17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਫ਼ਿਰੋਜ਼ਪੁਰ ਦੇ ਵੱਖ-ਵੱਖ ਹਿੱਸਿਆਂ 'ਚ ਮਨਾਈ ਹੋਲੀ, ਬਾਜ਼ਾਰਾਂ ਵਿਚ ਦਿਖੀ ਖ਼ਾਸ ਰੌਣਕ

ਅਜੀਤ ਡੈਸਕ 06-03-2026
ਫ਼ਿਰੋਜ਼ਪੁਰ, 5 ਮਾਰਚ (ਸੁਖਵਿੰਦਰ ਸਿੰਘ)-ਸ਼ਹਿਰ ਵਿਚ ਰੰਗਾਂ ਦੇ ਤਿਉਹਾਰ ਹੋਲੀ ਨੂੰ ਬੜੀ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਨੌਜਵਾਨਾਂ, ਬੱਚਿਆਂ ਅਤੇ ਬਜ਼ੁਰਗਾਂ ਨੇ ਇਕ-ਦੂਜੇ ਨੂੰ ਰੰਗ ਲਗਾ ਕੇ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ ਅਤੇ ਰੰਗਾਂ ਦੀ ਮਸਤੀ ਮਾਣੀ | ਗਲੀਆਂ-ਮੁਹੱਲਿਆਂ ਵਿਚ ਖ਼ੁਸ਼ੀ ਦਾ ਮਾਹੌਲ ਦੇਖਣ ਨੂੰ ਮਿਲਿਆ ਅਤੇ ਹਰ ਪਾਸੇ ਰੰਗਾਂ ਦੀ ਵਰਖਾ ਨਾਲ ਤਿਉਹਾਰ ਦੀ ਚਮਕ ਦਿਖਾਈ ਦਿੱਤੀ | ਇਸ ਤੋਂ ਇਕ ਦਿਨ ਪਹਿਲਾਂ ਹੋਲਿਕਾ ਦਹਿਨ ਕੀਤਾ ਗਿਆ | ਹਾਲਾਂਕਿ ਚੰਦ ਗ੍ਰਹਿ ਲੱਗਣ ਦੇ ਕਾਰਨ ਹੋਲੀ ਦਾ ਰੰਗ ਥੋੜ੍ਹਾ ਜਿਹਾ ਫਿੱਕਾ ਰਿਹਾ, ਪਰ ਅਗਲੇ ਦਿਨ ਇਸ ਫਿੱਕੇ ਰੰਗ ਨੂੰ ਰੰਗ ਬਿਰੰਗੇ ਰੰਗਾਂ ਦੇ ਨਾਲ ਨੌਜਵਾਨ ਬੱਚਿਆ ਅਤੇ ਬਜ਼ੁਰਗਾਂ ਵਲੋਂ ਇਕ ਦੂਜੇ ਨੂੰ ਰੰਗ ਲਗਾ ਕੇ ਧਰਤੀ ਨੂੰ ਵੀ ਰੰਗੀਨ ਕਰ ਦਿੱਤੀ | ਹੋਲੀ ਦੇ ਤਿਉਹਾਰ ਨੂੰ ਲੈ ਕੇ ਫ਼ਿਰੋਜ਼ਪੁਰ ਦੇ ਬਾਜ਼ਾਰਾਂ ਵਿਚ ਵੀ ਕਈ ਦਿਨ ਪਹਿਲਾਂ ਤੋਂ ਖ਼ਾਸ ਰੌਣਕ ਬਣੀ ਹੋਈ ਸੀ | ਦੁਕਾਨਾਂ 'ਤੇ ਰੰਗ-ਬਰੰਗੇ ਗੁਲਾਲ, ਹਰਬਲ ਰੰਗ ਅਤੇ ਬੱਚਿਆਂ ਲਈ ਵੱਖ-ਵੱਖ ਡਿਜ਼ਾਈਨਾਂ ਵਾਲੀਆਂ ਪਿਚਕਾਰੀਆਂ ਸੱਜੀਆਂ ਹੋਈਆਂ ਦਿਖਾਈ ਦਿੱਤੀਆਂ | ਗ੍ਰਾਹਕ ਆਪਣੇ ਪਰਿਵਾਰ ਅਤੇ ਬੱਚਿਆਂ ਲਈ ਖ਼ੁਸ਼ੀ-ਖ਼ੁਸ਼ੀ ਖ਼ਰੀਦਦਾਰੀ ਕਰਦੇ ਨਜ਼ਰ ਆਏ | ਦੁਕਾਨਦਾਰ ਨੇ ਦੱਸਿਆ ਕਿ ਇਸ ਵਾਰ ਬਾਜ਼ਾਰ ਵਿਚ ਨਵੇਂ ਕਿਸਮਾਂ ਦੇ ਕੈਮਿਕਲ-ਰਹਿਤ ਰੰਗ ਆਏ ਹਨ | ਜਿਨ੍ਹਾਂ ਨੂੰ ਲੋਕ ਵਧੇਰੇ ਤਰਜੀਹ ਦੇ ਰਹੇ ਹਨ | ਬੱਚਿਆਂ ਲਈ ਕਾਰਟੂਨ ਆਕਿ੍ਤੀਆਂ ਵਾਲੀਆਂ ਪਿਚਕਾਰੀਆਂ ਦੀ ਵੀ ਖ਼ੂਬ ਮੰਗ ਰਹੀ | ਉਨ੍ਹਾਂ ਕਿਹਾ ਕਿ ਲੋਕਾਂ ਵਿਚ ਹੋਲੀ ਨੂੰ ਲੈ ਕੇ ਕਾਫ਼ੀ ਜੋਸ਼ ਅਤੇ ਉਤਸ਼ਾਹ ਹੈ | ਕੁੱਲ ਮਿਲਾ ਕੇ ਫ਼ਿਰੋਜ਼ਪੁਰ ਵਿਚ ਹੋਲੀ ਦਾ ਤਿਉਹਾਰ ਪੂਰੇ ਚਾਅ ਅਤੇ ਉਤਸ਼ਾਹ ਨਾਲ ਮਨਾਇਆ ਗਿਆ ਅਤੇ ਬਾਜ਼ਾਰਾਂ ਦੀ ਰੌਣਕ ਨੇ ਤਿਉਹਾਰ ਦੀ ਖ਼ੁਸ਼ੀ ਨੂੰ ਹੋਰ ਵੀ ਦੋਗੁਣਾ ਕਰ ਦਿੱਤਾ |
ਹੋਲੀ ਮੌਕੇ ਹੁੱਲੜਬਾਜ਼ੀ ਕਰਨ ਵਾਲਿਆਂ ਖ਼ਿਲਾਫ਼ ਪੁਲਿਸ ਦੀ ਸਖ਼ਤੀ
ਸ਼ਹਿਰ ਵਿਚ ਹੋਲੀ ਦਾ ਤਿਉਹਾਰ ਖ਼ੁਸ਼ੀ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਜਦਕਿ ਕਾਨੂੰਨ-ਵਿਵਸਥਾ ਬਣਾਈ ਰੱਖਣ ਲਈ ਪੁਲਿਸ ਵੀ ਮੁਸਤੈਦ ਰਹੀ | ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕੁੱਝ ਨੌਜਵਾਨਾਂ ਵਲੋਂ ਹੁੱਲੜਬਾਜ਼ੀ ਦੀ ਕੋਸ਼ਿਸ਼ ਕੀਤੀ ਗਈ | ਜਿਨ੍ਹਾਂ ਨੂੰ ਪਹਿਲਾਂ ਸਮਝਾਇਆ ਗਿਆ, ਨਾ ਮੰਨਣ ਦੀ ਸੂਰਤ ਵਿਚ ਉਨ੍ਹਾਂ ਦੇ ਮੋਟਰਸਾਈਕਲ ਬੰਦ ਕਰਕੇ ਕਾਨੂੰਨੀ ਕਾਰਵਾਈ ਕੀਤੀ ਗਈ | ਉਨ੍ਹਾਂ ਕਿਹਾ ਕਿ ਤਿਉਹਾਰ ਮਨਾਉਣਾ ਸਭ ਦਾ ਅਧਿਕਾਰ ਹੈ,ਪਰ ਕਾਨੂੰਨ ਦੀ ਉਲੰਘਣਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ |
ਪਿਛਲੀ ਖ਼ਬਰ ਪਿੰਡ ਮਹੀਂਆਂ ਵਾਲਾ ਕਲਾਂ ਦਾ ਕਬੱਡੀ ਕੱਪ ਪਿੰਡ ਸੂਰੇਵਾਲਾ ਨੇ ਜਿੱਤਿਆ ਅਗਲੀ ਖ਼ਬਰ ਹੈਰੋਇਨ ਸਮੇਤ ਗਿ੍ਫਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।