁਆਲੇ ਦਾ ਪੀਣ ਵਾਲਾ ਪਾਣੀ ਜ਼ਹਿਰੀਲਾ ਅਤੇ ਬਦਬੂਦਾਰ ਹੋ ਰਿਹਾ ਹੈ। ਫੈਕਟਰੀ ਦੀਆਂ ਚਿਮਨੀਆਂ ਤੋਂ ਨਿਕਲਦੇ ਧੂੰਏਂ ਤੇ ਭੈੜੀ ਦੁਰਗੰਧ ਨੇ ਸਥਾਨਕ ਲੋਕਾਂ ਦਾ ਜੀਣਾ ਦੁੱਭਰ ਕੀਤਾ ਹੋਇਆ ਹੈ ਜਿਸ ਨਾਲ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ। ਵਾਤਾਵਰਨ ਦੀ ਤਬਾਹੀ ਨੂੰ ਰੋਕਣ ਲਈ ਪਿੰਡ ਵਾਸੀ ਫੈਕਟਰੀ ਨੂੰ ਮੁਕੰਮਲ ਤੌਰ ‘ਤੇ ਬੰਦ ਕਰਵਾਉਣਾ ਚਾਹੁੰਦੇ ਹਨ। ਇਸੇ ਮੰਗ ਨੂੰ ਲੈ ਕੇ ਹੀ ਫੈਕਟਰੀ ਦੇ ਮੁੱਖ ਗੇਟ ਅੱਗੇ ਪੱਕਾ ਮੋਰਚਾ ਲਗਾਇਆ ਗਿਆ ਹੈ।