ਫ਼ਿਰੋਜ਼ਪੁਰ, 17 ਫਰਵਰੀ (ਗੁਰਿੰਦਰ ਸਿੰਘ)-ਪੰਜਾਬ ਸਰਕਾਰ ਵਲੋਂ 10 ਲੱਖ ਰੁਪਏ ਦੀ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਅਧੀਨ ਕਾਰਡ ਬਣਾਉਣ ਲਈ ਲਗਾਏ ਗਏ ਕੈਂਪ ਦੌਰਾਨ ਵਾਰਡ ਨੰਬਰ 18, ਬਸਤੀ ਟੈਂਕਾਂ ਵਾਲੀ 'ਚ ਉਸ ਵੇਲੇ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਕਾਰਡ ਬਣਾਉਣ ਦੀ ਪ੍ਰਕਿਰਿਆ ਅਚਾਨਕ ਰੋਕ ਦਿੱਤੀ ਗਈ | ਮੌਕੇ ਤੋਂ ਪ੍ਰਾਪਤ ਜਾਣਕਾਰੀ ਮੁਤਾਬਿਕ ਇਲਾਕੇ 'ਚ ਸਰਕਾਰ ਦੀ ਯੋਜਨਾ ਤਹਿਤ ਕਾਰਡ ਬਣਾਉਣ ਲਈ ਕੈਂਪ ਲਗਾਇਆ ਗਿਆ ਸੀ | ਸਵੇਰੇ ਤੋਂ ਹੀ ਵੱਡੀ ਗਿਣਤੀ 'ਚ ਇਲਾਕਾ ਵਾਸੀ ਆਪਣੀ ਵਾਰੀ ਦੀ ਉਡੀਕ ਵਿਚ ਲਾਈਨਾਂ ਵਿਚ ਖੜੇ੍ਹ ਰਹੇ | ਵਾਰਡ ਦੇ ਮੌਜੂਦਾ ਕੌਂਸਲਰ ਦਿਨੇਸ਼ ਕੁਮਾਰ ਉਰਫ਼ ਦਰਸ਼ੂ ਨੇ ਦੱਸਿਆ ਕਿ ਉਨ੍ਹਾਂ ਨੂੰ ਫ਼ੋਨ ਰਾਹੀਂ ਸੂਚਨਾ ਮਿਲੀ ਸੀ ਕਿ ਉਨ੍ਹਾਂ ਦੇ ਵਾਰਡ 'ਚ 10 ਲੱਖ ਦੀ ਯੋਜਨਾ ਵਾਲੇ ਕਾਰਡ ਬਣਾਏ ਜਾਣੇ ਹਨ, ਜਿਸ ਲਈ ਸਾਰੇ ਪ੍ਰਬੰਧ ਉਨ੍ਹਾਂ ਵਲੋਂ ਕੀਤੇ ਗਏ ਸਨ | ਉਨ੍ਹਾਂ ਦੱਸਿਆ ਕਿ ਕੈਂਪ 'ਚ ਪਹੁੰਚੇ ਅਧਿਕਾਰੀਆਂ ਵਲੋਂ ਕਾਰਡ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਅਤੇ ਲੋਕਾਂ ਨੂੰ ਟੋਕਨ ਵੀ ਵੰਡੇ ਗਏ ਪਰ ਕੁੱਝ ਹੀ ਕਾਰਡ ਬਣੇ ਸਨ ਕਿ ਅਚਾਨਕ ਉੱਪਰੋਂ ਆਏ ਹੁਕਮਾਂ ਦਾ ਹਵਾਲਾ ਦੇ ਕੇ ਕੰਮ ਰੋਕ ਦਿੱਤਾ ਗਿਆ | ਅਧਿਕਾਰੀਆਂ ਨੇ ਕਿਹਾ ਕਿ ਇਹ ਸੈੱਟਅਪ ਇਸ ਥਾਂ ਨਹੀਂ ਲੱਗ ਸਕਦਾ ਤੇ ਕਾਰਡ ਕਿਸੇ ਹੋਰ ਥਾਂ ਬਣਾਏ ਜਾਣਗੇ | ਬਣਦੇ ਕਾਰਡ ਰੋਕਣ ਦੇ ਇਸ ਅਚਾਨਕ ਫ਼ੈਸਲੇ ਨਾਲ ਮੌਕੇ 'ਤੇ ਮੌਜੂਦ ਲੋਕਾਂ ਵਿਚ ਭਾਰੀ ਰੋਸ ਪੈਦਾ ਹੋ ਗਿਆ | ਟੋਕਨ ਲੈ ਕੇ ਬੈਠੇ ਲੋਕਾਂ 'ਚ ਅਪੰਗ ਵਿਅਕਤੀ ਅਤੇ ਬਜ਼ੁਰਗ ਮਹਿਲਾਵਾਂ ਵੀ ਸ਼ਾਮਿਲ ਸਨ, ਜਿਨ੍ਹਾਂ ਨੇ ਮੰਗ ਕੀਤੀ ਕਿ ਕੰਮ ਉਸੇ ਥਾਂ 'ਤੇ ਜਾਰੀ ਰੱਖਿਆ ਜਾਵੇ ਤਾਂ ਜੋ ਉਨ੍ਹਾਂ ਨੂੰ ਹੋਰ ਕਿਤੇ ਜਾਣ ਦੀ ਦਿੱਕਤ ਨਾ ਝੱਲਣੀ ਪਵੇ | ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਸੰਬੰਧਿਤ ਜੇ. ਈ. ਸੁਖਪ੍ਰੀਤ ਸਿੰਘ ਮੌਕੇ 'ਤੇ ਪਹੁੰਚੇ ਅਤੇ ਜਨਤਾ ਦੇ ਰੋਸ ਨੂੰ ਦੇਖਦੇ ਹੋਏ ਉਥੇ ਹੀ ਕਾਰਡ ਬਣਾਉਣ ਦੀ ਮਨਜ਼ੂਰੀ ਦੇ ਦਿੱਤੀ | ਕੁਝ ਸਮੇਂ ਬਾਅਦ ਕਾਰਡ ਬਣਾਉਣ ਦੀ ਪ੍ਰਕਿਰਿਆ ਦੁਬਾਰਾ ਸ਼ੁਰੂ ਤਾਂ ਹੋ ਗਈ ਪਰ ਘੰਟਿਆਂ ਤੱਕ ਉਡੀਕ ਕਰਦੇ ਰਹੇ ਲੋਕਾਂ ਦੀ ਇਸ ਖ਼ੱਜਲ-ਖ਼ੁਆਰੀ ਲਈ ਜ਼ਿੰਮੇਵਾਰ ਕੌਣ ਹੈ, ਇਹ ਸਵਾਲ ਅਜੇ ਵੀ ਬਰਕਰਾਰ ਹੈ |