ਗੁਰੂਹਰਸਹਾਏ, 19 ਮਈ (ਕਪਿਲ ਕੰਧਾਰੀ)-ਗੁਰੂਹਰਸਹਾਏ ਦੇ ਵੱਖ-ਵੱਖ ਬੈਂਕਾਂ ਵਿਚ ਪਿਛਲੇ ਕੁੱਝ ਦਿਨਾਂ ਤੋਂ ਕੈਸ਼ ਦੀ ਕਮੀ ਕਾਰਨ ਆਮ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਬੈਂਕਾਂ ਵਿਚ ਘੰਟਿਆਂ ਇੰਤਜ਼ਾਰ ਕਰਨ ਦੇ ਬਾਵਜੂਦ ਕਈ ਲੋਕਾਂ ਨੂੰ ਨਿਰਾਸ਼ ਹੋ ਕੇ ਬਿਨਾ ਕੈਸ਼ ਲਏ ਵਾਪਸ ਆਪਣੇ ਘਰਾਂ ਨੂੰ ਮੁੜਨਾ ਪੈ ਰਿਹਾ ਹੈ | ਲੋਕਾਂ ਦਾ ਕਹਿਣਾ ਹੈ ਕਿ ਖੇਤੀਬਾੜੀ ਦੇ ਕੰਮਾਂ ਅਤੇ ਰੋਜ਼ਾਨਾ ਲੈਣ-ਦੇਣ ਲਈ ਨਕਦੀ ਦੀ ਲੋੜ ਵਧ ਗਈ ਹੈ, ਪਰ ਬੈਂਕਾਂ ਵਿਚ ਕੈਸ਼ ਦੀ ਪੂਰੀ ਉਪਲਬਧਤਾ ਨਾ ਹੋਣ ਕਾਰਨ ਉਨ੍ਹਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਸ ਦੇ ਨਾਲ ਸ਼ਹਿਰ ਦੇ ਕਈ ਏ.ਟੀ.ਐਮ ਵੀ ਖ਼ਾਲੀ ਪਏ ਹਨ ਜਾਂ ਕੁੱਝ ਹੀ ਸਮੇਂ ਵਿਚ ਉਨ੍ਹਾਂ ਵਿਚੋਂ ਕੈਸ਼ ਖ਼ਤਮ ਹੋ ਜਾਂਦਾ ਹੈ | ਬੈਂਕਾਂ ਵਿਚ ਕੈਸ਼ ਨਾ ਹੋਣ ਕਰਕੇ ਬਜ਼ੁਰਗਾਂ, ਮਹਿਲਾਵਾਂ ਅਤੇ ਦਿਹਾੜੀਦਾਰ ਮਜ਼ਦੂਰਾਂ ਨੂੰ ਸਭ ਤੋਂ ਵੱਧ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਲੋਕਾਂ ਨੇ ਦੱਸਿਆ ਕਿ ਉਹ ਸਵੇਰ ਤੋਂ ਹੀ ਬੈਂਕਾਂ ਦੇ ਚੱਕਰ ਕੱਟ ਰਹੇ ਹਨ, ਪਰ ਉਨ੍ਹਾਂ ਨੂੰ ਪੂਰੀ ਰਕਮ ਨਹੀਂ ਮਿਲ ਰਹੀ | ਕੁੱਝ ਬੈਂਕਾਂ ਵਲੋਂ ਸਿਮਤ ਰਕਮ ਹੀ ਦਿੱਤੀ ਜਾ ਰਹੀ ਹੈ, ਜਿਸ ਕਾਰਨ ਲੋਕਾਂ ਵਿਚ ਨਾਰਾਜ਼ਗੀ ਪਾਈ ਜਾ ਰਹੀ ਹੈ | ਇਲਾਕਾ ਵਾਸੀਆਂ ਨੇ ਦੱਸਿਆ ਕਿ ਜੇਕਰ ਕੋਈ ਵਿਅਕਤੀ ਇਕ ਲੱਖ ਰੁਪਏ ਕਢਵਾਉਣ ਲਈ ਬੈਂਕ ਜਾਂਦਾ ਹੈ ਤਾਂ ਪਹਿਲਾਂ ਉਸ ਨੂੰ ਕਿਹਾ ਜਾਂਦਾ ਹੈ ਕਿ ਕੈਸ਼ ਉਪਲਬਧ ਨਹੀਂ ਹੈ | ਬਾਅਦ ਵਿਚ ਬਾਰ-ਬਾਰ ਬੇਨਤੀ ਕਰਨ 'ਤੇ ਬੈਂਕ ਕਰਮਚਾਰੀਆਂ ਵਲੋਂ 20 ਤੋਂ 30 ਹਜ਼ਾਰ ਰੁਪਏ ਤੱਕ ਦੀ ਸਿਮਤ ਰਕਮ ਦੇਣ ਦੀ ਗੱਲ ਕਹੀ ਜਾਂਦੀ ਹੈ, ਉਹ ਵੀ ਕੁੱਝ ਸਮਾਂ ਉਡੀਕ ਕਰਨ ਤੋਂ ਬਾਅਦ ਉਸ ਨੰੂ ਕੈਸ਼ ਮੁਹੱਈਆ ਕਰਵਾਇਆ ਜਾਂਦਾ ਹੈ | ਉੱਧਰ ਜਦ ਬੈਂਕ ਅਧਿਕਾਰੀਆਂ ਦੇ ਨਾਲ ਕੇਸ਼ ਦੀ ਸਮੱਸਿਆ ਸਬੰਧੀ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਪਿਛਲੇ ਕੁੱਝ ਦਿਨਾਂ ਤੋਂ ਕੈਸ਼ ਦੀ ਸਮੱਸਿਆ ਆ ਰਹੀ ਹੈ ਪਿੱਛੇ ਤੋਂ ਹੀ ਕੈਸ਼ ਨਹੀਂ ਆ ਰਿਹਾ | ਇਲਾਕਾ ਵਾਸੀਆਂ ਨੇ ਬੈਂਕ ਪ੍ਰਸ਼ਾਸਨ ਅਤੇ ਸੰਬੰਧਿਤ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਬੈਂਕਾਂ ਅਤੇ ਏ.ਟੀ.ਐਮ ਵਿਚ ਜਲਦ ਤੋਂ ਜਲਦ ਵਾਧੂ ਮਾਤਰਾ ਵਿਚ ਕੈਸ਼ ਮੁਹੱਈਆ ਕਰਵਾਇਆ ਜਾਵੇ, ਤਾਂ ਜੋ ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਤੋਂ ਰਾਹਤ ਮਿਲ ਸਕੇ |