ਫਿਰੋਜ਼ਪੁਰ, 3 ਜੂਨ (ਰਾਕੇਸ਼ ਚਾਵਲਾ)-ਫਿਰੋਜ਼ਪੁਰ ਮੰਡਲ ਵਲੋਂ 'ਵਿਸ਼ਵ ਵਾਤਾਵਰਣ ਦਿਵਸ' ਮੁਹਿੰਮ ਦੇ ਅੰਤਰਗਤ ਵੱਖ-ਵੱਖ ਜਨ-ਜਾਗਰੂਕਤਾ ਅਤੇ ਸਫ਼ਾਈ ਗਤੀਵਿਧੀਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ | ਇਸੇ ਕੜੀ ਵਿਚ 31 ਮਈ ਤੋਂ 5 ਜੂਨ 2026 ਤੱਕ ''ਜਲ ਅਤੇ ਊਰਜਾ ਸੰਭਾਲ'' ਵਿਸ਼ੇ 'ਤੇ ਵਿਸ਼ੇਸ਼ ਜਾਗਰੂਕਤਾ ਅਤੇ ਜਨ-ਭਾਗੀਦਾਰੀ ਪ੍ਰੋਗਰਾਮ ਆਯੋਜਿਤ ਕੀਤੇ ਗਏ | ਮੁਹਿੰਮ ਦੌਰਾਨ ਰੇਲਵੇ ਕੰਪਲੈਕਸਾਂ ਵਿਚ ਵਰਖਾ ਦੇ ਪਾਣੀ ਦੀ ਸੰਭਾਲ (ਰੇਨ ਵਾਟਰ ਹਾਰਵੈਸਟਿੰਗ) ਸਮੇਤ ਪਾਣੀ ਬਚਾਉਣ ਸਬੰਧੀ ਉਪਾਵਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ | ਮੰਡਲ ਦੇ ਵੱਖ-ਵੱਖ ਸਟੇਸ਼ਨਾਂ 'ਤੇ ਸਥਾਪਿਤ ਆਟੋਮੈਟਿਕ ਕੋਚ ਵਾਸ਼ਿੰਗ ਪਲਾਂਟਾਂ ਦਾ ਨਿਰੀਖਣ ਕਰਕੇ ਉਨ੍ਹਾਂ ਦੇ ਪ੍ਰਭਾਵਸ਼ਾਲੀ ਸੰਚਾਲਨ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ ਨਾਲ ਹੀ, ਯਾਤਰੀਆਂ ਅਤੇ ਕਰਮਚਾਰੀਆਂ ਨੂੰ ਊਰਜਾ ਦੀ ਬੱਚਤ, ਐੱਲ.ਈ.ਡੀ. ਲਾਈਟਿੰਗ ਪ੍ਰਣਾਲੀ ਦੀ ਵਰਤੋਂ ਅਤੇ ਬਿਜਲੀ ਦੀ ਬੇਲੋੜੀ ਖਪਤ ਨੂੰ ਰੋਕਣ ਪ੍ਰਤੀ ਪੋਸਟਰਾਂ, ਬੈਨਰਾਂ ਅਤੇ ਜਾਗਰੂਕਤਾ ਪ੍ਰੋਗਰਾਮਾਂ ਰਾਹੀਂ ਪ੍ਰੇਰਿਤ ਕੀਤਾ ਜਾ ਰਿਹਾ ਹੈ | ਫਿਰੋਜ਼ਪੁਰ ਮੰਡਲ ਵਾਤਾਵਰਣ ਸੰਭਾਲ ਪ੍ਰਤੀ ਵਚਨਬੱਧ ਹੈ ਅਤੇ ਸਾਰੇ ਨਾਗਰਿਕਾਂ ਨੂੰ ਇਸ ਜਨ-ਮੁਹਿੰਮ ਵਿਚ ਸਰਗਰਮ ਭਾਗੀਦਾਰੀ ਦੀ ਅਪੀਲ ਕਰਦਾ ਹੈ |