ਤਲਵੰਡੀ ਭਾਈ, 15 ਮਈ (ਕੁਲਜਿੰਦਰ ਸਿੰਘ ਗਿੱਲ)-ਨਗਰ ਕੌਂਸਲ ਤਲਵੰਡੀ ਭਾਈ ਦੇ 13 ਵਾਰਡਾਂ ਦੀ ਚੋਣ ਲਈ ਨਾਮਜ਼ਦਗੀਆਂ ਦੀ ਚੱਲ ਰਹੀ ਪ੍ਰਕਿਰਿਆ ਦੌਰਾਨ ਅੱਜ 21 ਉਮੀਦਵਾਰਾਂ ਵਲੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾ ਦਿੱਤੇ ਗਏ ਹਨ | ਇੱਥੇ ਸਬ ਤਹਿਸੀਲ ਦਫਤਰ ਵਿਖੇ ਨਗਰ ਕੌਂਸਲ ਤਲਵੰਡੀ ਭਾਈ ਲਈ ਰਿਟਰਨਿੰਗ ਅਫਸਰ ਨਵਦੀਪ ਸਿੰਗਲਾ ਐਕਸੀਅਨ ਲੋਕ ਨਿਰਮਾਣ ਵਿਭਾਗ ਅਤੇ ਸਹਾਇਕ ਰਿਟਰਨਿੰਗ ਅਫਸਰ ਨਰਿੰਦਰ ਮੋਹਨ ਕੱਕੜ ਐਸ.ਡੀ.ਓ. (ਪੀ.ਡਬਲਿਊ.ਡੀ. ਐਂਡ ਬੀ.ਐਡ.ਆਰ.) ਦੀ ਦੇਖ ਰੇਖ ਹੇਠ ਨਾਮਜ਼ਦਗੀਆਂ ਦਾ ਕੰਮ ਅਮਨ ਅਮਾਨ ਨਾਲ ਚੱਲ ਰਿਹਾ ਹੈ | ਇਸ ਦੌਰਾਨ ਅੱਜ ਅਕਾਲੀ ਦਲ ਨਾਲ ਸਬੰਧਿਤ ਅਤੇ ਆਜ਼ਾਦ ਉਮੀਦਵਾਰਾਂ ਵਜੋਂ 21 ਦਾਅਵੇਦਾਰਾਂ ਵਲੋਂ ਚੋਣ ਅਮਲੇ ਕੋਲ ਆਪਣੀਆਂ ਨਾਮਜ਼ਦਗੀਆਂ ਦਾਖਲ ਕਰਵਾਈਆਂ ਗਈਆਂ | ਜਦਕਿ ਨਗਰ ਪੰਚਾਇਤ ਮੁੱਦਕੀ ਦੀਆਂ ਚੋਣਾਂ ਲਈ ਇੱਥੇ ਮਾਰਕੀਟ ਕਮੇਟੀ ਦਫਤਰ ਵਿਖੇ ਸਥਾਪਿਤ ਕੀਤੇ ਚੋਣ ਦਫਤਰ ਅੰਦਰ ਰਿਟਰਨਿੰਗ ਅਫਸਰ ਜੌਨੀ ਖੰਨਾ ਐਕਸੀਅਨ ਵਾਟਰ ਸਪਲਾਈ ਅਤੇ ਸਹਾਇਕ ਰਿਟਰਨਿੰਗ ਅਫਸਰ ਪਰਮਪਾਲ ਸਿੰਘ ਨਾਇਬ ਤਹਿਸੀਲਦਾਰ ਮੱਖੂ ਕੋਲ ਅਜੇ ਤੱਕ ਕੋਈ ਨਾਮਜ਼ਦਗੀ ਨਹੀਂ ਪੁੱਜੀ |