ਸ਼ਹਿਰ ਦੇ ਨਾਮੀ ਹਸਪਤਾਲ ਵਿਚ ਜ਼ੇਰੇ ਇਲਾਜ ਮਰੀਜ਼ ਦੀ ਮੌਤ ਹੋਣ ਦਾ ਮਾਮਲਾ ਗਰਮਾਇਆ
ਅਜੀਤ ਡੈਸਕ
20-05-2026
ਫ਼ਿਰੋਜਪੁਰ, 19 ਮਈ (ਕੁਲਬੀਰ ਸਿੰਘ ਸੋਢੀ)-ਪਿਛਲੇ ਦਿਨੀਂ ਮੌਸਮ ਦੀ ਤਬਦੀਲੀ ਦੇ ਚੱਲਦੇ ਫ਼ਿਰੋਜ਼ਪੁਰ ਸ਼ਹਿਰ ਵਿਚ ਤੇਜ਼ ਹਨੇਰੀ ਅਤੇ ਤੂਫ਼ਾਨ ਆਇਆ ਸੀ, ਜਿਸ ਨੇ ਕਈ ਤਰ੍ਹਾਂ ਦੇ ਨੁਕਸਾਨ ਕੀਤੇ ਸਨ | ਇਸ ਦੌਰਾਨ ਸ਼ਹਿਰ ਦੇ ਨੇੜਲੇ ਖੇਤਰ ਸੋਕੜ ਨਹਿਰ ਨੇੜੇ ਇਕ ਘਰ ਦੀ ਤੇਜ਼ ਹਨੇ੍ਹਰੀ ਨਾਲ ਅਚਾਨਕ ਦੀਵਾਰ ਡਿੱਗਣ ਕਾਰਨ ਕਰੀਬ ਦਰਜਨ ਲੋਕ ਗੰਭੀਰ ਜ਼ਖਮੀ ਹੋ ਗਏ ਸਨ ਜਿਨ੍ਹਾਂ ਨੂੰ ਇਲਾਜ ਲਈ ਸ਼ਹਿਰ ਦੇ ਨਿੱਜੀ ਹਸਪਤਾਲ 'ਅਨਿਲ ਬਾਗ਼ੀ ਹਸਪਤਾਲ' ਵਿਚ ਇਲਾਜ ਲਈ ਭਰਤੀ ਕਰਵਾਇਆ ਗਿਆ ਸੀ, ਜਿਸ ਵਿਚੋਂ ਇਕ ਓਮ ਪ੍ਰਕਾਸ਼ ਨਾਮਕ ਮਰੀਜ਼ ਦੀ ਇਲਾਜ ਦੌਰਾਨ ਮੌਤ ਹੋ ਗਈ, ਜਿਸ ਪਿੱਛੋਂ ਮਿ੍ਤਕ ਦੇ ਪਰਿਵਾਰਿਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਦਾ ਗ਼ੁੱਸਾ ਭੜਕ ਗਿਆ 'ਤੇ ਹਸਪਤਾਲ ਪ੍ਰਸ਼ਾਸਨ ਖ਼ਿਲਾਫ਼ ਹੰਗਾਮਾ ਕੀਤਾ ਅਤੇ ਹਸਪਤਾਲ ਪ੍ਰਸ਼ਾਸਨ 'ਤੇ ਅਣਗਹਿਲੀ ਵਰਤਣ ਦੇ ਦੋਸ਼ ਲਗਾਏ | ਪਰਿਵਾਰਿਕ ਮੈਂਬਰਾਂ ਦਾ ਕਹਿਣਾ ਸੀ ਕਿ ਸਾਨੂੰ ਹਸਪਤਾਲ ਵਾਲਿਆਂ ਨੇ ਮਰੀਜ਼ ਦੀ ਸਿਹਤ ਸਬੰਧੀ ਬੇਵਕੂਫ਼ ਬਣਾਇਆ ਜਾਂਦਾ ਰਿਹਾ ਹੈ 'ਤੇ ਸਾਡੇ ਕੋਲੋਂ ਲੱਖ ਰੁਪਏ ਦੇ ਬਿੱਲ ਲੈ ਲਏ ਗਏ |
ਉਨ੍ਹਾਂ ਦਾ ਕਹਿਣਾ ਸੀ ਕਿ ਜੇਕਰ ਡਾਕਟਰਾਂ ਅਤੇ ਸਟਾਫ਼ ਵਲੋਂ ਮਰੀਜ਼ ਦੀ ਸਮੇਂ ਸਿਰ ਸਾਂਭ-ਸੰਭਾਲ ਅਤੇ ਸਹੀ ਇਲਾਜ ਕੀਤਾ ਜਾਂਦਾ, ਤਾਂ ਸਾਡੇ ਮਰੀਜ਼ ਓਮ ਪ੍ਰਕਾਸ਼ ਦੀ ਜਾਨ ਬੱਚ ਸਕਦੀ ਸੀ | ਉਨ੍ਹਾਂ ਮੌਤ ਦਾ ਜ਼ਿੰਮੇਵਾਰ ਸਿੱਧੇ ਤੌਰ 'ਤੇ ਹਸਪਤਾਲ ਦੇ ਸਟਾਫ਼ ਨੂੰ ਠਹਿਰਾਉਂਦਿਆਂ ਇਨਸਾਫ਼ ਦੀ ਮੰਗ ਕੀਤੀ | ਮਿ੍ਤਕ ਓਮ ਪ੍ਰਕਾਸ਼ ਦੀ ਮੌਤ 'ਤੇ ਪਰਿਵਾਰ ਵਲੋਂ ਲਗਾਏ ਦੋਸ਼ਾਂ ਸਬੰਧੀ ਹਸਪਤਾਲ ਦੇ ਮਾਲਕ ਕਮਲ ਬਾਗ਼ੀ ਨੇ ਲੱਗੇ ਦੋਸ਼ਾਂ ਨੂੰ ਨਕਾਰਦੇ ਹੋਏ ਦੱਸਿਆ ਕਿ ਮਰੀਜ਼ ਓਮ ਪ੍ਰਕਾਸ਼ ਦੇ ਸਿਰ ਵਿਚ ਗੰਭੀਰ ਸੱਟਾਂ ਹੋਣ ਕਰਕੇ ਹਾਲਤ ਬਹੁਤ ਹੀ ਨਾਜ਼ੁਕ ਸੀ, ਜਿਸ ਦੇ ਇਲਾਜ ਵਿਚ ਕਿਸੇ ਤਰ੍ਹਾਂ ਦੀ ਕੋਈ ਕੁਤਾਹੀ ਨਹੀਂ ਹੋਈ, ਬਲਕਿ ਹਸਪਤਾਲ ਦੇ ਸਟਾਫ਼ ਵਲੋਂ ਮਰੀਜ਼ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਸੀ | ਉਨ੍ਹਾਂ ਦੱਸਿਆ ਕਿ ਮਰੀਜ਼ ਦੀ ਨਾਜ਼ੁਕ ਹਾਲਤ ਬਾਰੇ ਪਰਿਵਾਰਿਕ ਮੈਂਬਰਾਂ ਨੂੰ ਸਮੇਂ-ਸਮੇਂ 'ਤੇ ਜਾਣਕਾਰੀ ਦਿੱਤੀ ਜਾਂਦੀ ਰਹੀ ਹੈ |