ਮੱਖੂ, 3 ਜੂਨ (ਵਰਿੰਦਰ ਮਨਚੰਦਾ)- ਬੀਤੇ ਦਿਨੀਂ ਮੱਖੂ ਅੰਦਰ ਵਾਪਰੇ ਗੋਲੀ ਕਾਂਡ ਦੌਰਾਨ ਵਪਾਰੀ ਗੁਰਚਰਨ ਸਿੰਘ ਕਾਲਾ ਗਾਬਾ ਦੀ ਅਣਪਛਾਤਿਆਂ ਵਲੋਂ ਗੋਲੀਆਂ ਮਾਰ ਕੇ ਹੱਤਿਆ ਕਰਨ 'ਤੇ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਡੂੰਘੀ ਚਿੰਤਾ ਜ਼ਾਹਿਰ ਕੀਤੀ ਹੈ | ਇਸ ਸਬੰਧੀ ਫ਼ੋਨ 'ਤੇ ਗੱਲਬਾਤ ਕਰਦਿਆਂ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਪੰਜਾਬ ਅੰਦਰ ਮਾਹੌਲ ਦਿਨੋਂ-ਦਿਨ ਵਿਗੜਦਾ ਜਾ ਰਿਹਾ ਹੈ ਅਤੇ ਆਏ ਦਿਨ ਨੌਜਵਾਨਾਂ ਨੂੰ ਗੋਲੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਸੂਬੇ 'ਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਪੂਰੀ ਤਰ੍ਹਾਂ ਨਾਕਾਮ ਸਿੱਧ ਹੋਈ ਹੈ | ਸ. ਸੰਧੂ ਨੇ ਕਿਹਾ ਕਿ ਨਸ਼ਿਆਂ, ਗੈਂਗਸਟਰ ਕਲਚਰ, ਬੇਰੁਜ਼ਗਾਰੀ ਅਤੇ ਖੇਤੀਬਾੜੀ ਦੇ ਨਿਘਾਰ ਨੇ ਸੂਬੇ ਦੇ ਮਾਹੌਲ ਨੂੰ ਬਹੁਤ ਚਿੰਤਾਜਨਕ ਬਣਾ ਦਿੱਤਾ ਹੈ | ਇਸ ਨਾਲ ਆਮ ਲੋਕਾਂ ਅਤੇ ਕਾਰੋਬਾਰੀਆਂ ਵਿਚ ਡਰ ਦਾ ਮਾਹੌਲ ਹੈ | ਉਨ੍ਹਾਂ ਨੇ ਗੁਰਚਰਨ ਸਿੰਘ ਕਾਲਾ ਗਾਬਾ ਦੀ ਮੌਤ 'ਤੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ |