ਗੁਰੂਹਰਸਹਾਏ, 15 ਫਰਵਰੀ (ਕਪਿਲ ਕੰਧਾਰੀ)-ਮਹਾਂਸ਼ਿਵਰਾਤਰੀ ਦੇ ਪਾਵਨ ਮੌਕੇ ਨੂੰ ਮੁੱਖ ਰੱਖਦਿਆਂ ਸ਼ਹਿਰ ਦੇ ਕਾਵੜੀਆ ਭਗਤ ਪਵਿੱਤਰ ਧਾਮ ਹਰਿਦੁਆਰ ਤੋਂ ਗੰਗਾ ਜਲ ਲੈ ਕੇ ਸ਼ਹਿਰ ਵਾਪਸ ਪਹੁੰਚੇ, ਜਿਨ੍ਹਾਂ ਦਾ ਸ਼ਹਿਰ ਵਾਸੀਆਂ ਵਲੋਂ ਫੁੱਲਾਂ ਦੀ ਵਰਖਾ ਕਰਕੇ ਭਰਪੂਰ ਤੇ ਭਾਵੁਕ ਸਵਾਗਤ ਕੀਤਾ | ਜਿਵੇਂ ਹੀ ਕਾਵੜੀਆਂ ਦਾ ਜਥਾ ਸ਼ਹਿਰ ਦੇ ਰੇਲਵੇ ਪੁੱਲ ਦੇ ਕੋਲ ਪਹੁੰਚਿਆ ਤਾਂ ਉਥੇ ਪਹਿਲਾਂ ਤੋਂ ਖੜੇ ਸ਼ਹਿਰ ਵਾਸੀਆਂ ਵੱਖ-ਵੱਖ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਦੇ ਆਗੂਆਂ ਵਲੋਂ ਫੁੱਲਾਂ ਦੀ ਵਰਖਾ ਕਰਕੇ, ਮਾਲਾਵਾਂ ਪਾ ਕੇ ਤੇ ਜੈਕਾਰਿਆਂ ਨਾਲ ਉਨ੍ਹਾਂ ਦਾ ਸਵਾਗਤ ਕੀਤਾ | ਸ਼ਹਿਰ ਦੇ ਮੁੱਖ ਬਾਜ਼ਾਰਾਂ 'ਚੋਂ ਨਗਰ ਕੀਰਤਨ ਦੇ ਰੂਪ ਵਿਚ ਕਾਵੜ ਯਾਤਰਾ ਕੱਢੀ ਗਈ, ਜਿਸ ਦੌਰਾਨ ਜੈਕਾਰਿਆਂ ਨਾਲ ਮਾਹੌਲ ਭਗਤੀਮਈ ਬਣਿਆ ਰਿਹਾ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸਤਪਾਲ ਅਗਰਵਾਲ ਨੇ ਦੱਸਿਆ ਕੀ ਉਹ ਕਈ ਦਿਨਾਂ ਦੀ ਕਠਿਨ ਪੈਦਲ ਯਾਤਰਾ ਕਰਕੇ ਗੰਗਾ ਜਲ ਲੈ ਕੇ ਆਏ ਹਨ ਤੇ ਇਹ ਜਲ ਸ਼ਹਿਰ ਦੇ ਵੱਖ-ਵੱਖ ਸ਼ਿਵ ਮੰਦਰਾਂ, ਮੰਦਿਰ ਮਾਤਾ ਜੱਜਲ ਵਾਲੀ, ਸ੍ਰੀ ਰਾਧਾ ਕਿ੍ਸ਼ਨ ਮੰਦਰ, ਦੁੱਦਾਧਾਰੀ ਮੰਦਰ 'ਚ ਅਭਿਸ਼ੇਕ ਲਈ ਅਰਪਿਤ ਕੀਤਾ ਜਾਵੇਗਾ | ਭਗਤਾਂ ਨੇ ਕਿਹਾ ਕਿ ਇਹ ਯਾਤਰਾ ਆਤਮਿਕ ਸ਼ਾਂਤੀ ਤੇ ਸ਼ਰਧਾ ਦਾ ਪ੍ਰਤੀਕ ਹੈ | ਇਸ ਮੌਕੇ ਸਥਾਨਕ ਆਗੂਆਂ ਤੇ ਸਮਾਜ ਸੇਵੀਆਂ ਨੇ ਕਾਵੜੀਆਂ ਨੂੰ ਸਨਮਾਨਿਤ ਕਰਦੇ ਹੋਏ ਕਿਹਾ ਕਿ ਨੌਜਵਾਨ ਪੀੜ੍ਹੀ ਦਾ ਧਾਰਮਿਕ ਕਿਰਿਆਕਲਾਪਾਂ ਵੱਲ ਰੁਝਾਨ ਸ਼ਲਾਘਾਯੋਗ ਹੈ | ਸ਼ਹਿਰ ਵਿਚ ਵੱਖ-ਵੱਖ ਥਾਵਾਂ 'ਤੇ ਸ਼ਹਿਰ ਵਾਸੀਆਂ ਵਲੋਂ ਲੰਗਰ ਤੇ ਠੰਢੇ ਮਿੱਠੇ ਜਲ ਦੀ ਸੇਵਾ ਵੀ ਲਗਾਈ ਗਈ | ਅੰਤ 'ਚ ਕਾਵੜੀਆਂ ਨੇ ਸ਼ਹਿਰ ਦੇ ਪ੍ਰਸਿੱਧ ਸ਼ਿਵ ਮੰਦਰ, ਮੰਦਿਰ ਮਾਤਾ ਜੱਜਲ ਵਾਲੀ ਤੇ ਹੋਰ ਮੰਦਰਾਂ ਵਿਚ ਗੰਗਾ ਜਲ ਨਾਲ ਭਗਵਾਨ ਸ਼ਿਵ ਦਾ ਜਲ ਅਭਿਸ਼ੇਕ ਕਰਕੇ ਸਭ ਦੀ ਖ਼ੁਸ਼ਹਾਲੀ ਤੇ ਚੜ੍ਹਦੀ ਕਲਾ ਲਈ ਅਰਦਾਸ ਕੀਤੀ | ਇਸ ਪਾਵਨ ਮੌਕੇ 'ਤੇ ਸ਼ਹਿਰ ਵਿਚ ਪੂਰਾ ਦਿਨ ਭਗਤੀਮਈ ਮਾਹੌਲ ਬਣਿਆ |