03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਸਿਵਲ ਹਸਪਤਾਲ ਫ਼ਿਰੋਜ਼ਪੁਰ ਵਿਖੇ ਨਿੱਜੀ ਹਸਪਤਾਲ ਦੇ ਡਾਕਟਰਾਂ ਦੀ ਸ਼ੁਰੂ ਹੋਈ ਓ.ਪੀ.ਡੀ ਨੂੰ ਬੰਦ ਕਰਵਾਉਣ ਲਈ ਮੁਲਾਜ਼ਮਾਂ ਵਲੋਂ ਰੋਸ ਪ੍ਰਦਰਸ਼ਨ

ਅਜੀਤ ਡੈਸਕ 15-07-2026
ਫ਼ਿਰੋਜ਼ਪੁਰ, 14 ਜੁਲਾਈ (ਕੁਲਬੀਰ ਸਿੰਘ ਸੋਢੀ)-ਨਿੱਜੀ ਹਸਪਤਾਲ ਦੇ ਡਾਕਟਰਾਂ ਦੀ ਸਰਕਾਰੀ ਇਮਾਰਤ ਵਿਚ ਸ਼ੁਰੂ ਹੋਈ ਓ.ਪੀ.ਡੀ ਨੂੰ ਬੰਦ ਕਰਵਾਉਣ ਲਈ ਪੈਰਾ ਮੈਡੀਕਲ ਯੂਨੀਅਨ ਜ਼ਿਲ੍ਹਾ ਫ਼ਿਰੋਜ਼ਪੁਰ ਵਲੋਂ ਸੱਦਾ ਦਿੱਤਾ ਗਿਆ ਸੀ, ਪਰ ਮਿੱਥੇ ਸਮੇਂ ਤੋਂ ਕੁੱਝ ਸਮੇਂ ਪਿੱਛੋਂ ਯੂਨੀਅਨ ਦੇ ਆਗੂਆਂ ਵਲੋਂ ਓ.ਪੀ.ਡੀ ਦੇ ਬਾਹਰ ਰੋਸ ਪ੍ਰਦਰਸ਼ਨ ਕਰਕੇ ਸੂਬਾ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਮਿਲੀ ਜਾਣਕਾਰੀ ਅਨੁਸਾਰ ਉਕਤ ਮਾਮਲੇ ਸੰਬੰਧੀ ਸਿਵਲ ਸਰਜਨ ਫ਼ਿਰੋਜ਼ਪੁਰ ਵਲੋਂ ਲਿਖਤੀ ਰੂਪ ਵਿਚ ਜਥੇਬੰਦੀ ਨੂੰ ਬੁਲਾ ਕੇ ਗੱਲਬਾਤ ਕਰਨ ਲਈ ਮੈਸੇਜ ਲਗਾਇਆ ਗਿਆ ਸੀ। ਜਿਸ ਦੇ ਸੰਬੰਧ ’ਚ ਜਥੇਬੰਦੀ ਦੇ ਇਕ ਵਫ਼ਦ ਵਲੋਂ ਮੀਟਿੰਗ ਕੀਤੀ ਗਈ, ਪਰ ਮੀਟਿੰਗ ਦੌਰਾਨ ਸਿਵਲ ਸਰਜਨ ਫ਼ਿਰੋਜ਼ਪੁਰ ਵਲੋਂ ਸਿਰਫ਼ ਇਹ ਕਹਿ ਕੇ ਵਿਸ਼ਵਾਸ ਦਿਵਾਇਆ ਗਿਆ ਕਿ ਇਹ ਪੰਜਾਬ ਸਰਕਾਰ ਦੀ ਪਾਲਸੀ ਹੈ। ਸਿਵਲ ਸਰਜਨ ਨੇ ਆਗੂਆਂ ਨੂੰ ਕਿਹਾ ਕਿ ਜੇਕਰ ਜਥੇਬੰਦੀਆਂ ਇਸ ਦਾ ਵਿਰੋਧ ਕਰਦੀਆਂ ਹਨ ਤਾਂ ਮੈਂ ਤੁਹਾਡੇ ਮੰਗ ਪੱਤਰ ਰਾਹੀਂ ਤੁਹਾਡੀ ਆਵਾਜ਼ ਨੂੰ ਉੱਚ ਅਧਿਕਾਰੀਆਂ ਤੱਕ ਪਹੁੰਚਾਉਣ ਵਿਚ ਤੁਹਾਡੀ ਮਦਦ ਕਰ ਸਕਦੀ ਹਾਂ। ਮਿਲੀ ਜਾਣਕਾਰੀ ਅਨੁਸਾਰ ਮੀਟਿੰਗ ਦੌਰਾਨ ਕੋਈ ਪੱਕਾ ਹੱਲ ਨਹੀਂ ਨਿਕਲਿਆ ਤੇ ਜਥੇਬੰਦੀ ਨੇ ਆਪਣੇ ਫ਼ੈਸਲੇ ਅਨੁਸਾਰ ਇਕ ਘੰਟਾ ਸਿਵਲ ਹਸਪਤਾਲ ਦੀ ਓ.ਪੀ.ਡੀ ਅੰਦਰ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਆਗੂਆਂ ਨੇ ਨਿੱਜੀ ਹਸਪਤਾਲ ਦੀ ਓ.ਪੀ.ਡੀ ਨੂੰ ਬੰਦ ਕਰਾਉਣ ਦੀ ਚਿਤਾਵਨੀ ਸੂਬਾ ਸਰਕਾਰ ਨੂੰ ਦਿੰਦਿਆਂ ਆਗੂ ਜਸਵਿੰਦਰ ਸਿੰਘ ਕੌੜਾ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਵਲੋਂ ਹਸਪਤਾਲਾਂ ਦਾ ਪ੍ਰਾਈਵੇਟੇਸ਼ਨ ਬੰਦ ਨਾ ਕੀਤਾ ਤਾਂ ਆਉਣ ਵਾਲੇ ਦਿਨਾਂ ਵਿਚ ਪੈਰਾਮੈਡੀਕਲ ਸਿਹਤ ਕਰਮਚਾਰੀ ਦੀ ਸਾਂਝੀ ਜਥੇਬੰਦੀ ਵਲੋਂ ਵੱਡੇ ਪੱਧਰ ’ਤੇ ਪ੍ਰੋਗਰਾਮ ਉਲੀਕਿਆ ਜਾਵੇਗਾ ਤੇ ਸੂਬਾ ਸਰਕਾਰ ਵਿਰੁੱਧ ਇਕ ਵੱਡੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਆਗੂ ਨਰਿੰਦਰ ਸ਼ਰਮਾ ਨੇ ਦੱਸਿਆ ਕਿ ਪੈਰਾ ਮੈਡੀਕਲ ਯੂਨੀਅਨ ਦੇ ਨਾਲ ਉਨ੍ਹਾਂ ਨੇ ਪੀ.ਸੀ.ਐੱਮ.ਐੱਸ ਐਸੋਸੀਏਸ਼ਨ ਦੇ ਪੰਜਾਬ ਦੇ ਲੀਡਰਾਂ ਨਾਲ ਵੀ ਗੱਲਬਾਤ ਕੀਤੀ, ਜਿਨ੍ਹਾਂ ਵਿਸ਼ਵਾਸ ਦਿਵਾਇਆ ਹੈ ਕਿ ਆਉਣ ਵਾਲੇ ਦਿਨਾਂ ਦੇ ਅੰਦਰ ਹੰਗਾਮੀ ਮੀਟਿੰਗ ਕਰਕੇ ਇਸ ਨਿੱਜੀਕਰਨ ਦੇ ਵਿਰੋਧ ਵਿਚ ਲਾਮਬੰਦ ਹੋਵਾਂਗੇ। ਜਥੇਬੰਦੀ ਦੇ ਮੁੱਖ ਸਲਾਹਕਾਰ ਰਾਮ ਪ੍ਰਸ਼ਾਦ ਨੇ ਕਿਹਾ ਕਿ ਜੇਕਰ ਨਿੱਜੀ ਹਸਪਤਾਲ ਦੇ ਮਾਲਕ ਗ਼ਰੀਬਾਂ ਦੀ ਸੇਵਾ ਆਪਣੇ ਮਨ ਤੋਂ ਕਰਨਾ ਚਾਹੁੰਦੇ ਹਨ ਤਾਂ ਆਪਣੇ ਹਸਪਤਾਲ ਵਿਚ ਕਿਉਂ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਜਥੇਬੰਦੀ ਹਮੇਸ਼ਾ ਗ਼ਰੀਬਾਂ ਦੇ ਹੱਕ ਵਿਚ ਆਵਾਜ਼ ਚੁੱਕਦੀ ਰਹੇਗੀ ’ਤੇ ਲੁੱਟ ਕਾਰਨ ਵਾਲਿਆਂ ਵਿਰੁੱਧ ਰੋਸ ਪ੍ਰਦਰਸ਼ਨ ਜਾਰੀ ਰਹੇਗੀ। ਇਸ ਰੈਲੀ ਵਿਚ ਗੁਰਮੇਲ ਸਿੰਘ, ਗੁਰਦੇਵ ਸਿੰਘ, ਨਛੱਤਰ ਸਿੰਘ, ਜਤਿੰਦਰ ਸ਼ਰਮਾ, ਅਮਰਜੀਤ ਸਿੰਘ, ਸਤਨਾਮ ਸਿੰਘ, ਸਿਮਰਨਜੀਤ ਸਿੰਘ, ਕਰਨ ਸਿੰਘ, ਨਰਿੰਦਰ ਸਿੰਘ ਕਮਿਊਨਿਟੀ ਹੈਲਥ ਅਫ਼ਸਰ, ਰਾਜਬੀਰ ਸਿੰਘ, ਗੁਰਮੇਲ ਸਿੰਘ, ਕਮਲਜੀਤ ਸਿੰਘ, ਹਰਮਿੰਦਰ ਸਿੰਘ ਤਲਵਾੜ, ਮਨਿੰਦਰਜੀਤ ਸਿੰਘ, ਅਮਰਿੰਦਰ ਜੀਤ ਸਿੰਘ, ਪ੍ਰਵੀਨ ਕੁਮਾਰੀ, ਨੀਰਜ ਬਾਲਾ, ਸ਼ਵੇਤਾ, ਗੀਤਾਂਜਲੀ, ਸੀਮਾ, ਰਜਨੀ, ਕੋਮਲ ਆਦਿ ਰੈਲੀ ਸਮੇਂ ਹਾਜ਼ਰ ਸਨ।
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵਲੋਂ ਫਿਲਮ ‘ਸਤਲੁਜ’ ’ਤੇ ਲੱਗੀ ਰੋਕ ਹਟਾਉਣ ਦੀ ਮੰਗ ਅਗਲੀ ਖ਼ਬਰ ਪੰਜਾਬ ਪੈਨਸ਼ਨਰਜ਼ ਯੂਨੀਅਨ ਹੁਸ਼ਿਆਰਪੁਰ ਦੀ ਮਹੀਨਾਵਾਰ ਮੀਟਿੰਗ ਹੋਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।