ਕਵੀ ਦਰਬਾਰ ਕਰਵਾਇਆ
ਅਬੋਹਰ, 16 ਸਤੰਬਰ (ਤੇਜਿੰਦਰ ਸਿੰਘ ਖ਼ਾਲਸਾ)-2 ਵਾਰ ਸੰਸਦ ਮੈਂਬਰ ਰਹੇ ਸੰਤ ਸਵਾਮੀ ਕੇਸ਼ਵਾਨੰਦ ਦੀ 54ਵੀਂ ਬਰਸੀ ਤੇ ਹਿੰਦੀ ਦਿਵਸ ਨੂੰ ਸਮਰਪਿਤ ਕਵੀ ਦਰਬਾਰ ਸਥਾਨਕ ਸਾਹਿੱਤ ਸਦਨ ਵਿਖੇ ਕਰਵਾਇਆ ਗਿਆ। ਇਸ ਮੌਕੇ ਸਵਾਮੀ ਕੇਸ਼ਵਾਨੰਦ ਦੇ ਜਨਮ ਸਥਾਨ ਮੰਗਲੂਣਾ ਤੋਂ ਚਾਰ ਪਤਵੰਤੇ ਵਿਅਕਤੀਆਂ ਦੀ ਟੀਮ ਪਹਿਲੀ ਵਾਰ ਅਬੋਹਰ ਪੁੱਜੀ ਅਤੇ ਸਮਾਗਮ ਵਿਚ ਸ਼ਮੂਲੀਅਤ ਕੀਤੀ।
ਅਬੋਹਰ, 16 ਸਤੰਬਰ (ਤੇਜਿੰਦਰ ਸਿੰਘ ਖ਼ਾਲਸਾ)-2 ਵਾਰ ਸੰਸਦ ਮੈਂਬਰ ਰਹੇ ਸੰਤ ਸਵਾਮੀ ਕੇਸ਼ਵਾਨੰਦ ਦੀ 54ਵੀਂ ਬਰਸੀ ਤੇ ਹਿੰਦੀ ਦਿਵਸ ਨੂੰ ਸਮਰਪਿਤ ਕਵੀ ਦਰਬਾਰ ਸਥਾਨਕ ਸਾਹਿੱਤ ਸਦਨ ਵਿਖੇ ਕਰਵਾਇਆ ਗਿਆ। ਇਸ ਮੌਕੇ ਸਵਾਮੀ ਕੇਸ਼ਵਾਨੰਦ ਦੇ ਜਨਮ ਸਥਾਨ ਮੰਗਲੂਣਾ ਤੋਂ ਚਾਰ ਪਤਵੰਤੇ ਵਿਅਕਤੀਆਂ ਦੀ ਟੀਮ ਪਹਿਲੀ ਵਾਰ ਅਬੋਹਰ ਪੁੱਜੀ ਅਤੇ ਸਮਾਗਮ ਵਿਚ ਸ਼ਮੂਲੀਅਤ ਕੀਤੀ। ਮੰਗਲੂਣਾ ਤੋਂ ਆਈ ਟੀਮ ਦੀ ਅਗਵਾਈ ਸਿੱਖਿਆ ਸ਼ਾਸਤਰੀ ਰਾਮ ਸਰੂਪ ਢਾਕਾ ਨੇ ਕੀਤੀ। ਉਨ੍ਹਾਂ ਦੱਸਿਆ ਕਿ ਬਿਰਮਾ, ਜੋ ਬਾਅਦ ਵਿਚ ਸਵਾਮੀ ਕੇਸ਼ਵਾਨੰਦ ਦੇ ਨਾਂਅ ਨਾਲ ਪ੍ਰਸਿੱਧ ਹੋਏ, ਦਾ ਜਨਮ ਸਾਲ 1883 ਵਿਚ ਰਾਜਸਥਾਨ ਦੇ ਸੀਕਰ ਜ਼ਿਲ੍ਹੇ ਦੇ ਪਿੰਡ ਮੰਗਲੂਣਾ ਵਿਖੇ ਹੋਇਆ ਸੀ। ਉਨ੍ਹਾਂ ਦੇ ਪਿਤਾ ਠਾਕਰਸੀ ਦਾ 1890 ਵਿਚ ਦੇਹਾਂਤ ਹੋ ਗਿਆ ਸੀ, ਜਦੋਂ ਕਿ ਕੇਸ਼ਵਾਨੰਦ ਉਸ ਸਮੇਂ ਕੇਵਲ 7 ਸਾਲ ਦੇ ਸਨ। ਸਾਲ 1899 ਦੇ ਭਿਆਨਕ ਅਕਾਲ ਦੌਰਾਨ ਉਨ੍ਹਾਂ ਦੀ ਮਾਤਾ ਸਰਨ ਵੀ ਇਸ ਦੁਨੀਆ ਤੋਂ ਚਲਾਣਾ ਕਰ ਗਏ। ਰਾਮ ਸਰੂਪ ਢਾਕਾ ਨੇ ਦੱਸਿਆ ਕਿ ਉਸ ਸਮੇਂ ਅਕਾਲ ਦੀ ਸਥਿਤੀ ਇੰਨੀ ਭਿਆਨਕ ਸੀ ਕਿ ਧਰਤੀ ਤੇ ਹਰਿਆਲੀ ਦਾ ਨਾਮੋ-ਨਿਸ਼ਾਨ ਨਹੀਂ ਸੀ ਤੇ ਪਾਣੀ ਦੀ ਵੀ ਭਾਰੀ ਕਮੀ ਪੈਦਾ ਹੋ ਗਈ ਸੀ। ਚਾਰੇ ਦੀ ਘਾਟ ਕਾਰਨ ਪਸ਼ੂ ਮਰਨ ਲੱਗ ਪਏ ਸਨ ਤੇ ਲੋਕ ਘਾਹ ਅਤੇ ਖੇਜੜੀ ਦੇ ਦਰਖਤਾਂ ਦੀ ਛਿੱਲ ਖਾ ਕੇ ਗੁਜ਼ਾਰਾ ਕਰਨ ਲਈ ਮਜਬੂਰ ਸਨ। ਹਾਲਾਤ ਹੋਰ ਵਿਗੜਨ ਕਾਰਨ ਬਿਰਮਾ ਨੂੰ ਮਾਰੂਥਲ ਇਲਾਕਾ ਛੱਡ ਕੇ ਪੰਜਾਬ ਵੱਲ ਆਉਣਾ ਪਿਆ ਤੇ ਇਸੇ ਦੌਰਾਨ ਉਹ ਫ਼ਾਜ਼ਿਲਕਾ ਪੁੱਜੇ। ਉਨ੍ਹਾਂ ਕਿਹਾ ਕਿ ਸਵਾਮੀ ਕੇਸ਼ਵਾਨੰਦ ਨੇ ਅਬੋਹਰ ਵਿਚ ਸਾਹਿੱਤ ਸਦਨ, ਸੰਗਰੀਆ ਵਿਖੇ ਗ੍ਰਾਮੋਤਥਾਨ ਵਿੱਦਿਆ-ਪੀਠ ਤੇ ਰਾਜਸਥਾਨ ਵਿਚ ਕਰੀਬ 250 ਸਕੂਲ ਸਥਾਪਤ ਕਰਕੇ ਸਿੱਖਿਆ ਦੇ ਖੇਤਰ ਵਿਚ ਵੱਡਾ ਯੋਗਦਾਨ ਪਾਇਆ। ਉਨ੍ਹਾਂ ਦਾ ਸਿੱਖਿਆ ਅਤੇ ਸਮਾਜ ਸੁਧਾਰ ਦਾ ਮਿਸ਼ਨ ਅੱਜ ਵੀ ਲੋਕਾਂ ਲਈ ਪ੍ਰੇਰਨਾ ਦਾ ਸਰੋਤ ਹੈ। ਮੰਗਲੂਣਾ ਤੋਂ ਪੁੱਜੇ ਰਾਮ ਸਰੂਪ ਢਾਕਾ, ਹਰਫੂਲ ਸਿੰਘ ਖਿੱਚੜ, ਸੁਲਤਾਨ ਸਿੰਘ ਜਾਂਗੜ ਤੇ ਰਣਜੀਤ ਸਿੰਘ ਢਾਕਾ ਦਾ ਸਾਹਿੱਤ ਸਦਨ ਦੇ ਮੁੱਖ ਸਰਪ੍ਰਸਤ ਰਵੀਕਾਂਤ ਰਿਣਵਾ, ਪ੍ਰਧਾਨ ਸੂਰਜ ਕਾਂਤ ਰਿਣਵਾ ਤੇ ਸਕੱਤਰ ਸੰਜੀਵ ਵਰਮਾ ਵਲੋਂ ਬੈਜ ਲਗਾ ਕੇ ਸਵਾਗਤ ਕੀਤਾ ਗਿਆ। ਉਪਰੰਤ ਸਾਰਿਆਂ ਨੇ ਸਵਾਮੀ ਕੇਸ਼ਵਾਨੰਦ ਦੀ ਪ੍ਰਤਿਮਾ ’ਤੇ ਫੁੱਲ ਭੇਟ ਕਰਕੇ ਸ਼ਰਧਾਂਜਲੀ ਦਿੱਤੀ। ਸਵਾਗਤੀ ਭਾਸ਼ਣ ਦੌਰਾਨ ਲੇਖਕ ਪ੍ਰੀਸ਼ਦ ਦੇ ਪ੍ਰਧਾਨ ਰਾਜ ਸਦੋਸ਼ ਤੇ ਸਾਹਿੱਤ ਸਦਨ ਦੇ ਇੰਚਾਰਜ ਡਾ.ਸੰਦੀਪ ਵਾਟਸ ਨੇ ਕਿਹਾ ਕਿ ਸਵਾਮੀ ਕੇਸ਼ਵਾਨੰਦ ਦੇ ਜਨਮ ਸਥਾਨ ਮੰਗਲੂਣਾ ਤੋਂ ਪਤਵੰਤੇ ਵਿਅਕਤੀਆਂ ਦਾ ਅਬੋਹਰ ਆਉਣਾ ਸਮਾਗਮ ਨੂੰ ਯਾਦਗਾਰ ਤੇ ਪ੍ਰੇਰਨਾਦਾਇਕ ਬਣਾਉਂਦਾ ਹੈ। ਕਵੀ ਦਰਬਾਰ ਦਾ ਸੁਚੱਜਾ ਸੰਚਾਲਨ ਅਸੀਮ ਵਾਟਸ ਨੇ ਕੀਤਾ। ਇਸ ਵਿਚ ਪ੍ਰੋ.ਕਿਰਨ ਗਰੋਵਰ, ਮਨਰੀਤ ਕੌਰ, ਭਵਿਆ ਵਰਮਾ, ਰਿਜ਼ਵੀ ਚੋਪੜਾ, ਸੋਨਮ, ਸੰਜੀਵ ਭਾਰਦਵਾਜ, ਵਰਿੰਦਰ ਵੀ.ਕੇ., ਗੌਰਵ ਬੁਲੰਦੀ, ਅਭਿਜੀਤ ਵਧਵਾ, ਸੰਦੀਪ ਬਿਸ਼ਨੋਈ, ਬਲਰਾਮ ਜ਼ਿੰਦਗੀਕਰ ਤੇ ਸੰਦੀਪ ਕੁਮਾਰ ਜੈਨ ਸਮੇਤ ਕਵੀਆਂ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਇਸ ਮੌਕੇ ਕਵੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਅੰਤ ਵਿਚ ਰਾਜ ਸਦੋਸ਼ ਤੇ ਸਿੱਖਿਆ ਸ਼ਾਸਤਰੀ ਸਰੋਜ ਨਾਗਪਾਲ ਨੇ ਵੀ ਮੰਗਲੂਣਾ ਤੋਂ ਆਏ ਮਹਿਮਾਨਾਂ ਦੇ ਸਨਮਾਨ ਵਿਚ ਸ਼ਮੂਲੀਅਤ ਕੀਤੀ।