ਫ਼ਿਰੋਜ਼ਪੁਰ, 23 ਜੂਨ (ਰਾਕੇਸ਼ ਚਾਵਲਾ)-ਫ਼ਿਰੋਜ਼ਪੁਰ ਮੰਡਲ ਦੇ ਡੀਜ਼ਲ ਸ਼ੈੱਡ ਲੁਧਿਆਣਾ ਦੀ ਪ੍ਰਯੋਗਸ਼ਾਲਾ (ਲੈਬਾਰਟਰੀ) ਵਿਚ ਹਾਲ ਹੀ ਵਿਚ ਅਤਿ-ਆਧੁਨਿਕ ‘‘ਡਰੌਪ ਪੁਆਇੰਟ ਅਪਰੇਟਰ ਮਸ਼ੀਨ’’ ਦਾ ਸਫਲਤਾਪੂਰਵਕ ਨਿਰੀਖਣ ਅਤੇ ਸ਼ੁਰੂਆਤ ਕੀਤੀ ਗਈ। ਇਹ ਮਸ਼ੀਨ ਲੁਬਰੀਕੈਂਟ ਗ੍ਰੀਸ ਦੇ ਅੱਧ-ਠੋਸ (ਸੈਮੀ-ਸਾਲਿਡ) ਰੂਪ ਤੋਂ ਤਰਲ ਰੂਪ ਵਿਚ ਬਦਲਣ ਦੇ ਤਾਪਮਾਨ ਦੀ ਬਹੁਤ ਹੀ ਸਹੀ ਜਾਂਚ ਕਰਨ ਦੇ ਸਮਰੱਥ ਹੈ। ਇਸ ਦੇ ਜ਼ਰੀਏ ਗੁਣਵੱਤਾ ਨਿਯੰਤਰਨ (ਕੁਆਲਿਟੀ ਕੰਟਰੋਲ) ਦੀ ਪ੍ਰਕਿਰਿਆ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇਗਾ। ਜਿਸ ਨਾਲ ਰੇਲ ਇੰਜਨਾਂ (ਲੋਕੋਮੋਟਿਵ) ਦੇ ਰੱਖ-ਰਖਾਅ ਦੀ ਭਰੋਸੇਯੋਗਤਾ ਅਤੇ ਕਾਰਜਕੁਸ਼ਲਤਾ ਵਿਚ ਵੱਡਾ ਸੁਧਾਰ ਹੋਵੇਗਾ। ਇਸ ਪ੍ਰਾਪਤੀ ’ਤੇ ਮੰਡਲ ਰੇਲ ਪ੍ਰਬੰਧਕ ਡੀ.ਆਰ.ਐੱਮ ਸੰਜੀਵ ਕੁਮਾਰ ਨੇ ਡੀਜ਼ਲ ਸ਼ੈੱਡ ਵਲੋਂ ਕੀਤੇ ਗਏ ਯਤਨਾਂ ਦੀ ਸ਼ਲਾਘਾ ਕਰਦਿਆਂ ਇਸ ਨੂੰ ਤਕਨੀਕੀ ਵਿਕਾਸ ਦੀ ਦਿਸ਼ਾ ਵਿਚ ਇਕ ਅਹਿਮ ਕਦਮ ਦੱਸਿਆ। ਉੱਥੇ ਹੀ, ਸੀਨੀਅਰ ਮੰਡਲ ਮਕੈਨੀਕਲ ਇੰਜੀਨੀਅਰ/ਡੀਜ਼ਲ ਸ਼ੈੱਡ/ਲੁਧਿਆਣਾ ਰਾਹੁਲ ਭਾਰਤੀ ਨੇ ਕਰਮਚਾਰੀਆਂ ਨੂੰ ਆਧੁਨਿਕ ਤਕਨੀਕਾਂ ਦੀ ਵੱਧ ਤੋਂ ਵੱਧ ਵਰਤੋਂ ਕਰਦੇ ਹੋਏ ਸ਼ੈੱਡ ਦੀ ਕਾਰਜਕੁਸ਼ਲਤਾ, ਤਕਨੀਕੀ ਮਾਹਰਤਾ ਅਤੇ ਰੱਖ-ਰਖਾਅ ਦੀ ਗੁਣਵੱਤਾ ਨੂੰ ਹੋਰ ਵਧੇਰੇ ਮਜ਼ਬੂਤ ਕਰਨ ਲਈ ਪ੍ਰੇਰਿਤ ਕੀਤਾ।