ਫ਼ਿਰੋਜ਼ਪੁਰ, 13 ਫਰਵਰੀ (ਗੁਰਿੰਦਰ ਸਿੰਘ)-ਦੇਵ ਸਮਾਜ ਕਾਲਜ ਫ਼ਾਰ ਵਿਮਨ ਫ਼ਿਰੋਜ਼ਪੁਰ ਦੇ ਭੌਤਿਕੀ ਵਿਭਾਗ ਵਲੋਂ ਅੰਤਰਰਾਸ਼ਟਰੀ ਮਹਿਲਾ ਤੇ ਬਾਲਿਕਾ ਵਿਗਿਆਨ ਦਿਵਸ ਦੇ ਮੌਕੇ 'ਰੋਲ ਪਲੇ 'ਆਈ.ਐਮ ਵੁਮੈਨ ਸਾਇੰਟਿਸਟ' ਵਿਸ਼ੇ 'ਤੇ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ | ਸਮਾਗਮ ਦਾ ਮੁੱਖ ਉਦੇਸ਼ ਵਿਦਿਆਰਥਣਾਂ ਵਿਚ ਵਿਗਿਆਨ ਪ੍ਰਤੀ ਗਿਆਨ, ਜਾਗਰੂਕਤਾ ਤੇ ਆਤਮਵਿਸ਼ਵਾਸ ਨੂੰ ਵਧਾਉਣਾ ਸੀ | ਮੁਕਾਬਲੇ 'ਚ ਗੈ੍ਰਜੂਏਟ ਅਤੇ ਪੋਸਟ ਗੈ੍ਰਜੂਏਟ ਕਲਾਸਾਂ ਦੀਆਂ ਕੁਲ 18 ਵਿਦਿਆਰਥਣਾਂ ਨੇ ਉਤਸ਼ਾਹ ਨਾਲ ਭਾਗ ਲਿਆ | ਭਾਗੀਦਾਰਾਂ ਨੇ ਪ੍ਰਸਿੱਧ ਮਹਿਲਾ ਵਿਗਿਆਨੀਆਂ ਦੀ ਭੂਮਿਕਾ ਨਿਭਾਉਂਦੇ ਹੋਏ ਉਨ੍ਹਾਂ ਦੇ ਜੀਵਨ, ਉਪਲਬਧੀਆਂ ਤੇ ਸੰਘਰਸ਼ਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ | ਪ੍ਰੋਗਰਾਮ ਨੇ ਵਿਦਿਆਰਥਣਾਂ ਨੂੰ ਆਲੋਚਨਾਤਮਿਕ ਸੋਚ, ਵਿਗਿਆਨਕ ਚਰਚਾ ਤੇ ਸਹਿਯੋਗਾਤਮਕ ਅਧਿਐਨ ਲਈ ਇਕ ਮਜ਼ਬੂਤ ਮੰਚ ਪ੍ਰਦਾਨ ਕੀਤਾ | ਭਾਗੀਦਾਰਾਂ ਦਾ ਮੁਲਾਂਕਣ ਵਿਸ਼ੇ-ਵਸਤੂ, ਪ੍ਰਸਤੁਤੀ ਸ਼ੈਲੀ ਅਤੇ ਕੁਲ ਪ੍ਰਦਰਸ਼ਨ ਦੇ ਆਧਾਰ 'ਤੇ ਕੀਤਾ | ਨਿਰਨਾਇਕ ਮੰਡਲ 'ਚ ਡਾ. ਆਸ਼ਾ (ਮੁਖੀ, ਭੌਤਿਕੀ ਵਿਭਾਗ) ਤੇ ਡਾ. ਅਨਮੋਲ ਅਰੋੜਾ (ਸਹਾਇਕ ਪ੍ਰੋਫੈਸਰ) ਸ਼ਾਮਿਲ ਰਹੇ | ਇਸ ਮੌਕੇ ਕਰਵਾਏ ਮੁਕਾਬਲਿਆਂ ਵਿਚ ਪਿ੍ਅੰਕਾ (ਐਮ. ਐੱਸ. ਸੀ. ਪਹਿਲਾ ਸਾਲ) ਨੇ ਪਹਿਲਾ, ਹਰਸ਼ਿਤਾ ਤੇ ਸੁਨੀਤਾ (ਬੀ. ਐੱਸ. ਸੀ. ਪਹਿਲਾ ਸਾਲ) ਦੂਜਾ ਸਥਾਨ ਤੇ ਖ਼ਵਾਹਿਸ਼ (ਬੀ. ਐੱਸ. ਸੀ. ਪਹਿਲਾ ਸਾਲ) ਅਤੇ ਮੁਸਕਾਨ (ਬੀ. ਐੱਸ. ਸੀ. ਦੂਜਾ ਸਾਲ) ਨੇ ਤੀਜਾ ਸਥਾਨ ਹਾਸਿਲ ਕੀਤਾ | ਕਾਲਜ ਪਿ੍ੰਸੀਪਲ ਡਾ. ਸੰਗੀਤਾ ਨੇ ਭੌਤਿਕੀ ਵਿਭਾਗ ਦੀ ਮੁਖੀ ਡਾ. ਆਸ਼ਾ ਤੇ ਵਿਭਾਗ ਦੇ ਹੋਰ ਅਧਿਆਪਕਾਂ ਦੀ ਇਸ ਸਲਾਹੁਣਯੋਗ ਗਤੀਵਿਧੀ ਲਈ ਪ੍ਰਸ਼ੰਸਾ ਕਰਦਿਆਂ ਪ੍ਰੋਗਰਾਮ ਦੀ ਸਫਲਤਾ 'ਤੇ ਵਧਾਈ ਦਿੱਤੀ | ਉਨ੍ਹਾਂ ਨੇ ਵਿਦਿਆਰਥਣਾਂ ਨੂੰ ਵਿਗਿਆਨ ਦੇ ਖੇਤਰ ਵਿਚ ਕਰੀਅਰ ਬਣਾਉਣ ਲਈ ਪ੍ਰੇਰਿਤ ਕੀਤਾ | ਵਿਜੇਤਾ ਵਿਦਿਆਰਥਣਾਂ ਨੂੰ ਵਿਸ਼ੇਸ਼ ਇਨਾਮ ਨਾਲ ਸਨਮਾਨਿਤ ਕੀਤਾ ਗਿਆ |