14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਤੇਲ ਦੀ ਖ਼ਰੀਦ 'ਤੇ 200 ਲੀਟਰ ਦੀ ਸੀਮਾ ਲਗਾਉਣ ਦਾ ਫ਼ੈਸਲਾ ਬੇਹੱਦ ਮੰਦਭਾਗਾ- ਪੀਰ ਮੁਹੰਮਦ

ਅਜੀਤ ਡੈਸਕ 14-06-2026
ਮੱਖੂ, 13 ਜੂਨ (ਵਰਿੰਦਰ ਮਨਚੰਦਾ)-ਕੇਂਦਰ ਸਰਕਾਰ ਵਲੋਂ ਦੇਸ਼ ਅੰਦਰ 200 ਲੀਟਰ ਤੋਂ ਵੱਧ ਡੀਜ਼ਲ-ਪੈਟਰੋਲ ਨਾ ਦੇਣ ਦੀ ਲਗਾਈ ਗਈ ਸ਼ਰਤ ਅਤੇ ਨਵੇਂ ਨਿਯਮਾਂ 'ਤੇ ਡੂੰਘੀ ਚਿੰਤਾ ਅਤੇ ਤਿੱਖਾ ਰੋਸ ਪ੍ਰਗਟ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਇਸ ਗੈਰ-ਸੰਜੀਦਾ ਫ਼ੈਸਲੇ ਨੇ ਪੂਰੇ ਦੇਸ਼, ਖਾਸ ਕਰਕੇ ਪੰਜਾਬ ਦੀ ਜਨਤਾ ਨੂੰ ਗੰਭੀਰ ਪ੍ਰੇਸ਼ਾਨੀ ਵਿਚ ਪਾ ਦਿੱਤਾ ਹੈ, ਜਿਸ ਦੇ ਆਉਣ ਵਾਲੇ ਦਿਨਾਂ ਵਿਚ ਘਾਤਕ ਨਤੀਜੇ ਭੁਗਤਣੇ ਪੈਣਗੇ | ਉਨ੍ਹਾਂ ਕਿਹਾ ਕਿ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ ਅਤੇ ਇਸ ਵੇਲੇ ਖੇਤੀਬਾੜੀ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਟਰੈਕਟਰਾਂ, ਕੰਬਾਈਨਾਂ ਅਤੇ ਹੋਰ ਮਸ਼ੀਨਰੀ ਲਈ ਰੋਜ਼ਾਨਾ ਸੈਂਕੜੇ ਲੀਟਰ ਡੀਜ਼ਲ ਦੀ ਲੋੜ ਹੁੰਦੀ ਹੈ | 200 ਲੀਟਰ ਦੀ ਸ਼ਰਤ ਲਗਾਉਣ ਨਾਲ ਖੇਤਾਂ ਵਿਚ ਖੜ੍ਹੀਆਂ ਫ਼ਸਲਾਂ ਅਤੇ ਵਾਹੀ ਦਾ ਕੰਮ ਅੱਧ ਵਿਚਾਲੇ ਲਟਕ ਜਾਵੇਗਾ ਅਤੇ ਕਿਸਾਨ ਆਪਣਾ ਕੰਮ ਛੱਡ ਕੇ ਪੈਟਰੋਲ ਪੰਪਾਂ ਦੀਆਂ ਲਾਈਨਾਂ ਵਿਚ ਲੱਗਣ ਲਈ ਮਜਬੂਰ ਹੋਣਗੇ, ਜਿਸ ਨਾਲ ਉਨ੍ਹਾਂ ਦਾ ਸਮਾਂ ਅਤੇ ਪੈਸਾ ਦੋਵੇਂ ਬਰਬਾਦ ਹੋਣਗੇ | ਪੀਰ ਮੁਹੰਮਦ ਨੇ ਚਿਤਾਵਨੀ ਦਿੱਤੀ ਕਿ ਵੱਡੇ ਵਾਹਨਾਂ ਅਤੇ ਟਰੱਕਾਂ, ਜੋ ਦੇਸ਼ ਦੇ ਇਕ ਕੋਨੇ ਤੋਂ ਦੂਜੇ ਕੋਨੇ ਤੱਕ ਜ਼ਰੂਰੀ ਵਸਤਾਂ ਜਿਵੇਂ ਕਿ ਦੁੱਧ, ਸਬਜ਼ੀਆਂ, ਫਲ ਅਤੇ ਦਵਾਈਆਂ ਪਹੁੰਚਾਉਂਦੇ ਹਨ, ਉਨ੍ਹਾਂ ਦੀਆਂ ਟੈਂਕੀਆਂ ਦੀ ਸਮਰੱਥਾ ਹੀ 300 ਤੋਂ 500 ਲੀਟਰ ਹੁੰਦੀ ਹੈ | ਇਸ ਨਿਯਮ ਨਾਲ ਮਾਲ ਦੀ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਜਾਵੇਗੀ ਅਤੇ ਬਾਜ਼ਾਰਾਂ ਵਿਚ ਜ਼ਰੂਰੀ ਚੀਜ਼ਾਂ ਦੀ ਕਿੱਲਤ ਹੋਣ ਕਾਰਨ ਮਹਿੰਗਾਈ ਅਸਮਾਨ ਨੂੰ ਛੂਹਣ ਲੱਗੇਗੀ, ਜਿਸ ਨਾਲ ਆਮ ਗਰੀਬ ਪਰਿਵਾਰਾਂ ਦਾ ਜਿਊਣਾ ਦੁੱਭਰ ਹੋ ਜਾਵੇਗਾ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਇਸ ਫ਼ੈਸਲੇ ਵਿਚ ਕੋਈ ਦੂਰਅੰਦੇਸ਼ੀ ਨਹੀਂ ਦਿਸਦੀ ਅਤੇ ਇਹ ਨਿਯਮ ਸਿੱਧੇ ਤੌਰ 'ਤੇ ਦੇਸ਼ ਦੀ ਆਰਥਿਕਤਾ ਦਾ ਲੱਕ ਤੋੜਨ ਵਾਲਾ ਹੈ | ਸ਼੍ਰੋਮਣੀ ਅਕਾਲੀ ਦਲ ਪੁਰਜ਼ੋਰ ਮੰਗ ਕਰਦਾ ਹੈ ਕਿ ਜਨਤਾ ਦੇ ਹਿਤਾਂ ਨੂੰ ਮੁੱਖ ਰੱਖਦੇ ਹੋਏ ਇਸ ਲੋਕ-ਵਿਰੋਧੀ ਫ਼ੈਸਲੇ ਨੂੰ ਬਿਨਾਂ ਕਿਸੇ ਦੇਰੀ ਦੇ ਤੁਰੰਤ ਵਾਪਸ ਲਿਆ ਜਾਵੇ |
ਪਿਛਲੀ ਖ਼ਬਰ ਏ.ਐਨ.ਟੀ.ਐੱਫ. 'ਤੇ ਪੰਜਾਬ ਪੁਲਿਸ ਵਲੋਂ ਪੌਣੇ 3 ਕਿੱਲੋ ਅਫ਼ੀਮ ਸਮੇਤ ਕਾਰ ਸਵਾਰ ਮੁਲਜ਼ਮ ਕਾਬੂ ਅਗਲੀ ਖ਼ਬਰ ਜਰਨੈਲ ਸਿੰਘ ਗਾਬੜੀਆ ਦੀ ਠੱਗੀ ਦਾ ਸ਼ਿਕਾਰ ਹੋਏ ਲੋਕਾਂ ਦੀ ਕਤਾਰ ਲੰਬੀ ਹੋਣ ਲੱਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।