ਫ਼ਿਰੋਜ਼ਪੁਰ, 23 ਜੂਨ (ਗੁਰਿੰਦਰ ਸਿੰਘ)-ਬੀ.ਐੱਸ.ਐੱਨ.ਐੱਲ ਕੈਜ਼ੂਅਲ ਐਂਡ ਕੰਟਰੈਕਟ ਵਰਕਰਜ਼ ਯੂਨੀਅਨ ਦੀ ਇਕ ਅਹਿਮ ਮੀਟਿੰਗ ਸਾਰਾਗੜ੍ਹੀ ਗੁਰਦੁਆਰਾ ਸਾਹਿਬ, ਫ਼ਿਰੋਜ਼ਪੁਰ ਵਿਖੇ ਸੂਬਾ ਪ੍ਰਧਾਨ ਬੂਟਾ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਐੱਸ.ਐੱਸ.ਏ. ਪ੍ਰਧਾਨ ਸੁਰਜੀਤ ਸਿੰਘ ਸ਼ਾਹਪੁਰੀਆ ਸਮੇਤ ਫ਼ਿਰੋਜ਼ਪੁਰ, ਫ਼ਾਜ਼ਿਲਕਾ, ਫ਼ਰੀਦਕੋਟ, ਕੋਟਕਪੂਰਾ, ਸ਼੍ਰੀ ਮੁਕਤਸਰ ਸਾਹਿਬ, ਮਲੋਟ ਅਤੇ ਅਬੋਹਰ ਆਦਿ ਵੱਖ-ਵੱਖ ਸ਼ਾਖਾਵਾਂ ਤੋਂ ਵਰਕਰਾਂ ਅਤੇ ਟੈਕਨੀਸ਼ੀਅਨਾਂ ਨੇ ਹਿੱਸਾ ਲਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਬੂਟਾ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਘੱਟੋ-ਘੱਟ ਉਜ਼ਰਤਾਂ ਵਿਚ ਕੀਤੇ ਵਾਧੇ ਨੂੰ ਠੇਕੇਦਾਰਾਂ ਵਲੋਂ ਅਜੇ ਤੱਕ ਲਾਗੂ ਨਹੀਂ ਕੀਤਾ ਗਿਆ। ਜਿਸ ਕਾਰਨ ਕਰਮਚਾਰੀਆਂ ਵਿਚ ਭਾਰੀ ਰੋਸ ਹੈ। ਵੱਖ-ਵੱਖ ਬੁਲਾਰਿਆਂ ਨੇ ਮਹਿਕਮੇ ਵਿਚ ਦਰਪੇਸ਼ ਮੁਸ਼ਕਲਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਘੱਟ ਰੇਟਾਂ ’ਤੇ ਟੈਂਡਰ ਜਾਰੀ ਕੀਤੇ ਜਾਣ ਕਾਰਨ ਕਰਮਚਾਰੀਆਂ ਦੇ ਹੱਕ ਪ੍ਰਭਾਵਿਤ ਹੋ ਰਹੇ ਹਨ। ਯੂਨੀਅਨ ਵਲੋਂ ਜੀ.ਐੱਮ. ਟੈਲੀਕਾਮ ਫ਼ਿਰੋਜ਼ਪੁਰ ਨੂੰ ਦਿੱਤੇ ਮੰਗ-ਪੱਤਰ ਵਿਚ ਮੰਗ ਕੀਤੀ ਗਈ ਕਿ ਨਵੇਂ ਟੈਂਡਰ ਜਾਰੀ ਕਰਕੇ ਲੇਬਰ ਨੂੰ ਬੇਰੁਜ਼ਗਾਰ ਹੋਣ ਤੋਂ ਬਚਾਇਆ ਜਾਵੇ। ਇਸ ਦੇ ਨਾਲ ਹੀ ਡੀ.ਸੀ. ਰੇਟ ਅਨੁਸਾਰ ਤਨਖ਼ਾਹ, ਈ.ਪੀ.ਐੱਫ., ਈ.ਐੱਸ.ਆਈ., ਨਿਯੁਕਤੀ ਪੱਤਰ ਅਤੇ ਹੋਰ ਬਕਾਇਆ ਹੱਕ ਤੁਰੰਤ ਲਾਗੂ ਕਰਨ ਦੀ ਮੰਗ ਵੀ ਕੀਤੀ ਗਈ। ਯੂਨੀਅਨ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨੂੰ ਜਲਦ ਪੂਰਾ ਨਾ ਕੀਤਾ ਗਿਆ ਤਾਂ ਉਹ ਜੀ.ਐੱਮ.ਟੈਲੀਕਾਮ .ਐੱਸ.ਐੱਨ.ਐੱਲ ਫ਼ਿਰੋਜ਼ਪੁਰ ਦਫ਼ਤਰ ਦੇ ਗੇਟ ਅੱਗੇ ਧਰਨਾ ਦੇਣ ਲਈ ਮਜਬੂਰ ਹੋਣਗੇ। ਇਸ ਮੌਕੇ ਹਰਪ੍ਰੀਤ ਸਿੰਘ, ਸਰੂਪ, ਨਿਰੰਜਨ ਸਿੰਘ, ਮੂਲ ਚੰਦ, ਸਤਨਾਮ ਸਿੰਘ, ਵਰਿੰਦਰ ਪਾਲ, ਜਤਿੰਦਰ ਕੁਮਾਰ, ਨਿੱਕਾ, ਢੋਲਾ, ਸੁਖਵੰਤ, ਰਸ਼ਪਾਲ ਸਿੰਘ, ਭੀਮ ਸਿੰਘ, ਅਸ਼ਵਨੀ ਕੁਮਾਰ, ਪ੍ਰਦੀਪ ਕੁਮਾਰ, ਗੋਪਾਲ ਕ੍ਰਿਸ਼ਨ ਸਮੇਤ ਹੋਰ ਆਗੂ ਅਤੇ ਵਰਕਰ ਵੀ ਹਾਜ਼ਰ ਸਨ।