14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਮੋਟਰਸਾਈਕਲ ਸਵਾਰ ਦੋ ਲੁਟੇਰਿਆਂ ਨੇ ਸੇਵਾਮੁਕਤ ਅਧਿਆਪਕ 'ਤੇ ਹਮਲਾ ਕਰ ਕੇ ਖੋਹਿਆ ਪਰਸ

ਅਜੀਤ ਡੈਸਕ 14-06-2026
ਫ਼ਾਜ਼ਿਲਕਾ, 13 ਜੂਨ (ਅਮਰਜੀਤ ਸ਼ਰਮਾ)-ਸ਼ਹਿਰ ਅੰਦਰ ਲੁੱਟ-ਖੋਹਾਂ ਦੀਆਂ ਵਧ ਰਹੀਆਂ ਘਟਨਾਵਾਂ ਕਾਰਨ ਅਮਨ-ਕਾਨੂੰਨ ਦੀ ਸਥਿਤੀ ਚਿੰਤਾਜਨਕ ਬਣਦੀ ਜਾ ਰਹੀ ਹੈ | ਲੁਟੇਰੇ ਇੰਨੇ ਬੇਖ਼ੌਫ਼ ਹੋ ਚੁੱਕੇ ਹਨ ਕਿ ਹੁਣ ਉਹ ਭੀੜ-ਭੜੱਕੇ ਵਾਲੇ ਬਾਜ਼ਾਰਾਂ ਵਿਚ ਵੀ ਵਾਰਦਾਤਾਂ ਕਰਨ ਤੋਂ ਨਹੀਂ ਡਰਦੇ | ਅਜਿਹੀ ਹੀ ਇਕ ਸਨਸਨੀਖ਼ੇਜ਼ ਘਟਨਾ ਬੀਤੀ ਰਾਤ ਕਰੀਬ 8 ਵਜੇ ਸਥਾਨਕ ਹੋਟਲਾਂ ਬਾਜ਼ਾਰ ਵਿਖੇ ਵਾਪਰੀ, ਜਿੱਥੇ ਮੋਟਰਸਾਈਕਲ ਸਵਾਰ ਦੋ ਲੁਟੇਰਿਆਂ ਨੇ ਇਕ ਸੇਵਾਮੁਕਤ ਅਧਿਆਪਕ ਨੂੰ ਨਿਸ਼ਾਨਾ ਬਣਾਇਆ | ਪੀੜਤ ਸੇਵਾਮੁਕਤ ਮਾ.ਜੀਤ ਸਿੰਘ ਨੇ ਦੱਸਿਆ ਕਿ ਉਹ ਰਾਤ ਕਰੀਬ 8 ਵਜੇ ਆਪਣੀ ਐਕਟਿਵਾ 'ਤੇ ਸਵਾਰ ਹੋ ਕੇ ਘਰ ਪਰਤ ਰਹੇ ਸਨ | ਜਦੋਂ ਉਹ ਹੋਟਲਾਂ ਬਾਜ਼ਾਰ ਵਿਚ ਸਥਿਤ 'ਪਾਕਪਟਨੀਆ' ਦੀ ਦੁਕਾਨ ਦੇ ਸਾਹਮਣੇ ਪਹੁੰਚੇ ਤਾਂ ਪਿੱਛੋਂ ਆਏ ਇਕ ਮੋਟਰਸਾਈਕਲ 'ਤੇ ਸਵਾਰ ਦੋ ਅਣਪਛਾਤੇ ਲੁਟੇਰਿਆਂ ਨੇ ਉਨ੍ਹਾਂ ਦੇ ਕੁੜਤੇ ਦੀ ਸੱਜੀ ਜੇਬ 'ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕਰ ਦਿੱਤਾ ਅਤੇ ਜੇਬ ਵਿਚੋਂ ਪਰਸ ਖੋਹ ਲਿਆ | ਹਮਲੇ ਕਾਰਨ ਮਾਸਟਰ ਜੀਤ ਸਿੰਘ ਸੰਤੁਲਨ ਵਿਗੜਨ ਕਰਕੇ ਐਕਟੀਵਾ ਤੋਂ ਹੇਠਾਂ ਡਿਗ ਗਏ ਅਤੇ ਜ਼ਖਮੀ ਹੋ ਗਏ | ਪੀੜਤ ਅਧਿਆਪਕ ਮੁਤਾਬਿਕ ਖੋਹੇ ਗਏ ਪਰਸ ਵਿਚ ਕਰੀਬ 2500 ਰੁਪਏ ਦੀ ਨਗਦੀ, ਆਧਾਰ ਕਾਰਡ, ਏ.ਟੀ.ਐਮ.ਕਾਰਡ ਅਤੇ ਹੋਰ ਜ਼ਰੂਰੀ ਦਸਤਾਵੇਜ਼ ਸਨ | ਵਾਰਦਾਤ ਦੌਰਾਨ ਜਦੋਂ ਆਸ-ਪਾਸ ਦੇ ਲੋਕਾਂ ਨੇ ਲੁਟੇਰਿਆਂ ਨੂੰ ਫੜਨ ਲਈ ਰੌਲਾ ਪਾਇਆ ਤਾਂ ਮੁਲਜ਼ਮ ਹਵਾ ਵਿਚ ਤੇਜ਼ਧਾਰ ਹਥਿਆਰ ਲਹਿਰਾਉਂਦੇ ਹੋਏ ਅਤੇ ਲੋਕਾਂ ਨੂੰ ਡਰਾਉਂਦੇ ਹੋਏ ਮੌਕੇ ਤੋਂ ਤੇਜ਼ ਰਫ਼ਤਾਰ ਮੋਟਰਸਾਈਕਲ 'ਤੇ ਫ਼ਰਾਰ ਹੋਣ ਵਿਚ ਕਾਮਯਾਬ ਹੋ ਗਏ | ਮੌਕੇ 'ਤੇ ਇਕੱਠੇ ਹੋਏ ਸਥਾਨਕ ਲੋਕਾਂ ਅਤੇ ਦੁਕਾਨਦਾਰਾਂ ਨੇ ਪ੍ਰਸ਼ਾਸਨ ਖ਼ਿਲਾਫ਼ ਭਾਰੀ ਰੋਸ ਜ਼ਾਹਿਰ ਕੀਤਾ | ਲੋਕਾਂ ਦਾ ਕਹਿਣਾ ਹੈ ਕਿ ਜਿਸ ਬਾਜ਼ਾਰ ਵਿਚ ਇਹ ਵਾਰਦਾਤ ਹੋਈ, ਉੱਥੇ ਹੀ ਸਿਟੀ ਪੁਲਿਸ ਥਾਣਾ ਵੀ ਸਥਿਤ ਹੈ | ਥਾਣੇ ਦੇ ਇੰਨੇ ਨਜ਼ਦੀਕ ਅਤੇ ਭੀੜ ਵਾਲੇ ਇਲਾਕੇ ਵਿਚ ਅਜਿਹੀ ਲੁੱਟ ਹੋਣਾ ਇਹ ਸਿੱਧ ਕਰਦਾ ਹੈ ਕਿ ਅਪਰਾਧੀਆਂ ਦੇ ਦਿਲਾਂ ਵਿਚੋਂ ਪੁਲਿਸ ਦਾ ਖ਼ੌਫ਼ ਬਿਲਕੁਲ ਖ਼ਤਮ ਹੋ ਚੁੱਕਾ ਹੈ | ਇਲਾਕਾ ਨਿਵਾਸੀਆਂ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਬਾਜ਼ਾਰਾਂ ਵਿਚ ਗਸ਼ਤ ਵਧਾਈ ਜਾਵੇ ਅਤੇ ਸੀ.ਸੀ.ਟੀ.ਵੀ.ਕੈਮਰਿਆਂ ਦੀ ਮਦਦ ਨਾਲ ਲੁਟੇਰਿਆਂ ਨੂੰ ਜਲਦ ਤੋਂ ਜਲਦ ਗਿ੍ਫ਼ਤਾਰ ਕੀਤਾ ਜਾਵੇ |
ਪਿਛਲੀ ਖ਼ਬਰ ਦੀ ਰੀਕ੍ਰੀਏਸ਼ਨ ਕਲੱਬ ਫ਼ਾਜ਼ਿਲਕਾ' ਦੀ ਨਵੀਂ ਕਾਰਜਕਾਰਨੀ ਕਮੇਟੀ ਦਾ ਐਲਾਨ ਅਗਲੀ ਖ਼ਬਰ ਅਬੋਹਰ 'ਚ 'ਮਾਵਾਂ-ਧੀਆਂ ਸਤਿਕਾਰ ਯੋਜਨਾ' ਦੀ ਸ਼ੁਰੂਆਤ ਅਰੁਣ ਨਾਰੰਗ ਵਲੋਂ ਟਰੇਨਿੰਗ ਕੈਂਪ ਦਾ ਨਿਰੀਖਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।