ਫ਼ਿਰੋਜ਼ਪੁਰ, 17 ਮਈ (ਕੁਲਬੀਰ ਸਿੰਘ ਸੋਢੀ)-ਝੋਨੇ ਦੀ ਫ਼ਸਲ ਦੀ ਬਿਜਾਈ ਅਤੇ ਖਾਦ ਸਬੰਧੀ ਕਿਸਾਨਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਸਬੰਧੀ ਭਾਕਿਯੂ ਮਾਨਸਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਪ੍ਰਕਾਸ਼ ਸਿੰਘ ਦੀ ਅਗਵਾਈ ਵਿਚ ਅਹਿਮ ਬੈਠਕ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਵਿਖੇ ਹੋਈ ਜਿਸ ਵਿਚ ਵੱਡੀ ਸੰਖਿਆ ਵਿਚ ਕਿਸਾਨ ਅਤੇ ਜਥੇਬੰਦੀ ਦੇ ਮੈਂਬਰਾਂ ਨੇ ਹਿੱਸਾ ਲਿਆ | ਭਾਕਿਯੂ ਮਾਨਸਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਪ੍ਰਕਾਸ਼ ਸਿੰਘ ਨੇ ਬੈਠਕ ਦੌਰਾਨ ਸੂਬਾ ਸਰਕਾਰ ਨੂੰ ਅਪੀਲ ਕੀਤੀ ਕਿ ਕੋਆਪ੍ਰੇਟਿਵ ਸੁਸਾਇਟੀਆਂ ਦੇ ਮੁਲਾਜ਼ਮ ਹੜਤਾਲ 'ਤੇ ਬੈਠੇ ਹੋਏ ਹਨ, ਜਿਸ ਕਰਕੇ ਕਿਸਾਨਾਂ ਨੂੰ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਦੱਸਿਆ ਕਿ ਕਿਸਾਨ ਵੀਰ ਸੁਸਾਇਟੀਆਂ ਦਾ ਫ਼ਸਲ ਆਉਣ ਤੇ ਕਰਜ਼ਾ ਚੁਕਤਾ ਕਰਕੇ ਅੱਗੇ ਹੋਰ ਲੈਂਦੇ ਸਨ, ਜਿਸ ਨਾਲ ਕਿਸਾਨੀ ਤੇ ਘਰ ਦਾ ਪਾਲਣ ਪੋਸ਼ਣ ਚੱਲਦਾ ਰਹਿੰਦਾ ਸੀ | ਪ੍ਰਧਾਨ ਪ੍ਰਕਾਸ਼ ਸਿੰਘ ਨੇ ਕਿਹਾ ਕਿ ਝੋਨੇ ਦੀ ਬਿਜਾਈ ਸਿਖਰ 'ਤੇ ਹੈ ਤੇ ਕਿਸਾਨਾਂ ਨੂੰ ਖਾਦ ਤੇ ਹੋਰ ਪਦਾਰਥਾਂ ਨੂੰ ਮਿਲਣ ਵਿਚ ਪ੍ਰੇਸ਼ਾਨੀ ਆ ਰਹੀ ਹੈ, ਜਿਸ ਨੂੰ ਜਲਦ ਪੂਰਾ ਕੀਤਾ ਜਾਵੇ ਤਾਂ ਕਿ ਕਿਸਾਨ ਬਿਜਾਈ ਨੂੰ ਸਮੇਂ ਸਿਰ ਪੂਰਾ ਕਰ ਸਕਣ | ਇਸ ਸਮੇਂ ਸੂਬਾ ਪ੍ਰਧਾਨ ਮੇਜਰ ਸਿੰਘ, ਸੁੰਦਰ ਸਿੰਘ ਨਵਾਂ ਕਿਲਾ, ਹਰੀ ਸਿੰਘ, ਜਗਜੀਤ ਸਿੰਘ, ਗੁਰਸਾਹਿਬ ਸਿੰਘ, ਗੁਰਪ੍ਰੀਤ ਸਿੰਘ, ਕੁਲਵੰਤ ਸਿੰਘ, ਸੁਖਵੰਤ ਸਿੰਘ, ਕਿ੍ਸ਼ਨ ਕੁਮਾਰ, ਕੁਲਬੀਰ ਸਿੰਘ, ਵਿਸ਼ਾਲਦੀਪ ਸਿੰਘ ਕਾਦਾ ਬੋੜਾ, ਰੌਬਿਨ, ਸਲਵਿੰਦਰ ਸਿੰਘ, ਜਸਵੰਤ ਸਿੰਘ, ਤਰਸੇਮ ਸਿੰਘ, ਅਜੈ ਕੁਮਾਰ ਅਤੇ ਸੁਰਿੰਦਰ ਸਿੰਘ ਆਦਿ ਹਾਜ਼ਰ ਸਨ |