ਫ਼ਿਰੋਜ਼ਪੁਰ, 23 ਜੂਨ (ਸੁਖਵਿੰਦਰ ਸਿੰਘ)- ਫਿਰੋਜ਼ਪੁਰ ਸ਼ਹਿਰ ਵਿਚ ਗੋਲੀਬਾਰੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ, ਜਿਸ ਕਾਰਨ ਲੋਕਾਂ ਵਿਚ ਡਰ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਤਾਜ਼ਾ ਮਾਮਲੇ ਵਿਚ ਮੱਲਵਾਲ ਰੋਡ ਸਥਿਤ ਲਿਬਾਜ਼ ਰੈਡੀਮੇਡ ਸ਼ੋਅਰੂਮ ‘ਤੇ ਦੋ ਮੋਟਰਸਾਈਕਲ ਸਵਾਰ ਨਕਾਬਪੋਸ਼ ਨੌਜਵਾਨਾਂ ਨੇ ਦਿਨ-ਦਿਹਾੜੇ ਫਾਇਰਿੰਗ ਕਰ ਦਿੱਤੀ। ਘਟਨਾ ਸਬੰਧੀ ਸ਼ੋਅਰੂਮ ਦੇ ਮਾਲਕ ਨੇ ਦੱਸਿਆ ਕਿ ਦੋ-ਤਿੰਨ ਦਿਨ ਪਹਿਲਾਂ ਵੀ ਦੋ ਨੌਜਵਾਨ ਕੱਪੜੇ ਲੈਣ ਦੇ ਬਹਾਨੇ ਦੁਕਾਨ ‘ਤੇ ਆਏ ਸਨ ਅਤੇ ਵੀਡੀਓ ਕਾਲ ‘ਤੇ ਗੱਲਬਾਤ ਕਰਦੇ ਰਹੇ ਸਨ। ਘਟਨਾ ਵਾਲੇ ਦਿਨ ਉਹ ਖੁਦ ਦੁਕਾਨ ‘ਤੇ ਮੌਜੂਦ ਨਹੀਂ ਸਨ, ਜਦਕਿ ਉਨ੍ਹਾਂ ਦੀ ਬੇਟੀ ਦੁਕਾਨ ’ਤੇ ਸੀ। ਉਸ ਨੇ ਦੱਸਿਆ ਕਿ ਦੋ ਨਕਾਬਪੋਸ਼ ਨੌਜਵਾਨ ਮੋਟਰਸਾਈਕਲ ‘ਤੇ ਆਏ ਅਤੇ ਅਚਾਨਕ 2 ਤੋਂ 3 ਫਾਇਰ ਕਰਕੇ ਮੌਕੇ ਤੋਂ ਫਰਾਰ ਹੋ ਗਏ। ਫਾਇਰਿੰਗ ਕਾਰਨ ਦੁਕਾਨ ਦੇ ਸ਼ੀਸ਼ੇ ਟੁੱਟ ਗਏ, ਪਰ ਖੁਸ਼ਕਿਸਮਤੀ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਦੁਕਾਨ ‘ਤੇ ਮੌਜੂਦ ਮਾਲਕ ਦੀ ਬੇਟੀ ਵਾਲ-ਵਾਲ ਬਚ ਗਈ। ਪੂਰੀ ਘਟਨਾ ਦੁਕਾਨ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈ ਹੈ। ਸੂਚਨਾ ਮਿਲਣ ‘ਤੇ ਸਿਟੀ ਥਾਣਾ ਪੁਲਿਸ ਅਤੇ ਉੱਚ ਅਧਿਕਾਰੀ ਮੌਕੇ ‘ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ। ਐਸ.ਪੀ ਮਨਜੀਤ ਸਿੰਘ ਨੇ ਦੱਸਿਆ ਕਿ ਸੀ.ਸੀ.ਟੀ.ਵੀ. ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਸ਼ੱਕੀ ਵਿਅਕਤੀਆਂ ਦੀ ਭਾਲ ਲਈ ਵੱਖ-ਵੱਖ ਟੀਮਾਂ ਵਲੋਂ ਨਾਕਾਬੰਦੀ ਕਰਕੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਦੋਸ਼ੀਆਂ ਨੂੰ ਜਲਦ ਕਾਬੂ ਕਰਕੇ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ। ਲਗਾਤਾਰ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ ਨੇ ਸ਼ਹਿਰ ਦੀ ਕਾਨੂੰਨ-ਵਿਵਸਥਾ ‘ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸ਼ਹਿਰ ਵਿਚ ਸੁਰੱਖਿਆ ਪ੍ਰਬੰਧ ਹੋਰ ਸਖ਼ਤ ਕੀਤੇ ਜਾਣ ਤਾਂ ਜੋ ਲੋਕਾਂ ਨੂੰ ਡਰ ਅਤੇ ਅਸੁਰੱਖਿਆ ਦੇ ਮਾਹੌਲ ਤੋਂ ਨਿਜਾਤ ਮਿਲ ਸਕੇ।