ਫ਼ਿਰੋਜ਼ਪੁਰ, 17 ਫਰਵਰੀ (ਗੁਰਿੰਦਰ ਸਿੰਘ)-ਲੋਕਾਂ ਨੂੰ ਘਰ ਬੈਠੇ ਡਰਾਈਵਿੰਗ ਲਾਇਸੈਂਸ ਤੇ ਟਰਾਂਸਪੋਰਟ ਵਿਭਾਗ ਨਾਲ ਸੰਬੰਧਿਤ ਕੰਮਾਂ ਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਦੇ ਸਰਕਾਰੀ ਦਾਅਵਿਆਂ ਦੇ ਬਾਵਜੂਦ ਫ਼ਿਰੋਜ਼ਪੁਰ ਦੇ ਆਰ. ਟੀ. ਓ. ਦਫ਼ਤਰ ਦੀ ਕਾਰਗੁਜ਼ਾਰੀ ਗੰਭੀਰ ਸਵਾਲਾਂ ਦੇ ਘੇਰੇ ਵਿਚ ਹੈ | ਦਫ਼ਤਰ 'ਚ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਗ਼ੈਰ-ਹਾਜ਼ਰੀ ਕਾਰਨ ਆਮ ਲੋਕਾਂ ਨੂੰ ਆਪਣੇ ਕੰਮਾਂ ਕਾਰਾਂ ਲਈ ਮਹੀਨਿਆਂ ਤੱਕ ਦਫ਼ਤਰੀ ਚੱਕਰ ਕੱਟਣੇ ਪੈ ਰਹੇ ਹਨ | ਅੱਜ ਫ਼ਿਰੋਜ਼ਪੁਰ ਦੇ ਆਰ. ਟੀ. ਓ. ਦਫ਼ਤਰ ਵਿਚ ਅਚਾਨਕ ਪਹੁੰਚ ਕਰਨ 'ਤੇ ਹਾਲਾਤ ਕਾਫ਼ੀ ਨਿਰਾਸ਼ਾਜਨਕ ਨਜ਼ਰ ਆਏ | ਅਧਿਕਾਰੀਆਂ ਤੇ ਕਰਮਚਾਰੀਆਂ ਦੇ ਕਮਰਿਆਂ ਨੂੰ ਤਾਲੇ ਲੱਗੇ ਹੋਏ ਸਨ | ਨਾ ਤਾਂ ਰਿਜਨਲ ਟਰਾਂਸਪੋਰਟ ਅਫ਼ਸਰ ਤੇ ਨਾ ਹੀ ਸਹਾਇਕ ਟਰਾਂਸਪੋਰਟ ਅਫ਼ਸਰ ਆਪਣੀ ਸੀਟ 'ਤੇ ਮੌਜੂਦ ਮਿਲੇ | ਆਪਣੇ ਕੰਮ ਕਰਵਾਉਣ ਦਫ਼ਤਰ ਆਏ ਵੱਡੀ ਗਿਣਤੀ 'ਚ ਲੋਕ ਬੇਬਸੀ ਦੇ ਆਲਮ ਵਿਚ ਇੱਧਰ-ਉੱਧਰ ਭਟਕਦੇ ਨਜ਼ਰ ਆਏ | ਆਪਣਾ ਦਰਦ ਸਾਂਝਾ ਕਰਦੇ ਹੋਏ ਪਿੰਡ ਹਸਨ ਢੁੱਟ ਦੇ ਨਿਰਮਲ ਸਿੰਘ ਨੇ ਦੱਸਿਆ ਕਿ ਉਹ ਆਪਣੀ ਕੰਬਾਈਨ ਦਾ ਬੈਂਕ ਲੋਨ ਕੈਂਸਲ ਕਰਵਾਉਣ ਲਈ ਕਈ ਵਾਰ ਦਫ਼ਤਰ ਆ ਚੁੱਕੇ ਹਨ, ਪਰ ਹਰ ਵਾਰ ਕਿਸੇ ਨਾ ਕਿਸੇ ਬਹਾਨੇ ਕਾਰਨ ਕੰਮ ਅਟਕ ਜਾਂਦਾ ਹੈ | ਪਿੰਡ ਸਿੱਧੂ ਦੇ ਬਲਦੇਵ ਸਿੰਘ ਜੰਮੂ ਨੇ ਕਿਹਾ ਕਿ ਡਰਾਈਵਿੰਗ ਲਾਇਸੈਂਸ ਰੀਨਿਊ ਕਰਵਾਉਣ ਲਈ ਪਹਿਲਾਂ 13 ਫਰਵਰੀ ਉਸ ਨੂੰ ਲੰਚ ਤੋਂ ਬਾਅਦ ਆਉਣ ਲਈ ਕਿਹਾ ਗਿਆ ਸੀ, ਪਰ ਅੱਜ ਵੀ ਦਫ਼ਤਰ ਦੀਆਂ ਸੀਟਾਂ ਖਾਲੀ ਮਿਲੀਆਂ ਹਨ | ਹਰਬੰਸ ਪਾਲ ਸਿੰਘ ਨੇ ਗੰਭੀਰ ਦੋਸ਼ ਲਗਾਉਂਦਿਆਂ ਦੱਸਿਆ ਕਿ ਉਸ ਨੇ ਆਪਣੀ ਨਵੀਂ ਕਾਰ ਲਈ ਪੀ.ਬੀ 05 ਆਰ 0031 ਨੰਬਰ 24 ਹਜ਼ਾਰ ਰੁਪਏ ਦੇ ਕੇ ਖ਼ਰੀਦਿਆ ਸੀ, ਪਰ ਬਾਅਦ 'ਚ ਪਤਾ ਲੱਗਾ ਕਿ ਉਹੀ ਨੰਬਰ ਕਿਸੇ ਹੋਰ ਵਾਹਨ ਨੂੰ ਜਾਰੀ ਕੀਤਾ ਗਿਆ ਹੈ | ਉਹ ਪਿਛਲੇ ਤਿੰਨ ਸਾਲਾਂ ਤੋਂ ਇਨਸਾਫ਼ ਲਈ ਦਫ਼ਤਰ ਦੇ ਚੱਕਰ ਕੱਟ ਰਿਹਾ ਹੈ ਪਰ ਕੋਈ ਸੁਣਵਾਈ ਨਹੀਂ ਹੋ ਰਹੀ | ਮਮਦੋਟ ਦੇ ਗੁਰਦੇਵ ਸਿੰਘ ਨੇ ਵੀ ਦੱਸਿਆ ਕਿ ਛੇ ਮਹੀਨਿਆਂ ਤੋਂ ਲਾਇਸੈਂਸ ਰੀਨਿਊ ਨਾ ਹੋਣ ਕਾਰਨ ਉਹ ਵਾਰ-ਵਾਰ ਦਫ਼ਤਰ ਆਉਣ ਲਈ ਮਜਬੂਰ ਹੈ | ਇਥੇ ਹੀ ਬੱਸ ਨਹੀਂ ਗੁਰੂਹਰਸਹਾਏ, ਜ਼ੀਰਾ, ਮਮਦੋਟ ਤੇ ਹੋਰ ਇਲਾਕਿਆਂ ਤੋਂ ਨਵੇਂ ਡਰਾਈਵਿੰਗ ਲਾਇਸੈਂਸ ਬਣਵਾਉਣ ਆਏ ਲੋਕਾਂ ਨੇ ਦੱਸਿਆ ਕਿ ਉਹ ਆਨਲਾਈਨ ਅਪੁਆਇੰਟਮੈਂਟ ਲੈ ਕੇ ਡਰਾਈਵਿੰਗ ਟੈੱਸਟ ਲਈ ਪਹੁੰਚੇ ਸਨ ਪਰ ਦਫ਼ਤਰ 'ਚ ਅਧਿਕਾਰੀਆਂ, ਕਰਮਚਾਰੀਆਂ ਦੀ ਗ਼ੈਰਹਾਜ਼ਰੀ ਕਾਰਨ ਟੈੱਸਟ ਨਹੀਂ ਹੋ ਸਕੇ | ਹੁਣ ਉਨ੍ਹਾਂ ਨੂੰ ਮੁੜ ਤਰੀਕ ਲੈਣੀ ਪਵੇਗੀ | ਲੋਕਾਂ ਨੇ ਮੰਗ ਕੀਤੀ ਹੈ ਕਿ ਮੁੱਖ ਮੰਤਰੀ, ਟਰਾਂਸਪੋਰਟ ਮੰਤਰੀ ਤੇ ਵਿਭਾਗੀ ਉੱਚ ਅਧਿਕਾਰੀ ਨੂੰ ਇਸ ਮਾਮਲੇ ਵੱਲ ਤੁਰੰਤ ਧਿਆਨ ਦੇਣਾ ਚਾਹੀਦਾ ਹੈ ਤੇ ਜ਼ਿੰਮੇਵਾਰਾਂ ਖ਼ਿਲਾਫ਼ ਕਾਰਵਾਈ ਕਰਨ |