11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਜਨਗਣਨਾ-2027 ਦੇ ਪਹਿਲੇ ਫ਼ੇਜ਼ ਦਾ ਕੰਮ ਮੁਕੰਮਲ ਕਰਨ ਵਾਲੇ ਗਿਣਤੀਕਾਰਾਂ ਅਤੇ ਸੁਪਰਵਾਈਜ਼ਰਾਂ ਨੂੰ ਕੀਤਾ ਸਨਮਾਨਿਤ

ਅਜੀਤ ਡੈਸਕ 04-06-2026
ਫ਼ਿਰੋਜ਼ਪੁਰ, 3 ਜੂਨ (ਸੁਖਵਿੰਦਰ ਸਿੰਘ)-ਜਨਗਣਨਾ-2027 ਦੇ ਪਹਿਲੇ ਫ਼ੇਜ਼ (ਹਾਊਸ ਲਿਸਟਿੰਗ ਆਪੇ੍ਰਸ਼ਨ) ਦਾ ਕੰਮ ਸਭ ਤੋਂ ਪਹਿਲਾਂ ਮੁਕੰਮਲ ਕਰਨ ਵਾਲੇ ਗਿਣਤੀਕਾਰਾਂ ਅਤੇ ਸੁਪਰਵਾਈਜ਼ਰਾਂ ਨੂੰ ਡਿਪਟੀ ਕਮਿਸ਼ਨਰ-ਕਮ-ਪਿ੍ੰਸੀਪਲ ਸੈਂਸਜ਼ ਅਫ਼ਸਰ ਫਿਰੋਜ਼ਪੁਰ ਸ੍ਰੀਮਤੀ ਦੀਪਸ਼ਿਖਾ ਸ਼ਰਮਾ ਵਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਉਨ੍ਹਾਂ ਸਨਮਾਨਿਤ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਗਿਆ ਕਿ ਉਨ੍ਹਾਂ ਨੇ ਆਪਣੀ ਡਿਊਟੀ ਨੂੰ ਪੂਰੀ ਤਨਦੇਹੀ ਅਤੇ ਜ਼ਿੰਮੇਵਾਰੀ ਨਾਲ ਨਿਭਾਇਆ ਹੈ, ਜੋ ਹੋਰਨਾਂ ਲਈ ਵੀ ਪ੍ਰੇਰਣਾਦਾਇਕ ਹੈ | ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਨਗਣਨਾ-2027 ਦੇ ਪਹਿਲੇ ਫ਼ੇਜ਼ ਤਹਿਤ ਹਾਊਸ ਲਿਸਟਿੰਗ ਆਪੇ੍ਰਸ਼ਨ ਦਾ ਕੰਮ 15 ਮਈ 2026 ਤੋਂ ਸ਼ੁਰੂ ਹੋਇਆ ਸੀ, ਜੋ 13 ਜੂਨ 2026 ਤੱਕ ਜਾਰੀ ਰਹੇਗਾ | ਉਨ੍ਹਾਂ ਦੱਸਿਆ ਕਿ ਇਸ ਕਾਰਜ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਜ਼ਿਲ੍ਹਾ ਫਿਰੋਜ਼ਪੁਰ ਅੰਦਰ ਵੱਡੀ ਗਿਣਤੀ ਵਿਚ ਗਿਣਤੀਕਾਰ ਅਤੇ ਸੁਪਰਵਾਈਜ਼ਰ ਤਾਇਨਾਤ ਕੀਤੇ ਗਏ ਹਨ, ਜੋ ਘਰ-ਘਰ ਜਾ ਕੇ ਆਨਲਾਈਨ ਪੋਰਟਲ ਰਾਹੀਂ ਲੋੜੀਂਦਾ ਡਾਟਾ ਇਕੱਤਰ ਕਰ ਰਹੇ ਹਨ | ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਦੇ ਇਸ ਮਹੱਤਵਪੂਰਨ ਕਾਰਜ ਵਿੱਚ ਪੂਰਾ ਸਹਿਯੋਗ ਦੇਣ ਅਤੇ ਗਿਣਤੀਕਾਰਾਂ ਨੂੰ ਸਹੀ ਤੇ ਪੂਰੀ ਜਾਣਕਾਰੀ ਮੁਹੱਈਆ ਕਰਵਾਉਣ | ਉਨ੍ਹਾਂ ਕਿਹਾ ਕਿ ਜਨਗਣਨਾ ਦੇ ਇਸ ਕਾਰਜ ਦੌਰਾਨ ਕਿਸੇ ਵੀ ਨਾਗਰਿਕ ਤੋਂ ਆਧਾਰ ਕਾਰਡ, ਪੈਨ ਕਾਰਡ, ਬੈਂਕ ਵੇਰਵੇ ਜਾਂ ਕਿਸੇ ਵੀ ਤਰ੍ਹਾਂ ਦਾ ਓ.ਟੀ.ਪੀ. ਨਹੀਂ ਮੰਗਿਆ ਜਾਵੇਗਾ | ਉਨ੍ਹਾਂ ਇਹ ਵੀ ਦੱਸਿਆ ਕਿ ਸਰਕਾਰ ਵਲੋਂ ਅਧਿਕਾਰਤ ਗਿਣਤੀਕਾਰਾਂ ਨੂੰ ਵਿਸ਼ੇਸ਼ ਪਛਾਣ ਪੱਤਰ (ਆਈ.ਡੀ. ਕਾਰਡ) ਜਾਰੀ ਕੀਤੇ ਗਏ ਹਨ | ਜਿਨ੍ਹਾਂ 'ਤੇ ਕਿਊ.ਆਰ. ਕੋਡ ਦਰਜ ਹੈ | ਨਾਗਰਿਕ ਇਸ ਕਿਊ.ਆਰ. ਕੋਡ ਨੂੰ ਸਕੈਨ ਕਰਕੇ ਗਿਣਤੀਕਾਰ ਦੀ ਪੂਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ | ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਨਗਣਨਾ ਦੇਸ਼ ਦੀ ਯੋਜਨਾਬੰਦੀ ਅਤੇ ਵਿਕਾਸ ਨਾਲ ਸਬੰਧਤ ਇਕ ਅਹਿਮ ਪ੍ਰਕਿਰਿਆ ਹੈ, ਇਸ ਲਈ ਹਰ ਨਾਗਰਿਕ ਦਾ ਫ਼ਰਜ਼ ਬਣਦਾ ਹੈ ਕਿ ਉਹ ਇਸ ਵਿਚ ਆਪਣਾ ਯੋਗਦਾਨ ਪਾਵੇ ਅਤੇ ਗਿਣਤੀਕਾਰਾਂ ਨੂੰ ਲੋੜੀਂਦਾ ਸਹਿਯੋਗ ਦੇਵੇ | ਇਸ ਮੌਕੇ ਦਫਤਰ ਉਪ ਅਰਥ ਅਤੇ ਅੰਕੜਾ ਸਲਾਹਕਾਰ-ਕਮ- ਵਧੀਕ ਜਿਲਾ ਸੈਂਸਜ ਅਫਸਰ ਫਿਰੋਜ਼ਪੁਰ ਦੇ ਤਰਸੇਮ ਲਾਲ ਸਹਾਇਕ ਖੋਜ ਅਫਸਰ, ਗਿਰੀਸ਼ ਗਰੋਵਰ ਇੰਨਵੈਸਟੀਗੇਟਰ, ਗੁਰਨਾਮ ਸਿੰਘ ਅਤੇ ਅੰਕੁਸ਼ ਵਡੇਰਾ ਯੰਗ ਪ੍ਰੋਫੈਸ਼ਨਲ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸੂਬੇ 'ਚ ਵਧ ਰਹੀਆਂ ਅਪਰਾਧਿਕ ਘਟਨਾਵਾਂ ਗੰਭੀਰ ਚਿੰਤਾ ਦਾ ਵਿਸ਼ਾ- ਬੰਗੜ, ਸੰਧੂ ਅਗਲੀ ਖ਼ਬਰ ਦਿਨ-ਦਿਹਾੜੇ ਭਰੇ ਬਾਜ਼ਾਰ ਨੌਜਵਾਨ ਨੂੰ ਗੋਲੀ ਮਾਰ ਕੇ ਮਾਰਨਾ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ 'ਤੇ ਸਵਾਲੀਆ ਚਿੰਨ੍ਹ-ਆਗੂ ਭ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।