06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਫ਼ਿਰੋਜ਼ਪੁਰ-ਫ਼ਾਜ਼ਿਲਕਾ ਸੜਕ ਨੂੰ ਰਾਸ਼ਟਰੀ ਰਾਜ ਮਾਰਗ ਬਣਾਉਣ ਵੱਲ ਵੱਡਾ ਕਦਮ, ਡੀ. ਪੀ. ਆਰ. ਤਿਆਰ ਕਰਨ ਦੇ ਨਿਰਦੇਸ਼

ਅਜੀਤ ਡੈਸਕ 11-06-2026
ਫ਼ਿਰੋਜ਼ਪੁਰ,10 ਜੂਨ (ਸੁਖਵਿੰਦਰ ਸਿੰਘ)-ਭਾਜਪਾ ਪੰਜਾਬ ਦੇ ਸੀਨੀਅਰ ਆਗੂ ਰਾਣਾ ਗੁਰਮੀਤ ਸਿੰਘ ਸੋਢੀ ਦੇ ਯਤਨਾਂ ਨੂੰ ਵੱਡੀ ਸਫਲਤਾ ਮਿਲੀ ਹੈ | ਉਨ੍ਹਾਂ ਵਲੋਂ ਕੇਂਦਰੀ ਸੜਕ ਆਵਾਜਾਈ ਅਤੇ ਰਾਜ ਮਾਰਗ ਮੰਤਰੀ ਨਿਤਿਨ ਗਡਕਰੀ ਨੂੰ ਪੱਤਰ ਲਿਖ ਕੇ ਫਿਰੋਜ਼ਪੁਰ-ਫਾਜ਼ਿਲਕਾ ਸੜਕ ਨੂੰ ਚਾਰ ਮਾਰਗੀ ਬਣਾਉਣ ਅਤੇ ਇਸ ਨੂੰ ਰਾਸ਼ਟਰੀ ਰਾਜ ਮਾਰਗ ਘੋਸ਼ਿਤ ਕਰਨ ਦੀ ਮੰਗ ਕੀਤੀ ਗਈ ਸੀ | ਇਸ ਸਬੰਧੀ ਕੇਂਦਰੀ ਗ੍ਰਹਿ ਮੰਤਰੀ ਦੇ ਨਿੱਜੀ ਸਕੱਤਰ ਪਵਨ ਯਾਦਵ ਵਲੋਂ ਭੇਜੇ ਗਏ ਪੱਤਰ ਵਿਚ ਦੱਸਿਆ ਗਿਆ ਹੈ ਕਿ ਸੜਕ ਆਵਾਜਾਈ ਅਤੇ ਰਾਜ ਮਾਰਗ ਮੰਤਰਾਲੇ ਨੇ ਇਸ ਮਾਰਗ ਦੀ ਤਕਨੀਕੀ ਸਮੀਖਿਆ ਕਰ ਲਈ ਹੈ | ਪੱਤਰ ਅਨੁਸਾਰ ਰਾਸ਼ਟਰੀ ਸੁਰੱਖਿਆ, ਰਣਨੀਤਿਕ ਮਹੱਤਤਾ ਅਤੇ ਵਧ ਰਹੇ ਟਰੈਫ਼ਿਕ ਨੂੰ ਧਿਆਨ ਵਿਚ ਰੱਖਦਿਆਂ ਭਾਰਤੀ ਰਾਸ਼ਟਰੀ ਰਾਜ ਮਾਰਗ ਪ੍ਰਾਧੀਕਰਨ ਨੂੰ ਇਸ ਸੜਕ ਖੰਡ ਲਈ ਵਿਸਤਰਿਤ ਪ੍ਰੋਜੈਕਟ ਰਿਪੋਰਟ ਡੀ.ਪੀ.ਆਰ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ | ਡੀ.ਪੀ.ਆਰ ਪੂਰੀ ਹੋਣ ਉਪਰੰਤ ਪ੍ਰੋਜੈਕਟ 'ਤੇ ਅਗਲੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ | ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਫਿਰੋਜ਼ਪੁਰ-ਫਾਜ਼ਿਲਕਾ ਮਾਰਗ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼ ਅਤੇ ਗੁਜਰਾਤ ਨੂੰ ਜੋੜਨ ਵਾਲਾ ਇਕ ਮਹੱਤਵਪੂਰਨ ਰਸਤਾ ਹੈ | ਸੜਕ ਦੇ ਤੰਗ ਹੋਣ ਕਾਰਨ ਇੱਥੇ ਅਕਸਰ ਹਾਦਸੇ ਵਾਪਰਦੇ ਰਹਿੰਦੇ ਹਨ | ਹਾਲ ਹੀ 'ਚ ਹੋਏ ਭਿਆਨਕ ਸੜਕ ਹਾਦਸੇ ਵਿਚ 10 ਲੋਕਾਂ ਦੀ ਮੌਤ ਨੇ ਇਸ ਮਾਰਗ ਦੇ ਵਿਸਥਾਰ ਦੀ ਲੋੜ ਨੂੰ ਹੋਰ ਵੀ ਸਪਸ਼ਟ ਕਰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਸੜਕ ਚੌੜੀ ਹੋਣ ਨਾਲ ਨਾ ਸਿਰਫ਼ ਹਾਦਸਿਆਂ ਵਿਚ ਕਮੀ ਆਵੇਗੀ, ਸਗੋਂ ਖੇਤਰ ਦੇ ਵਪਾਰ, ਸੈਰ-ਸਪਾਟੇ ਅਤੇ ਵਿਕਾਸ ਨੂੰ ਵੀ ਨਵੀਂ ਰਫ਼ਤਾਰ ਮਿਲੇਗੀ | ਰਾਣਾ ਸੋਢੀ ਨੇ ਕੇਂਦਰ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਪ੍ਰੋਜੈਕਟ ਸਰਹੱਦੀ ਖੇਤਰ ਦੇ ਲੋਕਾਂ ਲਈ ਇੱਕ ਵੱਡੀ ਸੌਗਾਤ ਸਾਬਤ ਹੋਵੇਗਾ |
ਪਿਛਲੀ ਖ਼ਬਰ ਫ਼ਿਰੋਜ਼ਪੁਰ ਮੰਡਲ ਵਿਚ ਮਨਾਇਆ ਗਿਆ ਅੰਤਰਰਾਸ਼ਟਰੀ ਸਮਪਾਰ ਫਾਟਕ ਜਾਗਰੂਕਤਾ ਦਿਵਸ ਅਗਲੀ ਖ਼ਬਰ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਸੰਬੰਧੀ ਧਾਰਮਿਕ ਪ੍ਰੋਗਰਾਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।