ਗੁਰੂਹਰਸਹਾਏ, 24 ਜੁਲਾਈ (ਕਪਿਲ ਕੰਧਾਰੀ)-ਨਾਰਦਰਨ ਰੇਲਵੇ ਪੈਸੇਂਜਰ ਸਮਿਤੀ ਗੁਰੂਹਰਸਹਾਏ ਵਲੋਂ ਸਮੇਂ ਸਮੇਂ ’ਤੇ ਯਾਤਰੀਆਂ ਦੀਆ ਮੁਸ਼ਕਿਲਾਂ ਦਾ ਹੱਲ ਕਰਨ ਦੇ ਲਈ ਯਤਨ ਕੀਤੇ ਜਾਂਦੇ ਹਨ, ਉਸੇ ਦੇ ਤਹਿਤ ਗੁਰੂਹਰਸਹਾਏ ਰੇਲਵੇ ਸਟੇਸ਼ਨ ’ਤੇ ਯਾਤਰੀਆਂ ਨੂੰ ਪੇਸ਼ ਆ ਰਹੀਆਂ ਵੱਖ-ਵੱਖ ਸਮੱਸਿਆਵਾਂ ਸਬੰਧੀ ਸਟੇਸ਼ਨ ਮਾਸਟਰ ਪਰਸ਼ੋਤਮ ਕੁਮਾਰ ਨੂੰ ਮੰਗ ਪੱਤਰ ਸੌਂਪਿਆ ਗਿਆ।ਇਸ ਮੌਕੇ ਨਾਰਦਰਨ ਰੇਲਵੇ ਪੈਸੇਂਜਰ ਸਮਿਤੀ ਗੁਰੂਹਰਸਹਾਏ ਦੇ ਪ੍ਰਧਾਨ ਅਤੇ ਜ਼ੋਨ ਦੇ ਵਾਈਸ ਪ੍ਰਧਾਨ ਚਰਨਜੀਤ ਸਿੰਘ ਮੱਕੜ ਅਤੇ ਸਮਿਤੀ ਦੇ ਨੁਮਾਇੰਦਿਆਂ ਮੂਲ ਚੰਦ ,ਸੁਰਿੰਦਰ ਕੁਮਾਰ, ਵਿੱਕੀ ਵੋਹਰਾ,ਕ੍ਰਿਸ਼ਨ ਲਾਲ,ਅਸ਼ੋਕ ਕੁਮਾਰ,ਪ੍ਰੇਮ ਕੁਮਾਰ ਗੱਖੜ ਨੇ ਦੱਸਿਆ ਕਿ ਰੇਲਵੇ ਸਟੇਸ਼ਨ ’ਤੇ ਯਾਤਰੀਆਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਵਿਚ ਖਾਸ ਤੌਰ ’ਤੇ ਪੀਣ ਵਾਲੇ ਸਾਫ਼ ਪਾਣੀ ਦੀ ਸਮੱਸਿਆ ਅਤੇ ਯਾਤਰੀਆਂ ਦੇ ਬੈਠਣ ਲਈ ਲੋੜੀਂਦੀਆਂ ਸੁਵਿਧਾਵਾਂ ਦੀ ਘਾਟ ਮੁੱਖ ਹਨ। ਸਟੇਸ਼ਨ ਮਾਸਟਰ ਪਰਸ਼ੋਤਮ ਕੁਮਾਰ ਨੇ ਸਮਿਤੀ ਦੇ ਨੁਮਾਇੰਦਿਆਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਵਲੋਂ ਦਿੱਤੇ ਗਏ ਮੰਗ ਪੱਤਰ ਵਿਚ ਦਰਜ ਸਮੱਸਿਆਵਾਂ ਨੂੰ ਸਬੰਧਤ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ ਜਾਵੇਗਾ ਅਤੇ ਸੰਭਵ ਹੱਲ ਲਈ ਯਤਨ ਕੀਤੇ ਜਾਣਗੇ।