ਫਿਰੋਜ਼ਪੁਰ, 15 ਮਈ (ਸੁਖਵਿੰਦਰ ਸਿੰਘ)-ਆਉਣ ਵਾਲੀਆਂ ਨਗਰ ਕੌਂਸਲ ਚੋਣਾਂ ਵਿਚ ਲੋਕਾਂ ਵਲੋਂ ਭਾਜਪਾ ਨੂੰ ਭਾਰੀ ਸਮਰਥਨ ਮਿਲਣ ਦੇ ਸੰਕੇਤ ਮਿਲ ਰਹੇ ਹਨ ਅਤੇ ਇਸ ਵਾਰ ਲੋਕ ਭਾਜਪਾ ਨੂੰ ਨਗਰ ਕੌਂਸਲ ਦੀ ਸੱਤਾ ਸੌਂਪਣ ਦਾ ਮਨ ਬਣਾ ਚੁੱਕੇ ਹਨ | ਇਹ ਪ੍ਰਗਟਾਵਾ ਭਾਜਪਾ ਦੇ ਰਾਸ਼ਟਰੀ ਕਾਰਜਾਂ ਦੀ ਮੈਂਬਰ ਰਾਣਾ ਗੁਰਮੀਤ ਸਿੰਘ ਸੋਢੀ ਨੇ ਇਕ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਪਿਛਲੇ ਪੰਜ ਸਾਲਾਂ ਤੋਂ ਨਗਰ ਕੌਂਸਲ ਤੇ ਕਾਂਗਰਸ ਦਾ ਕਬਜ਼ਾ ਹੋਣ ਤੇ ਬਾਵਜੂਦ ਸ਼ਹਿਰ ਵਿਚ ਵਿਕਾਸ ਦੇ ਨਾਂ ਤੇ ਕੋਈ ਵੱਡਾ ਕੰਮ ਨਹੀਂ ਹੋਇਆ | ਉੱਥੇ ਹੀ ਪੰਜਾਬ ਦੀ ਮੌਜੂਦਾ ਆਮ ਆਦਮੀ ਪਾਰਟੀ ਸਰਕਾਰ ਵਲੋਂ ਵੀ ਫਿਰੋਜ਼ਪੁਰ ਲਈ ਕੋਈ ਵੱਡਾ ਪ੍ਰੋਜੈਕਟ ਨਹੀਂ ਲਿਆਂਦਾ ਗਿਆ ਅਤੇ ਨਾ ਹੀ ਸ਼ਹਿਰ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਕੋਈ ਢੰਗ ਦੀ ਯੋਜਨਾ ਬਣਾਈ ਗਈ | ਉਹਨਾਂ ਦੋਸ਼ ਲਗਾਇਆ ਕਿ ਸਰਕਾਰ ਦੀ ਅਣਦੇਖੀ ਕਾਰਨ ਫਿਰੋਜ਼ਪੁਰ ਵਿਕਾਸ ਪੱਖੋਂ ਕਾਫ਼ੀ ਪਿੱਛੇ ਰਹਿ ਗਿਆ ਹੈ | ਰਾਣਾ ਸੋਢੀ ਨੇ ਕਿਹਾ ਕਿ ਸ਼ਹਿਰ ਦੀਆਂ ਟੁੱਟੀਆਂ ਸੜਕਾਂ, ਗੰਦਗੀ ਦੇ ਢੇਰ, ਖ਼ਰਾਬ ਸੀਵਰੇਜ ਪ੍ਰਣਾਲੀ ਅਤੇ ਰੁਕੇ ਹੋਏ ਵਿਕਾਸ ਕਾਰਜਾਂ ਨੇ ਲੋਕਾਂ ਦਾ ਜੀਵਨ ਦੁਖਦਾਈ ਬਣਾ ਦਿੱਤਾ ਹੈ | ਨਗਰ ਕੌਂਸਲ ਵਿਚ ਆਪਣੇ ਕੰਮ ਲਈ ਜਾਣ ਵਾਲੇ ਲੋਕਾਂ ਨੂੰ ਹਰ ਵਾਰ ਫ਼ੰਡਾਂ ਦੀ ਕਮੀ ਦਾ ਹਵਾਲਾ ਦੇ ਕੇ ਟਾਲਿਆ ਜਾਂਦਾ ਹੈ ਜਦ ਕਿ ਆਮ ਜਨਤਾ ਨੂੰ ਇਸ ਗੱਲ ਨਾਲ ਕੋਈ ਲੈਣਾ ਦੇਣਾ ਨਹੀਂ | ਉਨ੍ਹਾਂ ਦੱਸਿਆ ਹੈ ਕਿ ਸ਼ਹਿਰ ਵਾਸੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਲੋਕਾਂ ਨੇ ਖੁੱਲ ਕੇ ਕਿਹਾ ਕਿ ਪਿਛਲੇ ਸਾਢੇ ਚਾਰ ਸਾਲਾਂ ਵਿਚ ਸ਼ਹਿਰ ਦੇ ਵਿਕਾਸ ਲਈ ਕੋਈ ਢੰਗ ਦਾ ਕੰਮ ਨਹੀਂ ਹੋਇਆ ਲੋਕ ਹੁਣ ਬਦਲਾ ਚਾਹੁੰਦੇ ਹਨ | ਰਾਣਾ ਗੁਰਮੀਤ ਸਿੰਘ ਸੋਢੀ ਦੀ ਸੋਚ ਅਤੇ ਵਿਜ਼ਨ ਨੂੰ ਦੇਖਦਿਆਂ ਭਾਜਪਾ ਨੂੰ ਮੌਕਾ ਦੇਣ ਦਾ ਮਨ ਬਣਾ ਚੁੱਕੇ ਹਨ | ਉਨ੍ਹਾਂ ਕਿਹਾ ਕਿ ਲੋਕ ਸਾਰੀਆਂ ਰਵਾਇਤੀ ਪਾਰਟੀਆਂ ਨੂੰ ਅਜ਼ਮਾ ਚੁੱਕੇ ਹਨ | ਫਿਰੋਜ਼ਪੁਰ ਦੀ ਬਦਹਾਲੀ ਅਤੇ ਪਿਛੜਾਪਨ ਅੱਜ ਵੀ ਜਿਉਂ ਦਾ ਤਿਉਂ ਹੈ | ਇਸ ਲਈ ਇਸ ਵਾਰ ਲੋਕ ਭਾਜਪਾ ਨੂੰ ਪੂਰਨ ਬਹੁਮਤ ਨਾਲ ਜਿਤਾ ਕੇ ਨਗਰ ਕੌਂਸਲ ਵਿਚ ਨਵਾਂ ਇਤਿਹਾਸ ਰਚਣ ਲਈ ਤਿਆਰ ਹਨ |